(Source: ECI/ABP News/ABP Majha)
LPG Price Update : ਪਿਛਲੇ 8 ਸਾਲਾਂ 'ਚ ਢਾਈ ਗੁਣਾ ਮਹਿੰਗਾ ਹੋਇਆ ਸਿਲੰਡਰ, ਸਬਸਿਡੀ ਵੀ ਹੱਥੋਂ ਨਿਕਲੀ
ਅਪ੍ਰੈਲ 2020 'ਚ ਸਰਕਾਰ ਨੇ ਲੌਕਡਾਊਨ ਤੋਂ ਬਾਅਦ ਐਲਪੀਜੀ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਬੰਦ ਕਰ ਦਿੱਤੀ ਸੀ। ਅਪ੍ਰੈਲ 2020 ਤੱਕ ਲੋਕਾਂ ਨੂੰ ਐਲਪੀਜੀ 'ਤੇ 147 ਰੁਪਏ ਦੀ ਸਬਸਿਡੀ ਮਿਲਦੇ ਸਨ। ਪਰ ਮਈ 2020 ਤੋਂ ਬਾਅਦ ਸਬਸਿਡੀ ਬੰਦ ਹੋ ਗਈ ਹੈ।
LPG Price Update: ਰਸੋਈ ਗੈਸ ਦੀਆਂ ਕੀਮਤਾਂ ਖਪਤਕਾਰਾਂ ਲਈ ਮੁਸੀਬਤ ਬਣ ਗਈਆਂ ਹਨ। ਪਿਛਲੇ 8 ਸਾਲਾਂ 'ਚ ਇਸ ਦੀਆਂ ਕੀਮਤਾਂ 'ਚ ਢਾਈ ਗੁਣਾ ਵਾਧਾ ਹੋਇਆ ਹੈ। ਮਾਰਚ 2014 'ਚ ਘਰੇਲੂ ਰਸੋਈ ਗੈਸ ਦੀ ਕੀਮਤ 410 ਰੁਪਏ ਪ੍ਰਤੀ ਸਿਲੰਡਰ ਸੀ। ਉਸ ਸਮੇਂ ਲੋਕਾਂ ਦੇ ਖਾਤੇ 'ਚ ਸਿੱਧੀ ਸਬਸਿਡੀ ਦੇ ਕੇ ਕੇਂਦਰ ਸਰਕਾਰ ਆਪਣੇ ਪੱਧਰ 'ਤੇ ਲਾਗਤ ਦਾ ਕੁਝ ਹਿੱਸਾ ਝੱਲਦੀ ਸੀ। ਹੁਣ 8 ਸਾਲਾਂ 'ਚ ਐਲਪੀਜੀ ਦੀ ਕੀਮਤ 1053 ਰੁਪਏ ਹੋ ਗਈ ਹੈ।
ਮਾਰਚ 2015 ਤੋਂ ਖਾਤਿਆਂ 'ਚ ਸਬਸਿਡੀ
ਸੱਤਾ 'ਚ ਆਉਣ ਤੋਂ ਬਾਅਦ ਮੋਦੀ ਸਰਕਾਰ ਨੇ ਰਸੋਈ ਸਿਲੰਡਰ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਸਿੱਧੇ ਖਪਤਕਾਰਾਂ ਦੇ ਖਾਤੇ 'ਚ ਟਰਾਂਸਫਰ ਕਰਨ ਦਾ ਕੰਮ ਸ਼ੁਰੂ ਕੀਤਾ। ਉਦੋਂ ਤੋਂ ਬਾਅਦ ਲੋਕਾਂ ਨੂੰ ਇਕ ਸਾਲ 'ਚ 12 ਰਸੋਈ ਗੈਸ ਸਿਲੰਡਰਾਂ 'ਤੇ ਸਬਸਿਡੀ ਦੇਣ ਦਾ ਨਿਯਮ ਲਾਗੂ ਕੀਤਾ ਗਿਆ। ਇਸ ਤਹਿਤ ਸਿਲੰਡਰ ਬਾਜ਼ਾਰੀ ਕੀਮਤ 'ਤੇ ਮਿਲਦਾ ਸੀ, ਪਰ ਇਸ ਦੇ ਬਦਲੇ ਦਿੱਤੀ ਜਾਂਦੀ 20 ਫ਼ੀਸਦੀ ਤੱਕ ਸਬਸਿਡੀ ਦੀ ਰਕਮ ਸਿੱਧੇ ਖਪਤਕਾਰਾਂ ਦੇ ਖਾਤੇ 'ਚ ਜਮ੍ਹਾ ਹੋ ਜਾਂਦੀ ਸੀ।
