ਮੁਲਾਜ਼ਮਾਂ ਲਈ ਖੁਸ਼ਖਬਰੀ! ਖਾਤਿਆਂ 'ਚ ਆਏਗਾ ਸਾਢੇ 6 ਸਾਲਾਂ ਦਾ 6ਵੇਂ ਪੰਜਾਬ ਪੇਅ ਕਮਿਸ਼ਨ ਦਾ ਏਰੀਅਰ
ਯੂਟੀ ਚੰਡੀਗੜ੍ਹ ਵਿੱਚ ਕੰਮ ਕਰਦੇ 25 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਲੀ ਵੱਡੀ ਖੁਸ਼ਖਬਰੀ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਸਾਢੇ 6 ਸਾਲਾਂ ਤੋਂ ਬਕਾਇਆ ਪਿਆ 6ਵੇਂ ਪੰਜਾਬ ਪੇਅ ਕਮਿਸ਼ਨ ਦਾ ਏਰੀਅਰ ਮਿਲਣ ਜਾ ਰਿਹਾ ਹੈ।
ਚੰਡੀਗੜ੍ਹ: ਯੂਟੀ ਚੰਡੀਗੜ੍ਹ ਵਿੱਚ ਕੰਮ ਕਰਦੇ 25 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਲੀ ਵੱਡੀ ਖੁਸ਼ਖਬਰੀ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਸਾਢੇ 6 ਸਾਲਾਂ ਤੋਂ ਬਕਾਇਆ ਪਿਆ 6ਵੇਂ ਪੰਜਾਬ ਪੇਅ ਕਮਿਸ਼ਨ ਦਾ ਏਰੀਅਰ ਮਿਲਣ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਤ ਸਕੱਤਰ ਨੇ ਲਿਖਤੀ ਆਦੇਸ਼ ਜਾਰੀ ਕਰ ਦਿੱਤੇ ਹਨ। ਇਸ ਆਦੇਸ਼ ਦਾ ਲਾਭ ਚੰਡੀਗੜ੍ਹ ਵਿੱਚ ਡੈਪੂਟੇਸ਼ਨ ’ਤੇ ਆਏ ਅਧਿਕਾਰੀਆਂ ਨੂੰ ਵੀ ਮਿਲੇਗਾ।
ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਪ੍ਰਸ਼ਾਸਨ ਨੇ ਯੂਟੀ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਾਢੇ 6 ਸਾਲਾਂ ਤੋਂ ਬਕਾਇਆ ਪਏ 6ਵੇਂ ਪੰਜਾਬ ਪੇਅ ਕਮਿਸ਼ਨ ਦੇ ਏਰੀਅਰ ਨੂੰ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ। ਯੂਟੀ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਸ਼ਹਿਰ ਵਿਚਲੇ 25 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਯੂਟੀ ਪ੍ਰਸ਼ਾਸਨ ਦੇ ਵਿੱਤ ਵਿਭਾਗ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਯੂਟੀ ਦੇ ਮੁਲਾਜ਼ਮਾਂ ਨੂੰ 1 ਜਨਵਰੀ 2016 ਤੋਂ 30 ਸਤੰਬਰ 2021 ਤੱਕ ਦਾ ਏਰੀਅਰ ਜਾਰੀ ਕੀਤਾ ਜਾਵੇਗਾ।
