Ukraine-Russia War: ਰੂਸ ਨੂੰ ਇੱਕ ਹੋਰ ਵੱਡਾ ਆਰਥਿਕ ਝਟਕਾ, ਹੁਣ ਵੀਜ਼ਾ ਤੇ ਮਾਸਟਰਕਾਰਡ ਨੇ ਬੰਦ ਕੀਤਾ ਰੂਸ 'ਚ ਕਾਰੋਬਾਰ, ਗਾਹਕਾਂ ਨੂੰ ਹੋਣਗੀਆਂ ਮੁਸ਼ਕਲਾਂ
Russia News: ਕਾਰਡ ਪੇਮੈਂਟ ਦਿੱਗਜ਼ ਵੀਜ਼ਾ ਤੇ ਮਾਸਟਰਕਾਰਡ ਨੇ ਬੀਤੇ ਦਿਨੀਂ ਐਲਾਨ ਕੀਤਾ ਹੈ ਕਿ ਉਹ ਰੂਸ 'ਚ ਆਪਣੇ ਕੰਮਕਾਜ ਨੂੰ ਮੁਅੱਤਲ ਕਰ ਰਹੇ ਹਨ। ਯੂਕਰੇਨ 'ਤੇ ਹਮਲੇ ਤੋਂ ਬਾਅਦ ਕਈ ਕੰਪਨੀਆਂ ਨੇ ਰੂਸ ਨਾਲ ਕਾਰੋਬਾਰ ਬੰਦ
Russia News: ਕਾਰਡ ਪੇਮੈਂਟ ਦਿੱਗਜ਼ ਵੀਜ਼ਾ ਤੇ ਮਾਸਟਰਕਾਰਡ ਨੇ ਬੀਤੇ ਦਿਨੀਂ ਐਲਾਨ ਕੀਤਾ ਹੈ ਕਿ ਉਹ ਰੂਸ 'ਚ ਆਪਣੇ ਕੰਮਕਾਜ ਨੂੰ ਮੁਅੱਤਲ ਕਰ ਰਹੇ ਹਨ। ਯੂਕਰੇਨ 'ਤੇ ਹਮਲੇ ਤੋਂ ਬਾਅਦ ਕਈ ਕੰਪਨੀਆਂ ਨੇ ਰੂਸ ਨਾਲ ਕਾਰੋਬਾਰ ਬੰਦ ਕਰਨ ਜਾਂ ਸਮੇਟਣ ਦਾ ਐਲਾਨ ਕੀਤਾ ਹੈ ਤੇ ਇਸ ਕੜੀ 'ਚ ਇਨ੍ਹਾਂ ਅਮਰੀਕੀ ਫ਼ਰਮਾਂ ਦਾ ਨਾਂ ਵੀ ਜੁੜ ਗਿਆ ਹੈ।
ਮਾਸਟਰਕਾਰਡ ਦਾ ਬਿਆਨ
ਮਾਸਟਰਕਾਰਡ ਨੇ ਇੱਕ ਬਿਆਨ 'ਚ ਕਿਹਾ ਕਿ ਵਿਵਾਦ ਅਤੇ ਸੰਕਟ ਤੋਂ ਇਲਾਵਾ ਅਨਿਸ਼ਚਿਤ ਆਰਥਿਕ ਮਾਹੌਲ ਦੇ ਮੱਦੇਨਜ਼ਰ ਕੰਪਨੀ ਨੇ ਰੂਸ 'ਚ ਆਪਣੀ ਨੈੱਟਵਰਕ ਸੇਵਾ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮਾਸਟਰਕਾਰਡ ਨੇ ਕਿਹਾ ਕਿ ਰੂਸੀ ਬੈਂਕਾਂ ਵੱਲੋਂ ਜਾਰੀ ਕੀਤੇ ਗਏ ਕਾਰਡ ਹੁਣ ਕੰਪਨੀ ਦੇ ਨੈਟਵਰਕ ਵੱਲੋਂ ਸਪੋਰਟ ਨਹੀਂ ਕੀਤੇ ਜਾਣਗੇ। ਕੰਪਨੀ ਨੇ ਕਿਹਾ ਹੈ ਕਿ ਸਾਡੇ ਸਾਥੀਆਂ, ਗਾਹਕਾਂ ਅਤੇ ਪਾਰਟਨਰਾਂ 'ਤੇ ਅਜਿਹਾ ਪ੍ਰਭਾਵ ਪਿਆ ਹੈ, ਜਿਸ ਦੀ ਸ਼ਾਇਦ ਹੀ ਕਲਪਨਾ ਕੀਤੀ ਗਈ ਸੀ।
ਵੀਜ਼ਾ ਨੇ ਗਾਹਕਾਂ ਤੇ ਪਾਰਟਨਰਾਂ ਨੂੰ ਦਿੱਤੀਆਂ ਹਦਾਇਤਾਂ
