Stock Market Crash: ਅੱਜ ਫਿਰ ਧੜੰਮ ਕਰਕੇ ਡਿੱਗਿਆ ਸ਼ੇਅਰ ਬਾਜ਼ਾਰ, ਨਿਵੇਸ਼ਕਾਂ 'ਚ ਹਾਹਾਕਾਰ, 7.5 ਲੱਖ ਕਰੋੜ ਰੁਪਏ ਡੁੱਬੇ
Stock Market Crash: ਭਾਰਤੀ ਸ਼ੇਅਰ ਬਾਜ਼ਾਰ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਅੱਜ (ਸ਼ੁੱਕਰਵਾਰ, 28 ਫਰਵਰੀ) ਨੂੰ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ ਲਗਪਗ 1414 ਅੰਕ (1.90%) ਡਿੱਗ ਗਿਆ।

Stock Market Crash: ਭਾਰਤੀ ਸ਼ੇਅਰ ਬਾਜ਼ਾਰ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਅੱਜ (ਸ਼ੁੱਕਰਵਾਰ, 28 ਫਰਵਰੀ) ਨੂੰ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸੈਂਸੈਕਸ ਲਗਪਗ 1414 ਅੰਕ (1.90%) ਡਿੱਗ ਗਿਆ। ਇਹ 73,198 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਵੀ ਲਗਪਗ 420 ਅੰਕ (1.86%) ਡਿੱਗ ਕੇ 22,124 'ਤੇ ਬੰਦ ਹੋਇਆ। ਇਸ ਨਾਲ ਨਿਵੇਸ਼ਕਾਂ ਦੇ 7.5 ਲੱਖ ਕਰੋੜ ਰੁਪਏ ਡੁੱਬ ਗਏ। ਬੀਐਸਈ 'ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ ਅੱਜ ਸ਼ੁੱਕਰਵਾਰ ਨੂੰ ਸਵੇਰੇ 10 ਵਜੇ 385 ਲੱਖ ਕਰੋੜ ਰੁਪਏ ਹੋ ਗਈ ਜੋ 27 ਫਰਵਰੀ ਨੂੰ ਇਹ ਲਗਪਗ 393 ਲੱਖ ਕਰੋੜ ਰੁਪਏ ਸੀ।
ਅੱਜ ਸਭ ਤੋਂ ਵੱਧ ਨੁਕਸਾਨ ਨਿਫਟੀ ਆਈਟੀ ਵਿੱਚ 3.27%, ਆਟੋ ਵਿੱਚ 2.65%, ਮੀਡੀਆ ਵਿੱਚ 2.50%, ਜਨਤਕ ਖੇਤਰ ਦੇ ਬੈਂਕਾਂ ਵਿੱਚ 2.05% ਤੇ ਮੈਟਲ ਵਿੱਚ 1.82% ਰਿਹਾ। ਇਸ ਤੋਂ ਇਲਾਵਾ, ਫਾਰਮਾ, ਬੈਂਕਿੰਗ, ਐਫਐਮਸੀਜੀ ਤੇ ਵਿੱਤੀ ਸੇਵਾਵਾਂ ਵਿੱਚ 1% ਤੱਕ ਦੀ ਗਿਰਾਵਟ ਆਈ। ਅਕਤੂਬਰ 2024 ਤੋਂ ਨਿਫਟੀ ਹਰ ਮਹੀਨੇ ਲਾਲ ਨਿਸ਼ਾਨ ਵਿੱਚ ਬੰਦ ਹੋਇਆ ਹੈ। ਇਹ 5 ਮਹੀਨਿਆਂ ਵਿੱਚ 12% ਡਿੱਗਿਆ ਹੈ। 