ਇਨ੍ਹਾਂ ਆਦੇਸ਼ਾਂ ਅਨੁਸਾਰ ਗਰੁੱਪ ਏ ਦੇ ਮੁਲਾਜ਼ਮਾਂ ਨੂੰ 5 ਤੋਂ 7 ਲੱਖ ਰੁਪਏ ਦਾ ਏਰੀਅਰ ਮਿਲੇਗਾ, ਜਦੋਂਕਿ ਯੂਟੀ ਪ੍ਰਸ਼ਾਸਨ ’ਤੇ ਇਸ ਫ਼ੈਸਲੇ ਨਾਲ 350 ਤੋਂ 400 ਕਰੋੜ ਰੁਪਏ ਦਾ ਨਵਾਂ ਬੋਝ ਪਵੇਗਾ। ਯੂਟੀ ਪ੍ਰਸ਼ਾਸਨ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਏਰੀਅਰ ਦੀ ਰਕਮ ਜਾਰੀ ਕਰੇਗਾ। ਯੂਟੀ ਪ੍ਰਸ਼ਾਸਨ ਵਿੱਚ ਕੁੱਲ 25 ਹਜ਼ਾਰ ਦੇ ਕਰੀਬ ਮੁਲਾਜ਼ਮ ਕੰਮ ਕਰਦੇ ਹਨ। ਇਸ ਵਿੱਚ ਇੱਕ ਹਜ਼ਾਰ ਦੇ ਕਰੀਬ ਮੁਲਾਜ਼ਮ ਪੰਜਾਬ ਤੇ ਹਰਿਆਣਾ ਤੋਂ ਡੈਪੂਟੇਸ਼ਨ ’ਤੇ ਆਏ ਹੋਏ ਹਨ।
ਹਾਸਲ ਜਾਣਕਾਰੀ ਅਨੁਸਾਰ ਪੰਜਾਬ ਵਿੱਚੋਂ 602 ਤੇ ਹਰਿਆਣਾ ਵਿੱਚੋਂ 323 ਮੁਲਾਜ਼ਮ ਡੈਪੂਟੇਸ਼ਨ ’ਤੇ ਆਏ ਹਨ ਜਿਨ੍ਹਾਂ ਨੂੰ ਵੀ 6ਵੇਂ ਪੰਜਾਬ ਪੇਅ ਕਮਿਸ਼ਨ ਦੇ ਏਰੀਅਰ ਦਾ ਲਾਭ ਮਿਲੇਗਾ। ਵਿੱਤ ਵਿਭਾਗ ਨੇ ਯੂਟੀ ਦੇ ਸਾਰੇ ਵਿਭਾਗਾਂ ਨੂੰ ਆਦੇਸ਼ ਜਾਰੀ ਕਰਦਿਆਂ ਵਿੱਤ ਵਰ੍ਹੇ 2022-23 ਵਿੱਚ ਏਰੀਅਰ ਦੀ ਰਾਸ਼ੀ ਜਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਲਈ ਯੂਟੀ ਪ੍ਰਸ਼ਾਸਨ ਨੂੰ 350 ਤੋਂ 400 ਕਰੋੜ ਦੀ ਲੋੜ ਪਵੇਗੀ, ਜਿਸ ਲਈ ਕੇਂਦਰ ਸਰਕਾਰ ਕੋਲ ਮੰਗ ਰੱਖੀ ਜਾਵੇਗੀ।
ਯਾਦ ਰਹੇ ਯੂਟੀ ਦੇ ਮੁਲਾਜ਼ਮਾਂ ਨੂੰ 6ਵਾਂ ਪੰਜਾਬ ਪੇਅ ਕਮਿਸ਼ਨ ਦਾ ਲਾਭ ਆਖ਼ਰੀ ਵਾਰ ਮਿਲਣ ਜਾ ਰਿਹਾ ਹੈ। ਭਵਿੱਖ ਵਿੱਚ ਯੂਟੀ ਦੇ ਸਾਰੇ ਮੁਲਾਜ਼ਮਾਂ ’ਤੇ ਪੰਜਾਬ ਦੀ ਥਾਂ ਕੇਂਦਰ ਸਰਕਾਰ ਦੇ ਨਿਯਮ ਲਾਗੂ ਹੋਣਗੇ। ਇਸ ਲਈ ਯੂਟੀ ਦੇ ਮੁਲਾਜ਼ਮਾਂ ਨੂੰ ਤਨਖਾਹ ਵੀ ਕੇਂਦਰ ਸਰਕਾਰ ਦੇ ਨਿਯਮਾਂ ਅਨੁਸਾਰ ਹੀ ਜਾਰੀ ਕੀਤੀ ਜਾਵੇਗੀ।