ਅਡਾਨੀ ਗਰੁੱਪ ਨੂੰ ਵੱਡਾ ਝਟਕਾ! ਸਭ ਤੋਂ ਵੱਡੇ ਵਿਦੇਸ਼ੀ ਨਿਵੇਸ਼ਕ ਨੇ ਦਿਖਾਈ ਪਿੱਠ, ਵਧਣਗੀਆਂ ਮੁਸ਼ਕਿਲਾਂ
ਟੋਟਲ ਐਨਰਜੀਜ਼ ਦੇ ਸੀਈਓ ਨੇ ਕਿਹਾ, "ਸਪੱਸ਼ਟ ਤੌਰ 'ਤੇ ਹਾਈਡ੍ਰੋਜਨ ਪ੍ਰੋਜੈਕਟ ਉਦੋਂ ਤੱਕ ਰੋਕਿਆ ਜਾਵੇਗਾ ਜਦੋਂ ਤੱਕ ਅਸੀਂ ਹਿੰਡਨਬਰਗ ਵੱਲੋਂ ਲਗਾਏ ਗਏ ਦੋਸ਼ਾਂ 'ਤੇ ਅਡਾਨੀ ਗਰੁੱਪ ਤੋਂ ਸਪੱਸ਼ਟਤਾ ਨਹੀਂ ਲੈ ਲੈਂਦੇ।"
ਨਵੀਂ ਦਿੱਲੀ : ਅਡਾਨੀ ਗਰੁੱਪ (Adani Group) ਨੂੰ ਫਰਾਂਸ ਦੀ ਟੋਟਲ ਐਨਰਜੀਜ਼ (Total Energies) ਨੇ ਵੱਡਾ ਝਟਕਾ ਦਿੱਤਾ ਹੈ। ਟੋਟਲ ਐਨਰਜੀਜ਼ ਨੇ ਕਿਹਾ ਕਿ ਉਨ੍ਹਾਂ ਨੇ ਅਡਾਨੀ ਗਰੁੱਪ ਦੇ 50 ਬਿਲੀਅਨ ਡਾਲਰ ਦੇ ਹਾਈਡ੍ਰੋਜਨ ਪ੍ਰੋਜੈਕਟ 'ਚ ਨਿਵੇਸ਼ ਨੂੰ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਯੂਐਸ ਸ਼ਾਰਟ ਸੇਲਰ ਵੱਲੋਂ ਲਗਾਏ ਗਏ ਇਲਜ਼ਾਮਾਂ 'ਤੇ ਆਡਿਟ ਦੇ ਨਤੀਜੇ ਤੱਕ ਇਕਰਾਰਨਾਮੇ 'ਤੇ ਹਸਤਾਖਰ ਨਹੀਂ ਕਰਨਗੇ। ਟੋਟਲ ਐਨਰਜੀਜ਼ ਅਡਾਨੀ ਗਰੁੱਪ 'ਚ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ। ਫਰਾਂਸ ਦੀ ਤੇਲ ਕੰਪਨੀ ਅਡਾਨੀ ਗਰੁੱਪ ਦੇ ਹਾਈਡ੍ਰੋਜਨ ਵੈਂਚਰ 'ਚ 25 ਫ਼ੀਸਦੀ ਹਿੱਸੇਦਾਰੀ ਲੈਣ ਵਾਲੀ ਸੀ। ਅਡਾਨੀ ਗਰੁੱਪ ਨਾਲ ਭਾਈਵਾਲੀ ਦਾ ਐਲਾਨ ਪਿਛਲੇ ਸਾਲ ਜੂਨ 'ਚ ਕੀਤਾ ਗਿਆ ਸੀ। ਪਰ ਟੋਟਲ ਐਨਰਜੀਜ਼ ਨੇ ਅਜੇ ਤੱਕ ਇਕਰਾਰਨਾਮੇ 'ਤੇ ਦਸਤਖ਼ਤ ਨਹੀਂ ਕੀਤੇ ਹਨ। ਇਸ ਫਰਾਂਸੀਸੀ ਗਰੁੱਪ ਦੇ ਸੀਈਓ Patrick Pouyanne ਨੇ ਇਹ ਗੱਲ ਕਹੀ ਹੈ।
ਹਿੰਡਨਬਰਗ ਦੇ ਦੋਸ਼ਾਂ 'ਤੇ ਸਪੱਸ਼ਟਤਾ ਦਾ ਹੈ ਇੰਤਜ਼ਾਰ
