Aviation Report: ਜਹਾਜ਼ਾਂ 'ਚ ਸਫਰ ਕਰਨਾ ਨਹੀਂ ਰਿਹਾ ਸੁਰੱਖਿਅਤ? ਇਸ ਸਾਲ 183 ਤਕਨੀਕੀ ਖਰਾਬੀਆਂ, ਸਰਕਾਰ ਨੇ ਖੁਦ ਕੀਤਾ ਖੁਲਾਸਾ
Aviation Ministry: ਕੀ ਜਹਾਜ਼ਾਂ ਵਿੱਚ ਸਫਰ ਕਰਨਾ ਸੁਰੱਖਿਅਤ ਨਹੀਂ ਰਿਹਾ? ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਹ ਚਰਚਾ ਚੱਲ ਰਹੀ ਹੈ।

Aviation Ministry: ਕੀ ਜਹਾਜ਼ਾਂ ਵਿੱਚ ਸਫਰ ਕਰਨਾ ਸੁਰੱਖਿਅਤ ਨਹੀਂ ਰਿਹਾ? ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਬੋਇੰਗ 787-8 ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਇਹ ਚਰਚਾ ਚੱਲ ਰਹੀ ਹੈ। ਹੁਣ ਖੁਲਾਸਾ ਹੋਇਆ ਹੈ ਕਿ ਭਾਰਤੀ ਹਵਾਈ ਕੰਪਨੀਆਂ ਨੇ ਇਸ ਸਾਲ ਆਪਣੇ ਜਹਾਜ਼ਾਂ ਵਿੱਚ 183 ਤਕਨੀਕੀ ਖਰਾਬੀਆਂ ਦੀ ਰਿਪੋਰਟ ਕੀਤੀ ਹੈ। ਉਂਝ, 2023 ਦੇ ਮੁਕਾਬਲੇ ਪਿਛਲੇ ਸਾਲ ਤਕਨੀਕੀ ਖਰਾਬੀਆਂ ਵਿੱਚ ਲਗਪਗ ਛੇ ਪ੍ਰਤੀਸ਼ਤ ਦੀ ਕਮੀ ਆਈ ਹੈ। ਸਰਕਾਰ ਨੇ ਸੋਮਵਾਰ ਨੂੰ ਰਾਜ ਸਭਾ ਵਿੱਚ ਇਹ ਜਾਣਕਾਰੀ ਦਿੱਤੀ ਹੈ।
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਰਾਜ ਸਭਾ ਨੂੰ ਇਹ ਵੀ ਦੱਸਿਆ ਕਿ 12 ਜੂਨ ਨੂੰ ਏਅਰ ਇੰਡੀਆ ਦੇ ਜਹਾਜ਼ ਹਾਦਸੇ ਤੋਂ ਬਾਅਦ, ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੇ ਸੰਚਾਲਨ ਸਬੰਧੀ ਕਮੀਆਂ ਦੀ ਤੁਰੰਤ ਪਛਾਣ ਕਰਨ ਤੇ ਉਨ੍ਹਾਂ ਨੂੰ ਦੂਰ ਕਰਨ ਲਈ ਸੁਰੱਖਿਆ-ਨਾਜ਼ੁਕ ਹਿੱਸਿਆਂ ਦੀ ਜਾਂਚ ਤੇ ਨਿਰੀਖਣ ਵਧਾ ਦਿੱਤਾ ਹੈ।
ਯਾਦ ਰਹੇ 12 ਜੂਨ ਨੂੰ ਅਹਿਮਦਾਬਾਦ ਵਿੱਚ ਏਅਰ ਇੰਡੀਆ ਦਾ ਇੱਕ ਬੋਇੰਗ 787-8 ਜਹਾਜ਼ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਵਿੱਚ ਕੁੱਲ 260 ਲੋਕ ਮਾਰੇ ਗਏ। ਇਹ ਜਹਾਜ਼ ਲੰਡਨ ਦੇ ਨਾਲ ਲੱਗਦੇ ਗੈਟਵਿਕ ਜਾ ਰਿਹਾ ਸੀ।
ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੇ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ ਇਸ ਸਾਲ 23 ਜੁਲਾਈ ਤੱਕ ਏਅਰਲਾਈਨਾਂ ਵੱਲੋਂ ਜਹਾਜ਼ਾਂ ਵਿੱਚ 183 ਤਕਨੀਕੀ ਖਰਾਬੀਆਂ ਦੀ ਰਿਪੋਰਟ ਕੀਤੀ ਗਈ ਸੀ। 2024 ਵਿੱਚ ਇਹ ਗਿਣਤੀ 421 ਸੀ ਤੇ 2023 ਵਿੱਚ 448 ਤਕਨੀਕੀ ਖਰਾਬੀਆਂ ਰਿਪੋਰਟ ਕੀਤੀਆਂ ਗਈਆਂ ਸਨ। 2022 ਵਿੱਚ ਤਕਨੀਕੀ ਖਰਾਬੀਆਂ ਦੀ ਗਿਣਤੀ 528 ਸੀ ਤੇ 2021 ਵਿੱਚ ਇਹ ਗਿਣਤੀ 514 ਸੀ। ਪਿਛਲੇ 5 ਸਾਲਾਂ ਦੌਰਾਨ (ਜੂਨ 2025 ਤੱਕ) ਗੰਭੀਰ ਨੁਕਸਾਂ/ਜਲਣ ਨਾਲ ਸਬੰਧਤ ਕੁੱਲ 2,094 ਜਾਂਚਾਂ ਕੀਤੀਆਂ ਗਈਆਂ ਹਨ।
ਨਾਇਡੂ ਦੇ ਅਨੁਸਾਰ ਡੀਜੀਸੀਏ ਕੋਲ ਜਹਾਜ਼ਾਂ ਦੇ ਸੁਰੱਖਿਅਤ ਸੰਚਾਲਨ ਤੇ ਰੱਖ-ਰਖਾਅ ਲਈ ਵਿਆਪਕ ਤੇ ਸੰਰਚਿਤ ਸ਼ਹਿਰੀ ਹਵਾਬਾਜ਼ੀ ਨਿਯਮ ਹਨ। ਉਨ੍ਹਾਂ ਕਿਹਾ, "ਇਹ ਨਿਯਮ ਲਗਾਤਾਰ ਅੱਪਡੇਟ ਕੀਤੇ ਜਾਂਦੇ ਹਨ ਤੇ ਅੰਤਰਰਾਸ਼ਟਰੀ ਸਿਵਲ ਏਵੀਏਸ਼ਨ ਸੰਗਠਨ (ICAO)/ਯੂਰਪੀਅਨ ਯੂਨੀਅਨ ਏਵੀਏਸ਼ਨ ਸੇਫਟੀ ਏਜੰਸੀ (EASA) ਦੇ ਮਾਪਦੰਡਾਂ ਦੇ ਅਨੁਸਾਰ ਬਣਾਏ ਜਾਂਦੇ ਹਨ।"
ਨਾਇਡੂ ਨੇ ਕਿਹਾ, "ਦੁਰਘਟਨਾ ਤੋਂ ਬਾਅਦ DGCA ਨੇ ਸੁਰੱਖਿਆ ਭਰੋਸਾ ਦੇ ਮਹੱਤਵਪੂਰਨ ਹਿੱਸੇ ਦੀ ਜਾਂਚ ਤੇ ਨਿਰੀਖਣ ਵਧਾ ਦਿੱਤਾ ਹੈ, ਤਾਂ ਜੋ ਪ੍ਰਣਾਲੀਗਤ ਮੁੱਦਿਆਂ ਦੀ ਤੁਰੰਤ ਪਛਾਣ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਸੁਧਾਰਿਆ ਜਾ ਸਕੇ।" ਇਸ ਦੌਰਾਨ ਇਸ ਸਾਲ DGCA ਕੋਲ 3,925 ਯਾਤਰੀ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। 2024 ਵਿੱਚ ਇਹ ਗਿਣਤੀ 4,016 ਸੀ। ਨਾਇਡੂ ਦੁਆਰਾ ਲਿਖਤੀ ਜਵਾਬ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ, 2023 ਵਿੱਚ DGCA ਕੋਲ ਦਰਜ ਯਾਤਰੀ ਸ਼ਿਕਾਇਤਾਂ ਦੀ ਗਿਣਤੀ 5,513 ਸੀ, ਜੋ 2022 ਵਿੱਚ 3,782 ਸ਼ਿਕਾਇਤਾਂ ਅਤੇ 2021 ਵਿੱਚ 4,131 ਸ਼ਿਕਾਇਤਾਂ ਤੋਂ ਵੱਧ ਸੀ।






















