ਮੁਲਾਜ਼ਮਾਂ ਦੀ ਬੱਲੇ-ਬੱਲੇ, ਦਸ਼ਹਿਰੇ ਤੋਂ ਪਹਿਲਾਂ ਦਿੱਤਾ ਤੋਹਫਾ, ਸਰਕਾਰ ਨੇ ਕੀਤਾ ਵੱਡਾ ਐਲਾਨ
ਕੇਂਦਰ ਸਰਕਾਰ ਆਪਣੇ ਗਰੁੱਪ ਸੀ ਅਤੇ ਨਾਨ-ਗਜ਼ਟਿਡ ਗਰੁੱਪ ਬੀ ਦੇ ਕਰਮਚਾਰੀਆਂ ਨੂੰ 30 ਦਿਨਾਂ ਦੀ ਤਨਖਾਹ ਦੇ ਬਰਾਬਰ ਦਾ ਨਾਨ ਪ੍ਰੋਡਕਟੀਵਿਟੀ ਲਿੰਕਡ ਬੋਨਸ (ਐਡ-ਹੌਕ)ਬਾਨਸ ਦੇਵੇਗੀ।

Central Govt Bonus 2025 : ਭਾਰਤ ਵਿੱਚ ਤਿਉਹਾਰਾਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਗਈ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਇੱਕ ਆਦੇਸ਼ ਜਾਰੀ ਕੀਤਾ।
ਹੁਕਮਾਂ ਅਨੁਸਾਰ, ਕੇਂਦਰ ਸਰਕਾਰ ਆਪਣੇ ਗਰੁੱਪ ਸੀ ਅਤੇ ਨਾਨ-ਗਜ਼ਟਿਡ ਗਰੁੱਪ ਬੀ ਕਰਮਚਾਰੀਆਂ ਨੂੰ 30 ਦਿਨਾਂ ਦੀ ਤਨਖਾਹ ਦੇ ਬਰਾਬਰ ਨਾਨ ਪ੍ਰੋਡਕਟੀਵਿਟੀ ਲਿੰਕਡ ਬੋਨਸ (ਐਡ-ਹਾਕ) ਦੇਵੇਗੀ। ਵਿੱਤ ਮੰਤਰਾਲੇ ਨੇ ਐਲਾਨ ਕੀਤਾ ਕਿ ਕਰਮਚਾਰੀਆਂ ਨੂੰ ਵਿੱਤੀ ਸਾਲ 2024-25 ਵਿੱਚ ₹6,908 ਦਾ ਬੋਨਸ ਮਿਲੇਗਾ। ਇਸ ਨਾਲ ਕੇਂਦਰ ਸਰਕਾਰ ਦੇ ਕਰਮਚਾਰੀਆਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ। ਇਸ ਸਰਕਾਰੀ ਹੁਕਮ ਤੋਂ ਬਾਅਦ, ਕਰਮਚਾਰੀ ਆਪਣੀ ਬੋਨਸ ਰਕਮ ਨੂੰ ਲੈਕੇ ਕਾਫੀ ਉਤਸ਼ਾਹਿਤ ਹਨ।
ਕਿਹੜੇ ਮੁਲਾਜ਼ਮਾਂ ਨੂੰ ਮਿਲੇਗਾ ਆਹ ਬੋਨਸ?
