Free Health Insurance: ਸਰਕਾਰ ਦਾ ਵੱਡਾ ਐਲਾਨ ਸੁਣ ਕੇ ਖੁਸ਼ ਹੋ ਜਾਣਗੇ ਕਰੋੜਾਂ ਪਰਿਵਾਰ, ਮੁਫਤ ਵਿੱਚ ਹੋਵੇਗਾ 25 ਲੱਖ ਦਾ ਸਿਹਤ ਬੀਮਾ
ਜੇ ਤੁਹਾਡੀ ਸਾਲਾਨਾ ਆਮਦਨ 8 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ, ਤਾਂ ਤੁਹਾਨੂੰ ਸਰਕਾਰ ਦੁਆਰਾ ਮੁਫਤ ਸਿਹਤ ਬੀਮਾ ਦਿੱਤਾ ਜਾਵੇਗਾ। ਇਸ ਤਹਿਤ ਸਾਰੀਆਂ ਸ਼੍ਰੇਣੀਆਂ ਦੇ 8 ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਪ੍ਰੀਮੀਅਮ ਦੀ ਰਕਮ ਸੂਬਾ ਸਰਕਾਰ ਵੱਲੋਂ ਅਦਾ ਕੀਤੀ ਜਾਵੇਗੀ।
Chiranjeevi Health Insurance Scheme: ਜੇ ਤੁਸੀਂ ਰਾਜਸਥਾਨ ਦੇ ਵਸਨੀਕ ਹੋ ਤੇ ਤੁਹਾਡੀ ਸਾਲਾਨਾ ਆਮਦਨ 8 ਲੱਖ ਰੁਪਏ ਤੱਕ ਹੈ ਤਾਂ ਇਹ ਖਬਰ ਤੁਹਾਨੂੰ ਖੁਸ਼ ਕਰ ਦੇਵੇਗੀ। ਜੀ ਹਾਂ, ਰਾਜਸਥਾਨ ਦੀ ਗਹਿਲੋਤ ਸਰਕਾਰ ਨੇ ਰਾਜ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ 'ਚਿਰੰਜੀਵੀ ਸਿਹਤ ਬੀਮਾ ਯੋਜਨਾ' (Chiranjeevi Swasthya Bima Yojana) ਦੇ ਤਹਿਤ ਮੁਫ਼ਤ ਰਜਿਸਟ੍ਰੇਸ਼ਨ ਦਾ ਐਲਾਨ ਕੀਤਾ ਹੈ। ਸਾਰੇ EWS (ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ) ਤੱਕ ਇਸ ਸਕੀਮ ਦੇ ਵਿਸਥਾਰ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 8 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਚਿਰੰਜੀਵੀ ਸਿਹਤ ਬੀਮਾ ਯੋਜਨਾ ਦਾ ਪ੍ਰੀਮੀਅਮ ਨਹੀਂ ਭਰਨਾ ਪਵੇਗਾ।
8 ਲੱਖ ਰੁਪਏ ਤੋਂ ਘੱਟ ਵਾਲੀ ਇਨਕਮ ਉੱਤੇ ਮਿਲੇਗਾ ਫਾਇਦਾ
ਜੇ ਤੁਹਾਡੀ ਸਾਲਾਨਾ ਆਮਦਨ 8 ਲੱਖ ਰੁਪਏ ਜਾਂ ਇਸ ਤੋਂ ਘੱਟ ਹੈ, ਤਾਂ ਤੁਹਾਨੂੰ ਸਰਕਾਰ ਵੱਲੋਂ ਸਿਹਤ ਬੀਮਾ ਮੁਫਤ ਦਿੱਤਾ ਜਾਵੇਗਾ। ਪ੍ਰੀਮੀਅਮ ਦੀ ਰਕਮ ਰਾਜ ਸਰਕਾਰ ਵੱਲੋਂ ਆਮ, ਹੋਰ ਪਛੜੀਆਂ ਸ਼੍ਰੇਣੀਆਂ, ਅਤਿ ਪਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਸਮੇਤ ਸਾਰੀਆਂ ਸ਼੍ਰੇਣੀਆਂ ਦੇ 8 ਲੱਖ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਅਦਾ ਕੀਤੀ ਜਾਵੇਗੀ। ਗਹਿਲੋਤ ਵੱਲੋਂ ਮੁੱਖ ਮੰਤਰੀ ਨਿਵਾਸ 'ਤੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਇਹ ਐਲਾਨ ਕੀਤਾ ਗਿਆ।
425 ਕਰੋੜ ਰੁਪਏ ਦਾ ਵਾਧੂ ਉਪਬੰਧ ਕੀਤਾ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਲਈ 425 ਕਰੋੜ ਰੁਪਏ ਦਾ ਵਾਧੂ ਉਪਬੰਧ ਕੀਤਾ ਹੈ। ਇਸ ਦੌਰਾਨ 771 ਕਰੋੜ ਰੁਪਏ ਦੇ 249 ਕੰਮਾਂ ਦਾ ਆਨਲਾਈਨ ਨੀਂਹ ਪੱਥਰ ਅਤੇ ਉਦਘਾਟਨ ਵੀ ਕੀਤਾ ਗਿਆ। ਉਨ੍ਹਾਂ ਨੇ 10 ਚਿਰੰਜੀਵੀ ਜਨਨੀ ਐਕਸਪ੍ਰੈਸ ਐਂਬੂਲੈਂਸਾਂ ਅਤੇ 25 ਮੋਬਾਈਲ ਫੂਡ ਟੈਸਟਿੰਗ ਐਂਬੂਲੈਂਸਾਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਕੀ ਹੈ ਯੋਜਨਾ
ਰਾਜਸਥਾਨ ਸਰਕਾਰ ਦੁਆਰਾ ਚਿਰੰਜੀਵੀ ਸਿਹਤ ਬੀਮਾ ਯੋਜਨਾ 2021 ਵਿੱਚ ਸ਼ੁਰੂ ਕੀਤੀ ਗਈ ਸੀ। ਪਹਿਲਾਂ ਦੀ ਸਕੀਮ ਤਹਿਤ ਹਰ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਸਾਲਾਨਾ ਮੁਹੱਈਆ ਕਰਵਾਇਆ ਜਾਂਦਾ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਗਹਿਲੋਤ ਨੇ ਵਿੱਤੀ ਸਾਲ 2022-23 ਵਿੱਚ ਇਸ ਯੋਜਨਾ ਦੇ ਤਹਿਤ ਕਵਰ 5 ਲੱਖ ਤੋਂ ਵਧਾ ਕੇ 10 ਲੱਖ ਕਰ ਦਿੱਤਾ। ਇਸ ਤੋਂ ਬਾਅਦ 2023-24 ਲਈ ਇਹ ਰਕਮ ਵਧਾ ਕੇ 25 ਲੱਖ ਰੁਪਏ ਕਰ ਦਿੱਤੀ ਗਈ।