ਹਵਾਈ ਜਹਾਜ਼ ਦੇ ਤੇਲ ਦੀਆਂ ਕੀਮਤਾਂ 'ਚ 2 ਫੀਸਦੀ ਵਾਧਾ, ਇਸ ਸਾਲ ਲਗਾਤਾਰ 7ਵੀਂ ਵਾਰ ਵਧਿਆ ਰੇਟ
ਨਵੇਂ ਵਿੱਤੀ ਸਾਲ 2022-23 ਤੋਂ ਪਹਿਲਾਂ ਲੋਕਾਂ 'ਤੇ ਮਹਿੰਗਾਈ ਦਾ ਬੋਝ ਵਧ ਗਿਆ ਹੈ। ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਹਵਾਈ ਜਹਾਜ਼ ਦੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ।
ਨਵੀਂ ਦਿੱਲੀ: ਨਵੇਂ ਵਿੱਤੀ ਸਾਲ 2022-23 ਤੋਂ ਪਹਿਲਾਂ ਲੋਕਾਂ 'ਤੇ ਮਹਿੰਗਾਈ ਦਾ ਬੋਝ ਵਧ ਗਿਆ ਹੈ। ਐੱਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਹਵਾਈ ਜਹਾਜ਼ ਦੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। 1 ਅਪ੍ਰੈਲ ਨੂੰ ਜੈੱਟ ਫਿਊਲ ਯਾਨੀ ATF ਦੀ ਕੀਮਤ 2 ਫੀਸਦੀ ਵਧ ਕੇ 1,12,925/ਕਿਲੋਲੀਟਰ ਹੋ ਗਈ ਹੈ। ਪਹਿਲਾਂ ਇਹ 1,10,666 ਰੁਪਏ ਪ੍ਰਤੀ ਕਿਲੋਲੀਟਰ ਸੀ। ਨਵੀਆਂ ਦਰਾਂ 15 ਅਪ੍ਰੈਲ 2022 ਤੱਕ ਲਾਗੂ ਰਹਿਣਗੀਆਂ। ਇਸ ਕਾਰਨ ਦੇਸ਼ ਭਰ 'ਚ ATF ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ ਹਨ।
ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਵਿਚਕਾਰ ATF ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਇਸ ਸਾਲ ਸੱਤਵੀਂ ਵਾਰ ਏਟੀਐਫ ਦੀ ਕੀਮਤ ਵਧਾਈ ਗਈ ਹੈ। ਸਰਕਾਰੀ ਤੇਲ ਕੰਪਨੀਆਂ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਵਿੱਚ ਹਵਾਬਾਜ਼ੀ ਟਰਬਾਈਨ ਈਂਧਨ ਦੀ ਕੀਮਤ 2,258.54 ਰੁਪਏ ਪ੍ਰਤੀ ਕਿੱਲੋ ਜਾਂ 2 ਪ੍ਰਤੀਸ਼ਤ ਦੇ ਵਾਧੇ ਨਾਲ 1,12,924.83 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ ਹੈ। ਹਾਲਾਂਕਿ ਸ਼ੁੱਕਰਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ।
16 ਮਾਰਚ ਨੂੰ ATF ਦੀਆਂ ਕੀਮਤਾਂ 'ਚ 18.3 ਫੀਸਦੀ (17,135.63 ਰੁਪਏ ਪ੍ਰਤੀ ਕਿਲੋਲੀਟਰ) ਦਾ ਵਾਧਾ ਕੀਤਾ ਗਿਆ ਸੀ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਸੀ। ਜੈੱਟ ਈਂਧਨ ਦੀਆਂ ਕੀਮਤਾਂ ਪਿਛਲੇ ਪੰਦਰਵਾੜੇ ਦੌਰਾਨ ਬੈਂਚਮਾਰਕ ਈਂਧਨ ਦੀ ਔਸਤ ਅੰਤਰਰਾਸ਼ਟਰੀ ਕੀਮਤ ਦੇ ਆਧਾਰ 'ਤੇ ਹਰ ਮਹੀਨੇ ਦੀ 1 ਤੇ 16 ਤਰੀਕ ਨੂੰ ਸੋਧੀਆਂ ਜਾਂਦੀਆਂ ਹਨ।