ਦੂਜੇ ਪਾਸੇ ਵੀਜ਼ਾ ਨੇ ਆਪਣੀ ਤਰਫ਼ੋਂ ਕਿਹਾ ਕਿ ਕੰਪਨੀ ਨੇ ਆਪਣੇ ਸਾਰੇ ਗਾਹਕਾਂ ਅਤੇ ਪਾਰਟਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਸਾਰੇ ਵੀਜ਼ਾ ਲੈਣ-ਦੇਣ ਨੂੰ ਰੋਕ ਦਿੱਤਾ ਜਾਵੇ ਤੇ ਇਹ ਸਾਰੇ ਕਦਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ। ਵੀਜ਼ਾ ਨੇ ਇਹ ਵੀ ਕਿਹਾ ਹੈ ਕਿ ਰੂਸੀ ਬੈਂਕਾਂ, ਸੰਸਥਾਵਾਂ ਵੱਲੋਂ ਜਾਰੀ ਵੀਜ਼ਾ ਕਾਰਡ ਹੁਣ ਰੂਸ ਤੋਂ ਬਾਹਰ ਕੰਮ ਨਹੀਂ ਕਰ ਸਕਣਗੇ।
ਵ੍ਹਾਈਟ ਹਾਊਸ ਨੇ ਦਿੱਤੀ ਇਹ ਜਾਣਕਾਰੀ
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਦੋਵਾਂ ਕੰਪਨੀਆਂ ਦੇ ਇਸ ਕਦਮ ਦਾ ਸਵਾਗਤ ਕੀਤਾ ਹੈ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਇਸ ਵਿਸ਼ੇ ਸਮੇਤ ਕਈ ਹੋਰ ਮੁੱਦਿਆਂ 'ਤੇ ਚਰਚਾ ਕੀਤੀ ਹੈ। ਵੀਜ਼ਾ ਅਤੇ ਮਾਸਟਰਕਾਰਡ ਨੇ ਪਹਿਲਾਂ ਹੀ ਘੋਸ਼ਣਾ ਕੀਤੀ ਹੈ ਕਿ ਉਹ ਅਮਰੀਕਾ ਵੱਲੋਂ ਲਏ ਗਏ ਫ਼ੈਸਲਿਆਂ ਦੇ ਨਾਲ ਹਨ, ਉੱਥੇ ਹੀ ਅਮਰੀਕਾ ਅਤੇ ਕੌਮਾਂਤਰੀ ਪਾਬੰਦੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ, ਜੋ ਰੂਸ 'ਤੇ ਲਗਾਈਆਂ ਗਈਆਂ ਹਨ।
ਰੂਸ ਤੋਂ ਕਾਰੋਬਾਰ ਸਮੇਟ ਰਹੀਆਂ ਹਨ ਕੰਪਨੀਆਂ
ਰੂਸ ਵੱਲੋਂ ਯੂਕਰੇਨ 'ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਨੂੰ 10 ਦਿਨ ਹੋ ਗਏ ਹਨ ਅਤੇ ਉਦੋਂ ਤੋਂ ਕਈ ਵੱਡੇ ਉਦਯੋਗਾਂ ਨੇ ਰੂਸ 'ਚ ਆਪਣਾ ਕਾਰੋਬਾਰ ਬੰਦ ਕਰ ਦਿੱਤਾ ਹੈ। ਇਨ੍ਹਾਂ 'ਚ ਮੁੱਖ ਤੌਰ 'ਤੇ ਅਮਰੀਕੀ ਫਰਮਾਂ ਦੇ ਨਾਂਅ ਸ਼ਾਮਲ ਹਨ।
ਇਸ ਤੋਂ ਇਲਾਵਾ ਜੇਕਰ ਹੋਰ ਵੱਡੇ ਨਾਵਾਂ ਦੀ ਗੱਲ ਕਰੀਏ ਤਾਂ ਇੰਟੇਲ, ਏਅਰ ਬੀਐਨਬੀ ਤੋਂ ਲੈ ਕੇ ਫ੍ਰੈਂਚ ਲਗਜ਼ਰੀ ਦਿੱਗਜ਼ LVMH, ਹਰਮਸ ਅਤੇ ਚੇਨਲ ਨੇ ਵੀ ਰੂਸ 'ਚ ਆਪਣਾ ਕੰਮਕਾਜ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵੀਜ਼ਾ ਤੇ ਮਾਸਟਰਕਾਰਡ ਨੇ ਸਪੱਸ਼ਟ ਕੀਤਾ ਹੈ ਕਿ ਵਿਦੇਸ਼ਾਂ 'ਚ ਜਾਰੀ ਕੀਤੇ ਗਏ ਕਾਰਡ ਵੀ ਹੁਣ ਤੋਂ ਰੂਸ 'ਚ ਕੰਮ ਨਹੀਂ ਕਰ ਸਕਣਗੇ।