2 ਸਾਲ ਪਹਿਲਾਂ ਬੰਦ ਕੀਤੀ ਸਬਸਿਡੀ
ਅਪ੍ਰੈਲ 2020 'ਚ ਸਰਕਾਰ ਨੇ ਲੌਕਡਾਊਨ ਤੋਂ ਬਾਅਦ ਐਲਪੀਜੀ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਬੰਦ ਕਰ ਦਿੱਤੀ ਸੀ। ਅਪ੍ਰੈਲ 2020 ਤੱਕ ਲੋਕਾਂ ਨੂੰ ਐਲਪੀਜੀ 'ਤੇ 147 ਰੁਪਏ ਦੀ ਸਬਸਿਡੀ ਮਿਲਦੇ ਸਨ। ਪਰ ਮਈ 2020 ਤੋਂ ਬਾਅਦ ਸਬਸਿਡੀ ਬੰਦ ਹੋ ਗਈ ਹੈ। ਦੇਸ਼ ਦੇ ਬਹੁਤੇ ਸ਼ਹਿਰਾਂ 'ਚ ਹੁਣ ਸਰਕਾਰ ਵੱਲੋਂ ਗੈਸ ਸਿਲੰਡਰ 'ਤੇ ਸਬਸਿਡੀ ਨਹੀਂ ਦਿੱਤੀ ਜਾ ਰਹੀ ਹੈ। ਇਸ ਲਈ ਹੁਣ ਲੋਕਾਂ ਨੂੰ ਬਗੈਰ ਸਬਸਿਡੀ ਦੇ ਸਿਲੰਡਰ ਖਰੀਦਣੇ ਪੈ ਰਹੇ ਹਨ। ਸਰਕਾਰ ਸਿਰਫ਼ ਉਨ੍ਹਾਂ ਲਾਭਪਾਤਰੀਆਂ ਨੂੰ ਹੀ ਐਲਪੀਜੀ ਸਬਸਿਡੀ ਦੇ ਰਹੀ ਹੈ ਜਿਨ੍ਹਾਂ ਨੇ ਉੱਜਵਲਾ ਸਕੀਮ ਤਹਿਤ ਮੁਫ਼ਤ ਐਲਪੀਜੀ ਕੁਨੈਕਸ਼ਨ ਪ੍ਰਾਪਤ ਕੀਤੇ ਹਨ।
ਪਿਛਲੇ 8 ਸਾਲਾਂ 'ਚ ਇਸ ਤਰ੍ਹਾਂ ਵਧੀਆਂ ਕੀਮਤਾਂ
1 ਮਾਰਚ 2014 ਨੂੰ ਦਿੱਲੀ 'ਚ ਘਰੇਲੂ ਸਿਲੰਡਰ ਦੀ ਕੀਮਤ 410.50 ਰੁਪਏ ਸੀ। 1 ਮਾਰਚ 2015 ਨੂੰ 610 ਰੁਪਏ ਹੋ ਗਈ। ਇਸ ਦੇ ਨਾਲ ਹੀ 1 ਮਾਰਚ 2016 ਨੂੰ ਇਹ ਘੱਟ ਕੇ 513.50 ਰੁਪਏ ਅਤੇ 1 ਮਾਰਚ 2017 ਨੂੰ ਸਿੱਧਾ 737.50 ਰੁਪਏ 'ਤੇ ਆ ਗਿਆ। 1 ਮਾਰਚ 2018 ਨੂੰ 689 ਰੁਪਏ ਅਤੇ 1 ਮਾਰਚ 2019 ਨੂੰ 701.50 ਰੁਪਏ। ਇਸ ਤੋਂ ਬਾਅਦ 1 ਮਾਰਚ 2020 ਨੂੰ ਕੀਮਤ 805.50 ਰੁਪਏ 'ਤੇ ਪਹੁੰਚ ਗਈ। 1 ਮਾਰਚ 2021 ਨੂੰ 819 ਅਤੇ 1 ਮਾਰਚ 2022 ਨੂੰ 899 ਰੁਪਏ ਹੋ ਗਈ। ਹੁਣ ਘਰੇਲੂ ਰਸੋਈ ਗੈਸ ਦੀ ਕੀਮਤ 1053 ਹੋ ਗਈ ਹੈ।