ਸਰਕਾਰ ਨੇ ਐਲਾਨ ਕੀਤਾ ਕਿ ਜਿਹੜੇ ਕਰਮਚਾਰੀ 31 ਮਾਰਚ, 2025 ਤੱਕ ਸੇਵਾ ਵਿੱਚ ਹਨ ਅਤੇ ਘੱਟੋ-ਘੱਟ ਛੇ ਮਹੀਨਿਆਂ ਤੋਂ ਲਗਾਤਾਰ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਇਹ ਬੋਨਸ ਮਿਲੇਗਾ।
ਕੇਂਦਰੀ ਅਰਧ ਸੈਨਿਕ ਬਲਾਂ ਅਤੇ ਹਥਿਆਰਬੰਦ ਸੈਨਾਵਾਂ ਦੇ ਸਾਰੇ ਕਰਮਚਾਰੀਆਂ ਨੂੰ ਇਹ ਬੋਨਸ ਮਿਲੇਗਾ। ਇਸ ਤੋਂ ਇਲਾਵਾ, ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕਰਮਚਾਰੀਆਂ, ਜਿਹੜੇ ਕੇਂਦਰ ਸਰਕਾਰ ਦੇ ਤਨਖਾਹ ਢਾਂਚੇ ਦੇ ਬਰਾਬਰ ਤਨਖਾਹ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਵੀ ਇਹ ਬੋਨਸ ਮਿਲੇਗਾ।
ਜਿਨ੍ਹਾਂ ਕਰਮਚਾਰੀਆਂ ਨੇ ਪੂਰਾ ਸਾਲ ਸਰਵਿਸ ਕੀਤੀ ਹੈ, ਉਨ੍ਹਾਂ ਨੂੰ ₹6,908 ਦਾ ਬੋਨਸ ਮਿਲੇਗਾ। ਜਿਨ੍ਹਾਂ ਨੇ ਪੂਰੇ 12 ਮਹੀਨੇ ਕੰਮ ਨਹੀਂ ਕੀਤਾ ਹੈ, ਉਨ੍ਹਾਂ ਨੂੰ ਪ੍ਰੋ ਰੇਟਾ (ਕੰਮ ਕੀਤੇ ਮਹੀਨੇ) ਦੇ ਆਧਾਰ 'ਤੇ ਬੋਨਸ ਮਿਲੇਗਾ।
ਸਰਕਾਰ ਨੇ ਐਡਹਾਕ ਅਤੇ ਕੈਜ਼ੂਅਲ ਕਰਮਚਾਰੀਆਂ ਲਈ ਵੀ ਬੋਨਸ ਦਾ ਐਲਾਨ ਕੀਤਾ ਹੈ। ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਸਰਵਿਸ ਕਰਨ ਵਾਲੇ ਕੈਜ਼ੂਅਲ ਕਰਮਚਾਰੀਆਂ ਨੂੰ ₹1,184 ਦਾ ਬੋਨਸ ਮਿਲੇਗਾ।
ਸਰਕਾਰੀ ਹੁਕਮ ਦੇ ਅਨੁਸਾਰ, ਐਡ-ਹੌਕ ਬੋਨਸ ਭੁਗਤਾਨਾਂ ਦੀ ਗਣਨਾ ਕਰਨ ਦੀ ਵੱਧ ਤੋਂ ਵੱਧ ਸੀਮਾ ₹7,000 ਦੀ ਮਾਸਿਕ ਤਨਖਾਹ 'ਤੇ ਨਿਰਧਾਰਤ ਕੀਤੀ ਗਈ ਹੈ। ਬੋਨਸ ਦੀ ਗਣਨਾ ਕਰਮਚਾਰੀ ਦੀ ਔਸਤ ਤਨਖਾਹ/ਵੱਧ ਤੋਂ ਵੱਧ ਗਣਨਾ ਕੀਤੀ ਸੀਮਾ, ਜੋ ਵੀ ਘੱਟ ਹੋਵੇ, ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਗਣਨਾ ਦੇ ਅਨੁਸਾਰ, ਜੇਕਰ ਕੋਈ ਕਰਮਚਾਰੀ ₹7,000 ਮਹੀਨਾਵਾਰ ਪ੍ਰਾਪਤ ਕਰਦਾ ਹੈ, ਤਾਂ 30 ਦਿਨਾਂ ਦਾ ਬੋਨਸ ਲਗਭਗ ₹6,907 ਹੋਵੇਗਾ। ਇਸ ਫੈਸਲੇ ਨਾਲ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਲਾਭ ਹੋਵੇਗਾ ਅਤੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਉਨ੍ਹਾਂ ਦੇ ਘਰਾਂ ਵਿੱਚ ਖੁਸ਼ੀ ਆਵੇਗੀ।






















