(Source: ECI/ABP News/ABP Majha)
Gold Silver Rate Today: ਸੋਨੇ ਤੇ ਚਾਂਦੀ ਨੇ ਫੜੀ ਤੇਜ਼ੀ, ਜਾਣੋ ਅੱਜ ਕੀ ਹਾਲਾਤ
ਪਿਛਲੇ ਸਾਲ ਵਾਂਗ ਕੋਰੋਨਾ ਮਹਾਮਾਰੀ ਦੀ ਮਾਰ ਵਧਣ ਕਾਰਨ ਸੋਨੇ ਤੇ ਚਾਂਦੀ ਦੇ ਭਾਅ ਵੱਧ ਗਏ ਸਨ। ਇਸ ਵਾਰ ਵੀ ਕੋਰੋਨਾ ਲਾਗ ਦੇ ਮਾਮਲੇ ਵੱਧ ਰਹੇ ਹਨ ਇਸ ਲਈ ਬਾਜ਼ਾਰ ਪਿਛਲੇ ਵਾਰ ਵਾਂਗ ਸੰਕੇਤ ਦੇ ਰਿਹਾ ਹੈ। ਅਜਿਹੇ ਵਿੱਚ ਦੇਸ਼ ਦੇ ਨਿਵੇਸ਼ਕਾਂ ਤੇ ਪ੍ਰਚੂਨ ਗਾਹਕਾਂ ਦਾ ਧਿਆਨ ਸੋਨੇ ਵੱਲ ਹੋ ਗਿਆ ਹੈ।
ਨਵੀਂ ਦਿੱਲੀ: ਡਾਲਰ ਦੇ ਕਮਜ਼ੋਰ ਹੋਣ ਨਾਲ ਅੱਜ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀ ਮੰਗ ਵਧੀ ਹੈ। ਇਸ ਨਾਲ ਅਮਰੀਕਾ ਦੇ ਬਾਹਰ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤੀ ਗਈ। ਬਾਂਡ ਯੀਲਡ ਵਿੱਚ ਥੋੜ੍ਹੀ ਕਮੀ ਕਾਰਨ ਵੀ ਸੋਨੇ ਦੇ ਭਾਅ ਵਧੇ ਹਨ।
ਕੌਮਾਂਤਰੀ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨਾ 0.3 ਫ਼ੀਸਦ ਵੱਧ ਕੇ 1733.31 ਡਾਲਰ ਪ੍ਰਤੀ ਔਂਸ 'ਤੇ ਅੱਪੜ ਗਿਆ ਜਦਕਿ ਗੋਲਡ ਫਿਊਚਰ 0.4 ਫ਼ੀਸਦ ਹੇਠਾਂ ਆ ਕੇ 1735.10 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਰਅਸਲ, ਬਾਂਡ ਯੀਲਡ ਵਿੱਚ ਗਿਰਾਵਟ ਕਾਰਨ ਨਿਵੇਸ਼ਕਾਂ ਨੇ ਸੋਨੇ ਨੂੰ ਸੁਰੱਖਿਅਤ ਨਿਵੇਸ਼ ਵਜੋਂ ਅਪਨਾਇਆ ਹੈ ਪਰ ਅਮਰੀਕਾ ਦੇ ਸੇਵਾ ਖੇਤਰ ਵਿੱਚ ਆਈ ਮਜ਼ਬੂਤੀ ਕਾਰਨ ਸੋਨੇ ਵਿੱਚ ਨਿਵੇਸ਼ ਘੱਟ ਵੀ ਰਿਹਾ ਹੈ।
ਸੋਨਾ ਚਾਂਦੀ ਹੋਏ ਮਹਿੰਗੇ
