ਪਿਛਲੇ 7 ਸਾਲਾਂ 'ਚ ਮੋਦੀ ਸਰਕਾਰ ਨੇ ਮੁਆਫ਼ ਕੀਤੇ 11 ਲੱਖ ਕਰੋੜ ਰੁਪਏ ਦੇ ਕਰਜ਼ੇ, ਆਰਟੀਆਈ 'ਚ ਹੋਇਆ ਖੁਲਾਸਾ
ਕੇਂਦਰ ਦੀ ਐਨਡੀਏ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਤਕਰੀਬਨ 11 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ, ਜੋ ਕਿ ਯੂਪੀਏ ਸਰਕਾਰ ਨਾਲੋਂ 5 ਗੁਣਾ ਵੱਧ ਹਨ।
ਮੁੰਬਈ: ਕੇਂਦਰ ਦੀ ਐਨਡੀਏ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਕਰੀਬ 11 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ, ਜੋ ਯੂਪੀਏ ਸਰਕਾਰ ਤੋਂ 5 ਗੁਣਾ ਵੱਧ ਹਨ। ਆਰਟੀਆਈ ਵਿੱਚ ਇਹ ਖੁਲਾਸਾ ਹੋਇਆ ਹੈ ਅਤੇ ਇਸ ਤੋਂ ਬੈਂਕਾਂ ਦੀ ਵਿਗੜਦੀ ਹਾਲਤ ਬਾਰੇ ਸਮਝਿਆ ਜਾ ਸਕਦਾ ਹੈ। ਕੇਂਦਰ ਦੀ ਮੋਦੀ ਸਰਕਾਰ ਨੇ 1 ਅਪ੍ਰੈਲ 2015 ਤੋਂ 31 ਮਾਰਚ 2021 ਤੱਕ ਬੈਂਕਾਂ ਦੇ 11 ਲੱਖ 19,482 ਕਰੋੜ ਰੁਪਏ ਰਾਈਟ ਆਫ ਕਰ ਦਿੱਤੇ ਹਨ।
ਇਸ ਦੇ ਨਾਲ ਹੀ ਆਰਟੀਆਈ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਸਾਲ 2004 ਤੋਂ 2014 ਤੱਕ ਕੇਂਦਰ ਦੀ ਯੂਪੀਏ ਸਰਕਾਰ ਨੇ 2.22 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਸੀ, ਯਾਨੀ ਮੋਦੀ ਸਰਕਾਰ ਵਿੱਚ 5 ਵਾਰ ਬੈਂਕ ਕਰਜ਼ਿਆਂ ਨੂੰ ਰਾਈਟ ਆਫ਼ ਕੀਤਾ ਗਿਆ ਹੈ।
ਆਰਟੀਆਈ ਕਾਰਕੁਨ ਪ੍ਰਫੁੱਲ ਸ਼ਾਰਦਾ ਦਾ ਕਹਿਣਾ ਹੈ, ''ਆਰਬੀਆਈ ਨੇ 2015 ਤੋਂ 30 ਜੂਨ, 2021 ਤੱਕ ਦੇ ਅੰਕੜੇ ਦਿੱਤੇ ਹਨ, ਜੇਕਰ ਇਸ 'ਤੇ ਨਜ਼ਰ ਮਾਰੀਏ ਤਾਂ 11 ਲੱਖ 19 ਹਜ਼ਾਰ ਕਰੋੜ ਦਾ ਕਰਜ਼ਾ ਰਾਈਟ ਆਫ ਹੋ ਚੁੱਕਾ ਹੈ, ਜਦੋਂ ਕਿ ਰਿਕਵਰੀ ਸਿਰਫ 1 ਲੱਖ ਕਰੋੜ ਰੁਪਏ ਹੈ। ਯਾਨੀ ਅਜੇ ਵੀ 10 ਲੱਖ ਕਰੋੜ ਦੀ ਕਮੀ ਹੈ। ਸੋਚਣ ਵਾਲੀ ਗੱਲ ਹੈ ਕਿ RBI ਦੀ ਗਾਈਡਲਾਈਨ ਪਾਲਿਸੀ ਕਿੱਥੇ ਹੈ। ਇਸ ਵਿੱਚ ਸਭ ਤੋਂ ਵੱਧ ਜਨਤਕ ਖੇਤਰ ਦੇ ਬੈਂਕ ਸ਼ਾਮਲ ਹੋਏ ਹਨ, ਜਿੱਥੋਂ ਕਰੀਬ ਸਾਢੇ ਅੱਠ ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ ਹਨ।
ਆਰਟੀਆਈ ਤੋਂ ਹਾਸਲ ਜਾਣਕਾਰੀ ਮੁਤਾਬਕ, ਕੋਰੋਨਾ ਦੇ ਸਿਰਫ 15 ਮਹੀਨਿਆਂ ਵਿੱਚ 2,45,456 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਗਏ। ਜਨਤਕ ਖੇਤਰ ਦੇ ਬੈਂਕਾਂ ਨੇ 1,56,681 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ, ਜਦੋਂ ਕਿ ਨਿੱਜੀ ਬੈਂਕਾਂ ਨੇ 80,883 ਕਰੋੜ ਰੁਪਏ ਅਤੇ ਵਿਦੇਸ਼ੀ ਬੈਂਕਾਂ ਨੇ 3826 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ। NBFCs ਨੇ ਵੀ 1216 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ ਜਦਕਿ ਸ਼ਡਿਊਲ ਕਾਮਰਸ ਬੈਂਕ ਨੇ 2859 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ।
ਪਿਛਲੀ ਸਰਕਾਰ ਦੇ ਮੁਕਾਬਲੇ ਇਨ੍ਹਾਂ ਕਰਜ਼ਿਆਂ ਦੇ ਰਾਈਟ-ਆਫ 'ਚ 5 ਗੁਣਾ ਵਾਧਾ ਹੋਇਆ ਹੈ। ਆਰਟੀਆਈ ਤੋਂ ਮਿਲੀ ਜਾਣਕਾਰੀ 'ਚ ਲਗਪਗ ਸਾਰੇ ਵੱਡੇ ਬੈਂਕ ਸ਼ਾਮਲ ਹਨ, ਜਿਨ੍ਹਾਂ ਨੇ ਕਰਜ਼ਾ ਨਾ ਮੋੜਨ 'ਤੇ ਰਾਈਟ ਆਫ ਕਰ ਦਿੱਤਾ ਹੈ ਅਤੇ ਕਿਤੇ ਨਾ ਕਿਤੇ ਬੈਂਕਾਂ ਦੀ ਵਿੱਤੀ ਹਾਲਤ 'ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: Navjot Singh Sidhu on Sacrilege: ਨਵਜੋਤ ਸਿੰਘ ਸਿੱਧੂ ਨੇ ਕਿਹਾ- ਬੇਅਦਬੀ ਕਰਨ ਵਾਲਿਆਂ ਨੂੰ ਲੋਕਾਂ ਸਾਹਮਣੇ ਫਾਂਸੀ ਦਿੱਤੀ ਜਾਵੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin