ਬਜਟ 2021: ਵਿੱਤ ਮੰਤਰੀ ਵੱਲੋਂ ਸੀਨੀਅਰ ਸਿਟੀਜ਼ਨਸ ਨੂੰ ਵੱਡੀ ਰਾਹਤ, ਟੈਕਸ ਬਾਰੇ ਪੜ੍ਹੋ ਹੋਰ ਐਲਾਨ
85 ਹਜ਼ਾਰ ਕਰੋੜ ਰੁਪਏ ਦੇ ਟੈਕਸ ਡਿਸਪਿਊਟ ਹਾਲ ਹੀ 'ਚ ਖਤਮ ਹੋਏ ਹਨ। ਡਿਸਪਿਊਟ ਰੈਜ਼ੋਲੂਸ਼ਨ ਕਮੇਟੀ ਬਣਾਈ ਜਾਵੇਗੀ।
ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਾਅਦ ਅੱਜ ਦੇਸ਼ ਦਾ ਆਮ ਬਜਟ ਐਲਾਨਿਆ ਜਾ ਰਿਹਾ ਹੈ। ਇਸ ਬਜਟ 'ਚ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਚੁੱਕੇ ਹਨ। ਟੈਕਸ ਨਾਲ ਸਬੰਧਤ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਈ ਐਲਾਨ ਕੀਤੇ। ਉਨ੍ਹਾਂ ਕਿਹਾ ਆਜ਼ਾਦੀ ਦੀ 75ਵੀਂ ਵਰ੍ਹੇਗੰਢ 'ਤੇ ਅਸੀਂ 75 ਸਾਲ ਤੇ ਉਸ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਰਾਹਤ ਦੇਣਾ ਚਾਹੁੰਦੇ ਹਾਂ। ਉਨ੍ਹਾਂ ਨੂੰ ਹੁਣ IT ਰਿਟਰਨ ਫਾਈਲ ਨਹੀਂ ਭਰਨੀ ਪਵੇਗੀ।
ਮੌਜੂਦਾ ਸਮੇਂ ਟੈਕਸ ਰੀਅਸੈਸਮੈਂਟ 6 ਸਾਲ ਤੇ ਗੰਭੀਰ ਮਾਮਲਿਆਂ 'ਚ 10 ਸਾਲ ਬਾਅਦ ਵੀ ਕੇਸ ਖੋਲ੍ਹੇ ਜਾ ਸਕਦੇ ਸਨ। ਹੁਣ ਇਸ ਨੂੰ ਘਟਾ ਕੇ ਤਿੰਨ ਸਾਲ ਕੀਤਾ ਜਾ ਰਿਹਾ ਹੈ। ਗੰਭੀਰ ਮਾਮਲਿਆਂ 'ਚ ਜਦੋਂ ਇਕ ਸਾਲ 'ਚ 50 ਲੱਖ ਤੋਂ ਜ਼ਿਆਦਾ ਦੀ ਕਮਾਈ ਲੁਕਾਉਣ ਦੀ ਗੱਲ ਹੋਵੇਗੀ ਤਾਂ 10 ਸਾਲ ਤਕ ਕੇਸ ਖੋਲ੍ਹੇ ਜਾ ਸਕਣਗੇ। ਕਮਿਸ਼ਨਰ ਇਸ ਦੀ ਮਨਜੂਰੀ ਦੇਣਗੇ।
85 ਹਜ਼ਾਰ ਕਰੋੜ ਰੁਪਏ ਦੇ ਟੈਕਸ ਡਿਸਪਿਊਟ ਹਾਲ ਹੀ 'ਚ ਖਤਮ ਹੋਏ ਹਨ। ਡਿਸਪਿਊਟ ਰੈਜ਼ੋਲੂਸ਼ਨ ਕਮੇਟੀ ਬਣਾਈ ਜਾਵੇਗੀ। 50 ਲੱਖ ਤਕ ਦੀ ਇਨਕਮ 'ਤੇ 10 ਲੱਖ ਤਕ ਦੀ ਵਿਵਾਦਤ ਇਨਕਮ ਵਾਲੇ ਲੋਕ ਇਸ ਕਮੇਟੀ ਦੇ ਕੋਲ ਜਾ ਸਕਣਗੇ। ਨੈਸ਼ਨਲ ਫੇਸਲੈਸ ਅਪੀਲੇਟ ਟ੍ਰਿਬਿਊਨਲ ਬਣੇਗਾ।
ਜੇਕਰ ਕੋਈ ਟਰਨਓਵਰ ਇਕ ਕਰੋੜ ਤੋਂ ਜ਼ਿਆਦਾ ਹੁੰਦੀ ਹੈ ਤਾਂ ਟੈਕਸ ਆਡਿਟ ਕਰਨਾ ਹੋਵੇਗਾ। 95 ਫੀਸਦ ਡਿਜ਼ੀਟਲ ਟ੍ਰਾਂਜ਼ੈਕਸ਼ਨ ਕਰਨ ਵਾਲਿਆਂ ਲਈ ਇਹ ਛੋਟੇ ਵਧਾ ਕੇ ਪਿਛਲੀ ਵਾਰ 5 ਕਰੋੜ ਟਰਨਓਵਰ ਦਿੱਤੀ ਗਈ ਸੀ। ਇਸ ਨੂੰ ਵਧਾ ਕੇ ਹੁਣ 10 ਕਰੋੜ ਕੀਤਾ ਜਾ ਰਿਹਾ ਹੈ।
ਸਾਰਿਆਂ ਲਈ ਘਰ ਸਾਡੇ ਲਈ ਪਹਿਲ ਹੈ। ਹੋਮ ਲੋਨ 'ਤੇ ਵਿਆਜ਼ 'ਚ 1.5 ਲੱਖ ਰੁਪਏ ਦੀ ਕਟੌਤੀ ਦਾ ਪ੍ਰਬੰਧ ਸੀ। ਹੁਣ ਕਿਫਾਇਤੀ ਘਰ ਲਈ ਵਿਆਜ਼ 'ਚ 1.5 ਲੱਖ ਰੁਪਏ ਦੀ ਵਾਧੂ ਛੋਟ 31 ਮਾਰਚ, 2022 ਤਕ ਮਿਲੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