ਇਸੇ ਦਰਮਿਆਨ ਭਾਰਤ ਦੇ ਘਰੇਲੂ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਐਮਸੀਐਕਸ ਵਿੱਚ ਸੋਨਾ 0.35 ਫ਼ੀਸਦ ਚੜ੍ਹ ਕੇ 45,503 ਰੁਪਏ ਪ੍ਰਤੀ ਤੋਲਾ ਯਾਨੀ 10 ਗ੍ਰਾਮ ਪਹੁੰਚ ਗਿਆ ਹੈ। ਉੱਥੇ ਹੀ ਚਾਂਦੀ 0.6 ਫ਼ੀਸਦ ਚੜ੍ਹ ਕੇ 64,943 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ।
ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਸੋਨੇ ਅਤੇ ਚਾਂਦੀ ਵਿੱਚ ਕ੍ਰਮਵਾਰ 0.15 ਅਤੇ 0.9 ਫ਼ੀਸਦ ਦੀ ਗਿਰਾਵਟ ਦੇਖੀ ਗਈ। ਦੇਸ਼ ਵਿੱਚ ਪਿਛਲੇ ਇੱਕ ਮਹੀਨੇ ਤੋਂ ਸੋਨਾ ਔਸਤਨ 44,100 ਤੋਂ ਲੈ ਕੇ 45,700 ਰੁਪਏ ਪ੍ਰਤੀ ਤੋਲਾ ਦਰਮਿਆਨ ਚੱਲ ਰਿਹਾ ਹੈ।
ਦਿੱਲੀ ਬਾਜ਼ਾਰ ਵਿੱਚ ਸੋਨੇ ਨੇ ਫੜੀ ਤੇਜ਼ੀ
ਮੰਗਲਵਾਰ ਨੂੰ ਦਿੱਲੀ ਦੇ ਬਾਜ਼ਾਰ ਵਿੱਚ ਸੋਨੇ ਦੇ ਭਾਅ ਵਿੱਚ ਤੇਜ਼ੀ ਦਿਖਾਈ ਦਿੱਤੀ। 0.40 ਫ਼ੀਸਦ ਦੀ ਤੇਜ਼ੀ ਨਾਲ 10 ਗ੍ਰਾਮ ਸੋਨੇ ਦੀ ਕੀਮਤ 45,530 ਰੁਪਏ 'ਤੇ ਪਹੁੰਚ ਗਿਆ। ਅਗਸਤ, 2020 ਵਿੱਚ ਦਿੱਲੀ ਸਰਾਫਾ ਬਾਜ਼ਾਰ ਵਿੱਚ ਸਪੌਟ ਗੋਲਡ ਦੀ ਕੀਮਤ 57,008 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਸੀ। ਇਸ ਸਾਲ ਇਹ ਸੋਨੇ ਦਾ ਸਭ ਤੋਂ ਉੱਚਾ ਪੱਧਰ ਹੈ।
ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਵਾਂਗ ਕੋਰੋਨਾ ਮਹਾਮਾਰੀ ਦੀ ਮਾਰ ਵਧਣ ਕਾਰਨ ਸੋਨੇ ਤੇ ਚਾਂਦੀ ਦੇ ਭਾਅ ਵੱਧ ਗਏ ਸਨ। ਇਸ ਵਾਰ ਵੀ ਕੋਰੋਨਾ ਲਾਗ ਦੇ ਮਾਮਲੇ ਵੱਧ ਰਹੇ ਹਨ ਇਸ ਲਈ ਬਾਜ਼ਾਰ ਪਿਛਲੇ ਵਾਰ ਵਾਂਗ ਸੰਕੇਤ ਦੇ ਰਿਹਾ ਹੈ। ਅਜਿਹੇ ਵਿੱਚ ਦੇਸ਼ ਦੇ ਨਿਵੇਸ਼ਕਾਂ ਤੇ ਪ੍ਰਚੂਨ ਗਾਹਕਾਂ ਦਾ ਧਿਆਨ ਸੋਨੇ ਵੱਲ ਹੋ ਗਿਆ ਹੈ।