1996 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਲਗਾਤਾਰ ਪੰਜ ਮਹੀਨਿਆਂ ਤੋਂ ਬਾਜ਼ਾਰ ਵਿੱਚ ਗਿਰਾਵਟ ਆਈ ਹੈ। ਇਸ ਤੋਂ ਪਹਿਲਾਂ 1996 ਵਿੱਚ ਬਾਜ਼ਾਰ ਵਿੱਚ ਜੁਲਾਈ ਤੋਂ ਨਵੰਬਰ ਤੱਕ ਲਗਾਤਾਰ 5 ਮਹੀਨਿਆਂ ਲਈ ਗਿਰਾਵਟ ਦਰਜ ਕੀਤੀ ਗਈ ਸੀ। ਇਨ੍ਹਾਂ 5 ਮਹੀਨਿਆਂ ਦੌਰਾਨ ਨਿਫਟੀ 50 ਸੂਚਕਾਂਕ 26% ਡਿੱਗਿਆ ਸੀ।
ਬਾਜ਼ਾਰ ਦੇ ਹੇਠਾਂ ਆਉਣ ਦੇ 3 ਕਾਰਨ ਮੰਨੇ ਜਾ ਰਹੇ ਹਨ। ਤੀਜੀ ਤਿਮਾਹੀ ਦੇ GDP ਅੰਕੜੇ ਅੱਜ ਜਾਰੀ ਹੋਣ ਕਰਕੇ ਬਾਜ਼ਾਰ ਵਿੱਚ ਸਹਿਮ ਰਿਹਾ। ਇਸ ਤਿਮਾਹੀ ਵਿੱਚ ਭਾਰਤ ਦੀ ਆਰਥਿਕਤਾ 6.3% ਦੀ ਦਰ ਨਾਲ ਵਧਣ ਦਾ ਅਨੁਮਾਨ ਹੈ। ਸਰਕਾਰੀ ਖਰਚਿਆਂ ਵਿੱਚ ਵਾਧੇ ਨੇ ਘਰੇਲੂ ਮੰਗ ਵਿੱਚ ਕਮਜ਼ੋਰੀ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ। ਹਾਲਾਂਕਿ, ਭਵਿੱਖ ਦੇ ਵਾਧੇ ਦੇ ਅਨੁਮਾਨ ਥੋੜ੍ਹੇ ਜਿਹੇ ਸੀਮਤ ਹਨ। ਦੂਜਾ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਤੇ ਮੈਕਸੀਕੋ 'ਤੇ 25% ਟੈਰਿਫ 4 ਮਾਰਚ ਤੋਂ ਲਾਗੂ ਹੋਣਗੇ। ਇਸ ਤੋਂ ਇਲਾਵਾ 4 ਮਾਰਚ ਤੋਂ ਚੀਨ 'ਤੇ ਪਹਿਲਾਂ ਤੋਂ ਲਾਏ ਗਏ 10% ਟੈਰਿਫ ਤੋਂ ਇਲਾਵਾ 10% ਵਾਧੂ ਟੈਰਿਫ ਲਾਇਆ ਜਾਵੇਗਾ।
ਇਸ ਨਾਲ ਬਾਜ਼ਾਰਾਂ ਵਿੱਚ ਦਬਾਅ ਵਧਿਆ ਹੈ। ਅਮਰੀਕੀ ਤੇ ਏਸ਼ਿਆਈ ਬਾਜ਼ਾਰਾਂ ਵਿੱਚ ਗਿਰਾਵਟ ਹੈ। 27 ਫਰਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (FIIs) ਨੇ 556.56 ਕਰੋੜ ਰੁਪਏ ਦੇ ਸ਼ੇਅਰ ਵੇਚੇ। 2025 ਵਿੱਚ ਵਿਦੇਸ਼ੀ ਨਿਵੇਸ਼ਕਾਂ ਨੇ 1 ਲੱਖ ਕਰੋੜ ਰੁਪਏ ਤੋਂ ਵੱਧ ਮੁੱਲ ਦੇ ਭਾਰਤੀ ਸ਼ੇਅਰ ਵੇਚੇ ਹਨ। ਇਸ ਦੌਰਾਨ ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਨੇ ਜਿਨ੍ਹਾਂ ਵਿੱਚ ਮਿਊਚੁਅਲ ਫੰਡ ਵੀ ਸ਼ਾਮਲ ਹਨ, ਨੇ ਇਸ ਸਮੇਂ ਦੌਰਾਨ 83,000 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਹਨ।






















