Windfall Tax: ਕੇਂਦਰ ਸਰਕਾਰ ਨੇ ਵਧਾਇਆ ਕੱਚੇ ਤੇਲ 'ਤੇ ਵਿੰਡਫਾਲ ਟੈਕਸ, ਡੀਜ਼ਲ-ਪੈਟਰੋਲ ਤੇ ATF 'ਚ ਨਹੀਂ ਹੋਇਆ ਕੋਈ ਬਦਲਾਅ
Windfall Tax on Crude: ਕੇਂਦਰ ਸਰਕਾਰ ਨੇ ਕੱਚੇ ਤੇਲ 'ਤੇ ਵਿੰਡਫਾਲ ਟੈਕਸ ਨੂੰ ਫਿਰ ਤੋਂ ਵਧਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਡੀਜ਼ਲ, ਪੈਟਰੋਲ ਅਤੇ ATF ਦੇ ਮਾਮਲੇ 'ਚ ਟੈਕਸ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਕੇਂਦਰ ਸਰਕਾਰ (Central government) ਨੇ ਸ਼ਨੀਵਾਰ ਨੂੰ ਕੱਚੇ ਤੇਲ 'ਤੇ ਵਿੰਡਫਾਲ ਟੈਕਸ ਵਧਾ ਦਿੱਤਾ ਹੈ। ਹੁਣ ਕੱਚੇ ਤੇਲ 'ਤੇ 3200 ਰੁਪਏ ਪ੍ਰਤੀ ਟਨ ਦੀ ਦਰ ਨਾਲ ਵਿੰਡਫਾਲ ਟੈਕਸ ਲਾਇਆ ਜਾਵੇਗਾ। ਨਵੀਆਂ ਦਰਾਂ ਅੱਜ 3 ਫਰਵਰੀ ਤੋਂ ਲਾਗੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਕੱਚੇ ਤੇਲ (crude oil) 'ਤੇ 1700 ਰੁਪਏ ਪ੍ਰਤੀ ਟਨ ਵਿੰਡਫਾਲ ਟੈਕਸ ਲਾਇਆ ਜਾ ਰਿਹਾ ਸੀ।
ਡੀਜ਼ਲ-ਪੈਟਰੋਲ 'ਤੇ ਟੈਕਸ ਜ਼ੀਰੋ
ਜਦੋਂ ਕਿ ਡੀਜ਼ਲ, ਪੈਟਰੋਲ ਅਤੇ ਹਵਾਬਾਜ਼ੀ ਬਾਲਣ ਦੇ ਮਾਮਲੇ ਵਿੱਚ ਸਰਕਾਰ ਨੇ ਵਿੰਡਫਾਲ ਟੈਕਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ। ਡੀਜ਼ਲ, ਪੈਟਰੋਲ ਅਤੇ ATF 'ਤੇ ਵਿੰਡਫਾਲ ਟੈਕਸ ਦਰਾਂ ਜ਼ੀਰੋ ਸਨ। ਅਗਲੇ ਅਪਡੇਟ ਤੱਕ, ਉਨ੍ਹਾਂ 'ਤੇ ਵਿੰਡਫਾਲ ਟੈਕਸ ਜ਼ੀਰੋ ਰਹਿਣ ਵਾਲਾ ਹੈ।
ਕੀ ਹੈ ਵਿੰਡਫਾਲ ਟੈਕਸ?
