MDH Spice: ਮਸਾਲਿਆਂ 'ਚ ਕੀਟਨਾਸ਼ਕ ਹੋਣ ਦੇ ਦੋਸ਼ਾਂ 'ਤੇ MDH ਨੇ ਦਿੱਤੀ ਸਫਾਈ, ਕਿਹਾ- ਸਾਡੇ ਮਸਾਲੇ ਬਿਲਕੁਲ ਸੁਰੱਖਿਅਤ...
Pesticide in Spices: ਹਾਂਗਕਾਂਗ ਅਤੇ ਸਿੰਗਾਪੁਰ 'ਚ ਦੋ ਭਾਰਤੀ ਮਸਾਲਾ ਬ੍ਰਾਂਡਾਂ ਦੇ ਵੱਖ-ਵੱਖ ਉਤਪਾਦਾਂ 'ਤੇ ਪਾਬੰਦੀ ਲਾਉਣ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਹੈ। ਉੱਥੇ ਹੀ MDH ਨੇ ਇਸ ਬਾਰੇ ਸਫਾਈ ਦਿੱਤੀ ਹੈ।
MDH Spice: ਮਸਾਲਿਆਂ ਵਿੱਚ ਕੈਂਸਰ ਵਰਗੀ ਗੰਭੀਰ ਬਿਮਾਰੀਆਂ ਲਈ ਜ਼ਿੰਮੇਵਾਰ ਕੀਟਨਾਸ਼ਕ ਪਾਏ ਜਾਣ ਦੀਆਂ ਰਿਪੋਰਟਾਂ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। MDH, ਸਭ ਤੋਂ ਮਸ਼ਹੂਰ ਮਸਾਲਾ ਬ੍ਰਾਂਡਾਂ ਵਿੱਚੋਂ ਇੱਕ, ਨੇ ਚੱਲ ਰਹੇ ਵਿਵਾਦ ਦੇ ਵਿਚਕਾਰ ਗਾਹਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। MDH ਦਾ ਕਹਿਣਾ ਹੈ ਕਿ ਇਸ ਦੇ ਮਸਾਲੇ ਵਰਤੋਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਸ ਦੇ ਨਾਲ ਹੀ ਉਸ ਨੇ ਸਾਫ ਕਿਹਾ ਹੈ ਕਿ ਉਸ ਦੇ ਮਸਾਲਿਆਂ ਵਿੱਚ ਕੋਈ ਕੀਟਨਾਸ਼ਕ ਨਹੀਂ ਹੈ।
MDH ਨੇ ਦਿੱਤੀ ਸਫਾਈ
MDH ਨੇ ਸ਼ਨੀਵਾਰ ਨੂੰ ਇਸ ਬਾਰੇ ਇੱਕ ਬਿਆਨ ਜਾਰੀ ਕੀਤਾ। ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਅਜੇ ਤੱਕ ਹਾਂਗਕਾਂਗ ਜਾਂ ਸਿੰਗਾਪੁਰ ਦੇ ਫੂਡ ਸੇਫਟੀ ਰੈਗੂਲੇਟਰਾਂ ਤੋਂ ਕੋਈ ਕਮਿਊਨੀਕੇਸ਼ਨ ਨਹੀਂ ਮਿਲਿਆ ਹੈ। ਦੋਵਾਂ ਦੇਸ਼ਾਂ ਦੇ ਰੈਗੂਲੇਟਰਾਂ ਨੇ ਭਾਰਤ ਦੇ ਸਪਾਈਸ ਬੋਰਡ ਜਾਂ ਘਰੇਲੂ ਰੈਗੂਲੇਟਰ FSSAI ਨੂੰ ਕੋਈ ਟੈਸਟ ਰਿਪੋਰਟ ਜਾਂ ਕਮਿਊਨੀਕੇਸ਼ਨ ਨਹੀਂ ਭੇਜਿਆ ਹੈ। ਆਪਣੇ ਉਤਪਾਦਾਂ ਵਿੱਚ ਹਾਨੀਕਾਰਕ ਕੀਟਨਾਸ਼ਕ ਪਾਏ ਜਾਣ ਦੇ ਦੋਸ਼ਾਂ ਬਾਰੇ ਕੰਪਨੀ ਨੇ ਕਿਹਾ ਕਿ ਇਹ ਸੱਚ ਨਹੀਂ ਹੈ। ਅਜਿਹੇ ਦੋਸ਼ ਲਾਉਣ ਦਾ ਕੋਈ ਠੋਸ ਆਧਾਰ ਨਹੀਂ ਹੈ।
ਇਦਾਂ ਸ਼ੁਰੂ ਹੋਇਆ ਸੀ ਵਿਵਾਦ
ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਹਾਂਗਕਾਂਗ ਅਤੇ ਸਿੰਗਾਪੁਰ ਵਿੱਚ ਦੋ ਭਾਰਤੀ ਮਸਾਲੇ ਬ੍ਰਾਂਡਾਂ MDH ਅਤੇ Everest ਦੇ ਉਤਪਾਦਾਂ ਵਿੱਚ ਹਾਨੀਕਾਰਕ ਕੀਟਨਾਸ਼ਕ ਪਾਏ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ। ਹਾਂਗਕਾਂਗ ਦੇ ਸੈਂਟਰ ਫਾਰ ਫੂਡ ਸੇਫਟੀ ਦਾ ਕਹਿਣਾ ਹੈ ਕਿ ਦੋਵਾਂ ਭਾਰਤੀ ਬ੍ਰਾਂਡਾਂ ਦੇ ਕਈ ਪ੍ਰੀ-ਪੈਕ ਕੀਤੇ ਮਸਾਲੇ-ਮਿਕਸ ਉਤਪਾਦਾਂ ਵਿੱਚ ਐਥੀਲੀਨ ਆਕਸਾਈਡ ਨਾਂ ਦਾ ਕੀਟਨਾਸ਼ਕ ਪਾਇਆ ਗਿਆ ਹੈ।
ਇਹ ਵੀ ਪੜ੍ਹੋ: Gold Price: ਪਿਛਲੇ 10 ਦਿਨਾਂ 'ਚ 2500 ਰੁਪਏ ਸਸਤਾ ਹੋ ਗਿਆ ਸੋਨਾ! ਜਾਣੋ ਹਾਲੇ ਖਰੀਦਣਾ ਚਾਹੀਦਾ ਜਾਂ ਨਹੀਂ
ਹਾਂਗਕਾਂਗ ਵਿੱਚ ਇਨ੍ਹਾਂ ਮਸਾਲਿਆਂ 'ਤੇ ਰੋਕ ਲਾ ਦਿੱਤੀ ਗਈ
ਹਾਂਗਕਾਂਗ ਦੇ ਰੈਗੂਲੇਟਰ ਨੇ ਲੋਕਾਂ ਨੂੰ ਦੋਵਾਂ ਬ੍ਰਾਂਡਾਂ ਦੇ ਕਈ ਉਤਪਾਦ ਨਾ ਖਰੀਦਣ ਦੀ ਹਦਾਇਤ ਕੀਤੀ ਹੈ। ਨਾਲ ਹੀ, ਵਪਾਰੀਆਂ ਨੂੰ ਸਬੰਧਤ ਉਤਪਾਦ ਵੇਚਣ ਲਈ ਮਨ੍ਹਾ ਕੀਤਾ ਹੈ। ਜਿਨ੍ਹਾਂ ਉਤਪਾਦਾਂ ਬਾਰੇ ਹਾਂਗਕਾਂਗ ਦੇ ਫੂਡ ਰੈਗੂਲੇਟਰ ਨੇ ਨਿਰਦੇਸ਼ ਜਾਰੀ ਕੀਤੇ ਹਨ, ਉਨ੍ਹਾਂ ਵਿੱਚ MDH ਦਾ ਮਦਰਾਸ ਕਰੀ ਪਾਊਡਰ, MDH ਸਾਂਭਰ ਮਸਾਲਾ, ਮਿਕਸਡ ਮਸਾਲਾ ਪਾਊਡਰ, MDH ਕਰੀ ਪਾਊਡਰ, ਮਿਕਸਡ ਮਸਾਲਾ ਪਾਊਡਰ ਅਤੇ ਐਵਰੈਸਟ ਦਾ ਫਿਸ਼ ਕਰੀ ਮਸਾਲਾ ਸ਼ਾਮਲ ਹਨ। ਹਾਂਗਕਾਂਗ ਤੋਂ ਬਾਅਦ ਸਿੰਗਾਪੁਰ ਦੀ ਫੂਡ ਏਜੰਸੀ ਨੇ ਵੀ ਐਵਰੈਸਟ ਫਿਸ਼ ਕਰੀ ਮਸਾਲਾ ਬਾਜ਼ਾਰ ਤੋਂ ਵਾਪਸ ਮੰਗਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
MDH ਨੇ ਦਿੱਤਾ ਗਾਹਕਾਂ ਨੂੰ ਭਰੋਸਾ
ਐਮਡੀਐਚ ਨੇ ਇਸ ਵਿਵਾਦ ਬਾਰੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਸਟੋਰ ਕਰਨ ਤੋਂ ਲੈ ਕੇ ਪ੍ਰੋਸੈਸਿੰਗ ਅਤੇ ਪੈਕੇਜਿੰਗ ਤੱਕ ਕਿਸੇ ਵੀ ਪੜਾਅ 'ਤੇ ਆਪਣੇ ਉਤਪਾਦਾਂ 'ਚ ਐਥੀਲੀਨ ਆਕਸਾਈਡ ਦੀ ਵਰਤੋਂ ਨਹੀਂ ਕਰਦੀ ਹੈ। ਕੰਪਨੀ ਨੇ ਗਾਹਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਸਾਰੇ ਸਿਹਤ ਅਤੇ ਸੁਰੱਖਿਆ ਮਾਪਦੰਡਾਂ ਦੀ ਸਖਤੀ ਨਾਲ ਪਾਲਣਾ ਕਰਦੀ ਹੈ।
ਇਹ ਵੀ ਪੜ੍ਹੋ: Bank Holidays May: ਪੂਰੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਨਿਪਟਾ ਲਵੋ ਜ਼ਰੂਰੀ ਕੰਮ