ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਬੁੱਧਵਾਰ ਨੂੰ ਇੱਕ ਅਣਜਾਣ ਨੰਬਰ ਤੋਂ ਧਮਕੀ ਭਰੀ ਕਾਲ ਆਈ। ਹਸਪਤਾਲ ਨੂੰ ਉਡਾਉਣ ਤੋਂ ਇਲਾਵਾ, ਫੋਨ ਕਰਨ ਵਾਲੇ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ...
ਮੁੰਬਈ: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਬੁੱਧਵਾਰ ਨੂੰ ਇੱਕ ਅਣਜਾਣ ਨੰਬਰ ਤੋਂ ਧਮਕੀ ਭਰੀ ਕਾਲ ਆਈ। ਹਸਪਤਾਲ ਨੂੰ ਉਡਾਉਣ ਤੋਂ ਇਲਾਵਾ, ਫੋਨ ਕਰਨ ਵਾਲੇ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਮੁਕੇਸ਼ ਅੰਬਾਨੀ, ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਅਤੇ ਬੱਚਿਆਂ ਆਕਾਸ਼ ਅੰਬਾਨੀ ਅਤੇ ਅਨੰਤ ਅੰਬਾਨੀ ਨੂੰ ਮਾਰਨ ਦੀ ਧਮਕੀ ਦਿੱਤੀ। ਇਸ ਸਬੰਧ ਵਿਚ ਡੀਬੀ ਮਾਰਗ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਉਸ ਨੰਬਰ ਦੀ ਪਛਾਣ ਕਰ ਲਈ ਗਈ ਹੈ, ਜਿੱਥੋਂ ਕਾਲ ਆਈ ਸੀ। ਸੂਤਰਾਂ ਮੁਤਾਬਕ ਇਹ ਫੋਨ ਮਹਾਰਾਸ਼ਟਰ ਤੋਂ ਬਾਹਰੋਂ ਆਇਆ ਸੀ। ਉਨ੍ਹਾਂ ਦੱਸਿਆ ਕਿ ਫੋਨ ਕਾਲ ਦੀ ਲੋਕੇਸ਼ਨ ਟਰੇਸ ਕਰ ਲਈ ਗਈ ਹੈ।
ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
ਸੂਤਰਾਂ ਅਨੁਸਾਰ ਰਾਤ 12:57 'ਤੇ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਲੈਂਡਲਾਈਨ ਨੰਬਰ 'ਤੇ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਈ, ਜਿਸ 'ਚ ਕਾਲ ਕਰਨ ਵਾਲੇ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ, ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ, ਦੋਵਾਂ ਪੁੱਤਰਾਂ ਆਕਾਸ਼ ਅਤੇ ਅਨੰਤ ਅੰਬਾਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਫੋਨ ਕਰਨ ਵਾਲੇ ਨੇ ਹਸਪਤਾਲ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ ਹੈ।
ਪਿਛਲੇ ਮਹੀਨੇ ਵੀ ਧਮਕੀ ਭਰਿਆ ਆਇਆ ਸੀ ਕਾਲ
ਇਸ ਤੋਂ ਪਹਿਲਾਂ 15 ਅਗਸਤ ਨੂੰ ਰਿਲਾਇੰਸ ਫਾਊਂਡੇਸ਼ਨ ਹਸਪਤਾਲ 'ਚ ਵੀ ਅਜਿਹਾ ਹੀ ਕਾਲ ਆਇਆ ਸੀ। ਰਿਪੋਰਟਾਂ ਅਨੁਸਾਰ, ਵਿਅਕਤੀ ਨੇ ਹਸਪਤਾਲ ਦੇ ਡਿਸਪਲੇ ਨੰਬਰ 'ਤੇ ਅੱਠ ਧਮਕੀ ਭਰੀਆਂ ਕਾਲਾਂ ਕੀਤੀਆਂ ਸਨ, ਜਿਸ ਨਾਲ ਮੁਕੇਸ਼ ਅੰਬਾਨੀ ਦੀ ਜਾਨ ਨੂੰ ਖ਼ਤਰਾ ਸੀ।
ਇਸ ਸਬੰਧ ਵਿਚ ਮਾਮਲਾ ਦਰਜ ਕਰਦੇ ਹੋਏ ਪੁਲਿਸ ਨੇ ਧਮਕੀ ਭਰੇ ਕਾਲ ਦੇ ਮਾਮਲੇ ਵਿਚ ਮੁੰਬਈ ਦੇ ਪੱਛਮੀ ਉਪਨਗਰ ਵਿਚ ਰਹਿਣ ਵਾਲੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਸੀ।
ਇਸ ਨਾਲ ਹੀ ਪਿਛਲੇ ਸਾਲ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦੇ ਮੁੰਬਈ ਸਥਿਤ ਘਰ 'ਐਂਟੀਲੀਆ' ਦੇ ਬਾਹਰ ਇੱਕ ਸ਼ੱਕੀ ਸਕਾਰਪੀਓ ਗੱਡੀ ਖੜ੍ਹੀ ਦੇਖੀ ਗਈ ਸੀ। ਐਂਟੀਲੀਆ ਦੀ ਸੁਰੱਖਿਆ ਟੀਮ ਨੇ ਤੁਰੰਤ ਇਸ ਸ਼ੱਕੀ ਸਕਾਰਪੀਓ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਬੰਬ ਨਿਰੋਧਕ ਦਸਤੇ ਅਤੇ ਸੁੰਘਣ ਵਾਲੇ ਕੁੱਤਿਆਂ ਦੇ ਨਾਲ ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਵਾਹਨ ਦੀ ਜਾਂਚ ਕੀਤੀ। ਇਸ ਵਿੱਚ 20 ਵਿਸਫੋਟਕ ਜੈਲੇਟਿਨ ਰਾਡ ਅਤੇ ਇੱਕ ਧਮਕੀ ਪੱਤਰ ਮਿਲਿਆ ਹੈ।