ਆਲਟਾਈਮ ਹਾਈ 'ਤੇ ਜੈੱਟ ਈਂਧਨ ਦਾ ਰੇਟ
ਜੈੱਟ ਈਂਧਨ ਜੋ ਕਿ ਏਅਰਲਾਈਨ ਦੀ ਸੰਚਾਲਨ ਲਾਗਤ ਦਾ ਲਗਭਗ 40 ਪ੍ਰਤੀਸ਼ਤ ਹੈ, ਇਸ ਸਾਲ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਿਆ ਹੈ। 2022 ਦੀ ਸ਼ੁਰੂਆਤ ਤੋਂ ਬਾਅਦ ਹਰ ਪੰਦਰਵਾੜੇ ਵਿੱਚ ATF ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। 1 ਜਨਵਰੀ ਤੋਂ ਸ਼ੁਰੂ ਹੋਏ ਸੱਤ ਵਾਧੇ ਵਿੱਚ ATF ਦੀਆਂ ਕੀਮਤਾਂ ਵਿੱਚ 38,902.92 ਕਿਲੋਲੀਟਰ ਜਾਂ ਲਗਭਗ 50 ਫੀਸਦੀ ਦਾ ਵਾਧਾ ਹੋਇਆ ਹੈ।
ਪੈਟਰੋਲ ਤੇ ਡੀਜ਼ਲ 'ਚ ਅੱਜ ਰਾਹਤ
ਅੱਜ ਤੇਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਦਿੱਲੀ ਅਤੇ ਮੁੰਬਈ ਸਮੇਤ ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਅੱਜ ਤੇਲ ਦੀਆਂ ਕੀਮਤਾਂ ਸਥਿਰ ਹਨ। ਪਿਛਲੇ 11 ਦਿਨਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ 9 ਵਾਰ ਵਾਧਾ ਕੀਤਾ ਗਿਆ ਹੈ। 9 ਦਿਨਾਂ 'ਚ ਪੈਟਰੋਲ ਦੀ ਕੀਮਤ 'ਚ 6.40 ਰੁਪਏ ਦਾ ਵਾਧਾ ਹੋਇਆ ਹੈ। 4 ਨਵੰਬਰ, 2021 ਤੋਂ ਤੇਲ ਦੀਆਂ ਕੀਮਤਾਂ ਸਥਿਰ ਹੋ ਗਈਆਂ ਸਨ। ਜਿਸ ਤੋਂ ਬਾਅਦ 22 ਮਾਰਚ ਯਾਨੀ ਕਰੀਬ ਸਾਢੇ ਚਾਰ ਮਹੀਨਿਆਂ ਬਾਅਦ ਦੇਸ਼ ਭਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ।
LPG ਸਿਲੰਡਰ ਹੋਇਆ ਮਹਿੰਗਾ
ਸਰਕਾਰੀ ਤੇਲ ਕੰਪਨੀਆਂ ਨੇ 1 ਅਪ੍ਰੈਲ ਨੂੰ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 250 ਰੁਪਏ ਤੋਂ ਵੱਧ ਦਾ ਵਾਧਾ ਕੀਤਾ ਹੈ। ਇਹ ਵਾਧਾ ਘਰੇਲੂ ਰਸੋਈ ਗੈਸ ਸਿਲੰਡਰਾਂ ਵਿੱਚ ਨਹੀਂ ਸਗੋਂ ਵਪਾਰਕ ਗੈਸ ਸਿਲੰਡਰਾਂ ਵਿੱਚ ਹੋਇਆ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ 'ਚ ਬਿਨਾਂ ਸਬਸਿਡੀ ਵਾਲੇ 14.2 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 949.5 ਰੁਪਏ ਹੈ। ਕੋਲਕਾਤਾ ਵਿੱਚ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ 976 ਰੁਪਏ, ਮੁੰਬਈ ਵਿੱਚ 949.50 ਰੁਪਏ ਅਤੇ ਚੇਨਈ ਵਿੱਚ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 965.50 ਰੁਪਏ ਹੈ।