ਵਿੰਡਫਾਲ ਟੈਕਸ ਵਾਧੂ ਕਸਟਮ ਡਿਊਟੀ ਦੀ ਇੱਕ ਕਿਸਮ ਹੈ। ਇਸ ਰਾਹੀਂ ਕੱਚੇ ਤੇਲ ਅਤੇ ਹੋਰ ਪੈਟਰੋਲੀਅਮ ਪਦਾਰਥਾਂ ਦੇ ਵਪਾਰ ਤੋਂ ਮੋਟਾ ਮੁਨਾਫਾ ਕਮਾਉਣ ਵਾਲੀਆਂ ਕੰਪਨੀਆਂ ਤੋਂ ਸਰਕਾਰ ਕੁਝ ਹਿੱਸਾ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦੀ ਹੈ। ਪਿਛਲੇ ਡੇਢ ਸਾਲ ਦੌਰਾਨ ਗਲੋਬਲ ਊਰਜਾ ਵਪਾਰ ਵਿਚ ਆਏ ਉਤਰਾਅ-ਚੜ੍ਹਾਅ ਦੇ ਮੱਦੇਨਜ਼ਰ ਕਈ ਦੇਸ਼ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ 'ਤੇ ਵਿੰਡਫਾਲ ਟੈਕਸ ਲਗਾ ਰਹੇ ਹਨ।
ਤਬਦੀਲੀਆਂ ਹਰ ਦੋ ਹਫ਼ਤਿਆਂ ਬਾਅਦ ਹੁੰਦੀਆਂ
ਭਾਰਤ ਵਿੱਚ, ਸਰਕਾਰ ਨੇ ਜੁਲਾਈ 2022 ਵਿੱਚ ਕੱਚੇ ਤੇਲ ਉੱਤੇ ਵਿੰਡਫਾਲ ਟੈਕਸ ਲਗਾਇਆ ਸੀ। ਕੱਚੇ ਤੇਲ ਉਤਪਾਦਕਾਂ ਤੋਂ ਇਲਾਵਾ, ਸਰਕਾਰ ਨੇ ਪੈਟਰੋਲ, ਡੀਜ਼ਲ ਅਤੇ ਹਵਾਬਾਜ਼ੀ ਬਾਲਣ ਦੇ ਨਿਰਯਾਤ 'ਤੇ ਵੀ ਵਿੰਡਫਾਲ ਟੈਕਸ ਲਗਾਇਆ ਸੀ। ਸਰਕਾਰ ਹਰ ਦੋ ਹਫ਼ਤਿਆਂ ਬਾਅਦ ਵਿੰਡਫਾਲ ਟੈਕਸ ਦੀ ਸਮੀਖਿਆ ਕਰਦੀ ਹੈ। ਇਸ ਤੋਂ ਪਹਿਲਾਂ 16 ਜਨਵਰੀ ਨੂੰ ਕੀਤੇ ਗਏ ਬਦਲਾਅ 'ਚ ਕੱਚੇ ਤੇਲ 'ਤੇ ਵਿੰਡਫਾਲ ਟੈਕਸ ਦੀਆਂ ਦਰਾਂ ਘਟਾਈਆਂ ਗਈਆਂ ਸਨ। ਫਿਰ ਸਰਕਾਰ ਨੇ ਇਸ ਨੂੰ ਘਟਾ ਕੇ 1700 ਰੁਪਏ ਪ੍ਰਤੀ ਟਨ ਕਰ ਦਿੱਤਾ। ਜਦੋਂ ਕਿ ਡੀਜ਼ਲ, ਪੈਟਰੋਲ ਅਤੇ ਏਟੀਐਫ 'ਤੇ ਜ਼ੀਰੋ ਵਿੰਡਫਾਲ ਟੈਕਸ ਰੱਖਿਆ ਗਿਆ ਸੀ।
ਇਸ ਕਾਰਨ ਸੰਤੁਲਨ ਵਿਗੜਦਾ
ਫਰਵਰੀ 2022 'ਚ ਪੂਰਬੀ ਯੂਰਪ 'ਚ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਊਰਜਾ ਬਾਜ਼ਾਰ ਦਾ ਸੰਤੁਲਨ ਵਿਗੜ ਗਿਆ ਹੈ। ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਰੂਸ 'ਤੇ ਕਈ ਆਰਥਿਕ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਵਿਚ ਊਰਜਾ ਭਾਵ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦੀ ਖਰੀਦ 'ਤੇ ਪਾਬੰਦੀਆਂ ਵੀ ਸ਼ਾਮਲ ਹਨ। ਭਾਰਤ ਵਰਗੇ ਦੇਸ਼ਾਂ ਦੀਆਂ ਕੰਪਨੀਆਂ ਨੂੰ ਇਸ ਦਾ ਫਾਇਦਾ ਹੋਇਆ ਹੈ।
ਤੇਲ ਕੰਪਨੀਆਂ ਇਸ ਤਰ੍ਹਾਂ ਮੁਨਾਫਾ ਕਮਾ ਰਹੀਆਂ
ਆਰਥਿਕ ਪਾਬੰਦੀਆਂ ਕਾਰਨ, ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਪੂਰੀ ਦੁਨੀਆ ਵਿੱਚ, ਖਾਸ ਕਰਕੇ ਯੂਰਪ ਵਿੱਚ ਕਾਫ਼ੀ ਵੱਧ ਗਈਆਂ ਹਨ। ਅਜਿਹੀ ਸਥਿਤੀ ਵਿੱਚ, ਵਧੇਰੇ ਮੁਨਾਫਾ ਕਮਾਉਣ ਲਈ, ਬਹੁਤ ਸਾਰੀਆਂ ਭਾਰਤੀ ਕੰਪਨੀਆਂ ਨੇ ਘਰੇਲੂ ਬਾਜ਼ਾਰ ਦੀ ਬਜਾਏ ਕੱਚਾ ਤੇਲ, ਡੀਜ਼ਲ, ਪੈਟਰੋਲ ਅਤੇ ਏਟੀਐਫ ਆਦਿ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :