ਪਨੀਰ ਤੋਂ ਲੈ ਕੇ ਬ੍ਰੈੱਡ ਤੇ ਚਾਕਲੇਟ ਤੱਕ... GST ਸਲੈਬ ‘ਚ ਬਦਲਾਅ ਤੋਂ ਬਾਅਦ ਕਿਹੜੀਆਂ ਖਾਣ-ਪੀਣ ਦੀਆਂ ਚੀਜ਼ਾਂ ਹੋਈਆਂ ਸਸਤੀਆਂ? ਇੱਥੇ ਵੇਖੋ ਪੂਰੀ ਲਿਸਟ
ਜੀ.ਐਸ.ਟੀ. ਕੌਂਸਲ ਦੀ 56ਵੀਂ ਮੀਟਿੰਗ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਹੋਈ। ਇਸ ਮੀਟਿੰਗ ਵਿੱਚ ਟੈਕਸ ਸਲੈਬਾਂ ‘ਚ ਕਈ ਵੱਡੇ ਬਦਲਾਅ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿੱਚ ਹੋਈ ਇਸ ਬੈਠਕ ਵਿੱਚ ਫੈਸਲਾ ਕੀਤਾ...

ਜੀ.ਐਸ.ਟੀ. ਕੌਂਸਲ ਦੀ 56ਵੀਂ ਮੀਟਿੰਗ ਬੁੱਧਵਾਰ ਨੂੰ ਨਵੀਂ ਦਿੱਲੀ ਵਿੱਚ ਹੋਈ। ਇਸ ਮੀਟਿੰਗ ਵਿੱਚ ਟੈਕਸ ਸਲੈਬਾਂ ‘ਚ ਕਈ ਵੱਡੇ ਬਦਲਾਅ ਕੀਤੇ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿੱਚ ਹੋਈ ਇਸ ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਹੁਣ ਦੇਸ਼ ਵਿੱਚ ਸਿਰਫ਼ ਦੋ ਮੁੱਖ ਜੀ.ਐਸ.ਟੀ. ਸਲੈਬ ਹੋਣਗੇ - 5% ਅਤੇ 18%। ਇਸਦਾ ਅਰਥ ਹੈ ਕਿ 12% ਅਤੇ 28% ਵਾਲੇ ਸਲੈਬ ਖਤਮ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਹਾਨੀਕਾਰਕ ਚੀਜ਼ਾਂ ਲਈ ਇੱਕ ਵੱਖਰਾ 40% ਦਾ ਸਲੈਬ ਬਣਾਇਆ ਗਿਆ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਹਨ -
ਕਿਹੜੇ-ਕਿਹੜੇ ਸਮਾਨ ਹੋਏ ਸਸਤੇ?
ਮੀਟਿੰਗ ਵਿੱਚ ਆਮ ਲੋਕਾਂ ਅਤੇ ਮਿਡਲ ਕਲਾਸ ਨੂੰ ਰਾਹਤ ਦਿੰਦਿਆਂ ਰੋਜ਼ਾਨਾ ਵਰਤੋਂ ਵਾਲੀਆਂ ਕਈ ਚੀਜ਼ਾਂ ‘ਤੇ ਟੈਕਸ ਘਟਾ ਦਿੱਤਾ ਗਿਆ ਹੈ ਜਾਂ ਫਿਰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਹੈ।
- ਜ਼ੀਰੋ ਟੈਕਸ ਸਲੈਬ ਵਿੱਚ: UHT ਦੁੱਧ, ਛੇਨਾ, ਪਨੀਰ, ਪਿਜ਼ਾ ਬ੍ਰੈੱਡ, ਰੋਟੀ ਅਤੇ ਪਰੌਠਾ ਸ਼ਾਮਲ ਕੀਤੇ ਗਏ ਹਨ।
- 5% ਟੈਕਸ ਸਲੈਬ ਵਿੱਚ: ਸ਼ੈਂਪੂ, ਸਾਬਣ, ਤੇਲ, ਨਮਕੀਨ, ਪਾਸਤਾ, ਕਾਫੀ ਅਤੇ ਨੂਡਲਸ ਵਰਗੇ ਸਮਾਨ ਰੱਖੇ ਗਏ ਹਨ।
- 18% ਟੈਕਸ ਸਲੈਬ ਵਿੱਚ: ਕਾਰ, ਬਾਈਕ, ਸੀਮੈਂਟ ਅਤੇ ਟੀਵੀ ਸ਼ਾਮਲ ਕੀਤੇ ਗਏ ਹਨ। ਪਹਿਲਾਂ ਇਨ੍ਹਾਂ ‘ਤੇ 28% ਟੈਕਸ ਲੱਗਦਾ ਸੀ।