ਟੋਟਲ ਐਨਰਜੀਜ਼ ਦੇ ਸੀਈਓ ਨੇ ਕਿਹਾ, "ਸਪੱਸ਼ਟ ਤੌਰ 'ਤੇ ਹਾਈਡ੍ਰੋਜਨ ਪ੍ਰੋਜੈਕਟ ਉਦੋਂ ਤੱਕ ਰੋਕਿਆ ਜਾਵੇਗਾ ਜਦੋਂ ਤੱਕ ਅਸੀਂ ਹਿੰਡਨਬਰਗ ਵੱਲੋਂ ਲਗਾਏ ਗਏ ਦੋਸ਼ਾਂ 'ਤੇ ਅਡਾਨੀ ਗਰੁੱਪ ਤੋਂ ਸਪੱਸ਼ਟਤਾ ਨਹੀਂ ਲੈ ਲੈਂਦੇ।" ਉਨ੍ਹਾਂ ਕਿਹਾ, "ਇਸ ਪ੍ਰੋਜੈਕਟ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਇਕਰਾਰਨਾਮੇ 'ਤੇ ਦਸਤਖਤ ਨਹੀਂ ਹੋਏ ਸਨ। ਫਿਲਹਾਲ ਇਸ 'ਤੇ ਦਸਤਖਤ ਨਹੀਂ ਕੀਤੇ ਜਾਣਗੇ। ਜਦੋਂ ਤੱਕ ਕੋਈ ਸਪੱਸ਼ਟਤਾ ਨਹੀਂ ਹੁੰਦੀ, ਉਦੋਂ ਤੱਕ ਹੋਰ ਨਿਵੇਸ਼ ਦਾ ਕੋਈ ਮਤਲਬ ਨਹੀਂ ਹੈ।"
ਅਡਾਨੀ ਗਰੁੱਪ ਦਾ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ
ਟੋਟਲ ਐਨਰਜੀਜ਼ ਅਰਬਪਤੀ ਗੌਤਮ ਅਡਾਨੀ ਦੇ ਕਾਰੋਬਾਰਾਂ 'ਚ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ। ਇਸ ਨੇ ਪਹਿਲਾਂ ਗਰੁੱਪ ਦੇ ਰਿਨਿਊਏਬਲ ਐਨਰਜੀ ਵੈਂਚਰ ਅਡਾਨੀ ਗ੍ਰੀਨ ਐਨਰਜੀ, ਸਿਟੀ ਗੈਸ ਯੂਨਿਟ ਅਤੇ ਅਡਾਨੀ ਟੋਟਲ ਗੈਸ 'ਚ ਹਿੱਸੇਦਾਰੀ ਲਈ ਸੀ। ਅਡਾਨੀ ਗਰੁੱਪ ਦੀ ਕੰਪਨੀ ਗ੍ਰੀਨ ਹਾਈਡ੍ਰੋਜਨ ਇਕੋਸਿਸਟਮ 'ਚ 10 ਸਾਲਾਂ 'ਚ 50 ਅਰਬ ਡਾਲਰ ਨਿਵੇਸ਼ ਕਰ ਰਹੀ ਹੈ। ਇਸ 'ਚ ਸਾਲ 2030 ਤੋਂ ਪਹਿਲਾਂ 10 ਲੱਖ ਟਨ ਦੀ ਸ਼ੁਰੂਆਤੀ ਉਤਪਾਦਨ ਸਮਰੱਥਾ ਵੀ ਸ਼ਾਮਲ ਹੈ।
ਅਡਾਨੀ ਗਰੁੱਪ ਦੀ ਵੱਧ ਗਈ ਮੁਸੀਬਤ
ਟੋਟਲ ਐਨਰਜੀ ਦੇ ਇਸ ਐਲਾਨ ਨਾਲ ਅਡਾਨੀ ਗਰੁੱਪ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਵਿਰੋਧੀ ਪਾਰਟੀਆਂ ਅਡਾਨੀ ਨੂੰ ਲੈ ਕੇ ਸੰਸਦ 'ਚ ਸਰਕਾਰ ਨੂੰ ਘੇਰ ਰਹੀਆਂ ਹਨ। ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰ ਮੂੰਹ ਭਾਰ ਡਿੱਗ ਰਹੇ ਸਨ। ਹਾਲਾਂਕਿ ਹੁਣ ਅਡਾਨੀ ਗਰੁੱਪ ਦੇ ਕਈ ਸ਼ੇਅਰ ਉੱਪਰ ਵੱਲ ਰੁਖ ਕਰ ਰਹੇ ਹਨ। ਬੁੱਧਵਾਰ ਨੂੰ ਅਡਾਨੀ ਗਰੁੱਪ ਦੀਆਂ ਚਾਰ ਕੰਪਨੀਆਂ 'ਚ ਅੱਪਰ ਸਰਕਟ ਲਗਾਇਆ ਗਿਆ। ਇਸ ਦੇ ਨਾਲ ਹੀ ਅਡਾਨੀ ਇੰਟਰਪ੍ਰਾਈਜਿਜ਼ ਦਾ ਸਟਾਕ 20 ਫ਼ੀਸਦੀ ਅਤੇ ਅਡਾਨੀ ਪੋਰਟ ਦਾ ਸ਼ੇਅਰ 8 ਫ਼ੀਸਦੀ ਦੇ ਵਾਧੇ ਨਾਲ ਬੰਦ ਹੋਇਆ।