- ਜੀਐਸਟੀ ਤੋਂ ਬਾਹਰ: 33 ਜੀਵਨ ਰੱਖਿਅਕ ਦਵਾਈਆਂ ਨੂੰ ਪੂਰੀ ਤਰ੍ਹਾਂ ਨਾਲ ਟੈਕਸ ਦੇ ਦਾਇਰੇ ਤੋਂ ਬਾਹਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 3 ਕੈਂਸਰ ਦੀਆਂ ਦਵਾਈਆਂ ਵੀ ਸ਼ਾਮਲ ਹਨ।
ਮਹਿੰਗੇ ਹੋਣਗੇ ਇਹ ਸਮਾਨ
40% ਦੇ ਨਵੇਂ ਟੈਕਸ ਸਲੈਬ ਵਿੱਚ ਸੁਪਰ ਲਗਜ਼ਰੀ ਅਤੇ ਹਾਨੀਕਾਰਕ ਵਸਤੂਆਂ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਪਾਨ ਮਸਾਲਾ, ਸਿਗਰਟ, ਗੁਟਖਾ, ਬੀੜੀ, ਤਮਾਕੂ ਉਤਪਾਦ ਅਤੇ ਫਲੇਵਰਡ ਕਾਰਬੋਨੇਟਿਡ ਡ੍ਰਿੰਕਸ ਸ਼ਾਮਲ ਹਨ।
22 ਸਤੰਬਰ ਤੋਂ ਲਾਗੂ ਹੋਣਗੇ ਨਵੇਂ ਰੇਟ
ਵਿੱਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ਵਿੱਚ ਲਏ ਗਏ ਸਾਰੇ ਫੈਸਲੇ 22 ਸਤੰਬਰ ਤੋਂ ਲਾਗੂ ਹੋਣਗੇ। ਇਸ ਮਿਤੀ ਤੋਂ ਕਈ ਸਮਾਨ ਸਸਤੇ ਮਿਲਣਗੇ, ਜਦਕਿ ਲਗਜ਼ਰੀ ਅਤੇ ਹਾਨੀਕਾਰਕ ਉਤਪਾਦ ਮਹਿੰਗੇ ਹੋ ਜਾਣਗੇ।
ਜੀਐਸਟੀ ਸੁਧਾਰਾਂ ਨੂੰ ਰਾਜਾਂ ਵੱਲੋਂ ਮਿਲਿਆ ਸਮਰਥਨ
ਹਿਮਾਚਲ ਪ੍ਰਦੇਸ਼ ਦੇ ਮੰਤਰੀ ਰਾਜੇਸ਼ ਧਰਮਾਣੀ ਨੇ ਦੱਸਿਆ ਕਿ ਸਾਰੇ ਰਾਜਾਂ ਦੇ ਨੁਮਾਇੰਦਿਆਂ ਨੇ ਟੈਕਸ ਰੇਟ ਨੂੰ ਸੌਖਾ ਬਣਾਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਹੁਣ ਦੇਸ਼ ਵਿੱਚ ਪ੍ਰਭਾਵੀ ਤੌਰ ‘ਤੇ ਸਿਰਫ਼ ਦੋ ਹੀ ਟੈਕਸ ਸਲੈਬ ਹੋਣਗੇ – 5% ਅਤੇ 18%।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਿਆਨ
ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, "ਇਹ ਸੁਧਾਰ ਆਮ ਆਦਮੀ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਗਏ ਹਨ। ਕਿਸਾਨਾਂ, ਮਜ਼ਦੂਰਾਂ ਅਤੇ ਮੱਧ ਵਰਗ ਦੇ ਹਿੱਤਾਂ ਨੂੰ ਵੇਖਦਿਆਂ ਜੀਐਸਟੀ ਸਲੈਬ ਘਟਾਏ ਗਏ ਹਨ। ਸਿਹਤ ਅਤੇ ਖੇਤੀਬਾੜੀ ਖੇਤਰ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ ਅਤੇ ਮਜ਼ਦੂਰ-ਪ੍ਰਧਾਨ ਉਦਯੋਗਾਂ ਨੂੰ ਵੀ ਮਜ਼ਬੂਤੀ ਮਿਲੇਗੀ।"






















