Afghanistan Blast: ਇੱਕ ਵਾਰ ਫਿਰ ਧਮਾਕਿਆਂ ਨਾਲ ਅਫਗਾਨਿਸਤਾਨ 'ਚ ਦਹਿਸ਼ਤ ਦਾ ਮਾਹੌਲ, 9 ਲੋਕਾਂ ਦੀ ਮੌਤ ਅਤੇ 13 ਜ਼ਖਮੀ
Afghan Blast: ਅਫਗਾਨਿਸਤਾਨ 'ਚ ਪਿਛਲੇ ਕੁਝ ਦਿਨਾਂ 'ਚ ਕਈ ਧਮਾਕੇ ਹੋਏ ਹਨ। ਮਜ਼ਾਰ-ਏ-ਸ਼ਰੀਫ 'ਚ ਹੀ 21 ਅਪ੍ਰੈਲ (ਵੀਰਵਾਰ) ਨੂੰ ਦੁਪਹਿਰ ਦੀ ਨਮਾਜ਼ ਦੌਰਾਨ ਸਹਿ ਦੋਕਾਨ ਮਸਜਿਦ 'ਚ ਬੰਬ ਧਮਾਕਾ ਹੋਇਆ ਸੀ, ਜਿਸ 'ਚ 12 ਲੋਕ ਮਾਰੇ ਗਏ ਸੀ।
Afghan Blast: ਅਫਗਾਨਿਸਤਾਨ ਦੇ ਬਲਖ ਸੂਬੇ ਦੇ ਸ਼ਹਿਰ ਮਜ਼ਾਰ-ਏ-ਸ਼ਰੀਫ 'ਚ ਮਿੰਨੀ ਬੱਸਾਂ 'ਤੇ ਹੋਏ ਦੋਹਰੇ ਬੰਬ ਧਮਾਕਿਆਂ 'ਚ ਘੱਟੋ-ਘੱਟ 9 ਲੋਕ ਮਾਰੇ ਗਏ ਅਤੇ 13 ਹੋਰ ਜ਼ਖਮੀ ਹੋਏ। ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਸਥਾਨਕ ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਟੋਲੋ ਨਿਊਜ਼ ਮੁਤਾਬਕ ਦੋਵਾਂ ਧਮਾਕਿਆਂ ਵਿੱਚ ਪਬਲਿਕ ਟਰਾਂਸਪੋਰਟ ਨੂੰ ਨਿਸ਼ਾਨਾ ਬਣਾਇਆ ਗਿਆ। ਸੂਬਾਈ ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਹਸਪਤਾਲਾਂ ਵਿੱਚ ਲਿਆਂਦਾ ਗਿਆ ਹੈ ਅਤੇ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਿਸੇ ਵੀ ਸਮੂਹ ਨੇ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਅਫਗਾਨਿਸਤਾਨ 'ਚ ਪਿਛਲੇ ਕੁਝ ਦਿਨਾਂ 'ਚ ਕਈ ਧਮਾਕੇ ਹੋਏ ਹਨ। ਕੁਝ ਦਿਨ ਪਹਿਲਾਂ ਮਜ਼ਾਰ-ਏ-ਸ਼ਰੀਫ 'ਚ ਹੀ 21 ਅਪ੍ਰੈਲ (ਵੀਰਵਾਰ) ਨੂੰ ਦੁਪਹਿਰ ਦੀ ਨਮਾਜ਼ ਦੌਰਾਨ ਸਹਿ ਦੋਕਾਨ ਮਸਜਿਦ 'ਚ ਬੰਬ ਧਮਾਕਾ ਹੋਇਆ ਸੀ, ਜਿਸ 'ਚ 12 ਸ਼ਰਧਾਲੂ ਮਾਰੇ ਗਏ ਸੀ ਅਤੇ 58 ਲੋਕ ਜ਼ਖ਼ਮੀ ਹੋ ਗਏ ਸੀ। ਆਈਐਸਆਈਐਸ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਸੀ। ਤਾਲਿਬਾਨ ਬਲਾਂ ਨੇ ਇਸ ਸਬੰਧ ਵਿਚ ਇੱਕ ਸ਼ੱਕੀ ਆਈਐਸਆਈਐਸ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਇੱਕ ਸ਼ੀਆ ਮਸਜਿਦ 'ਤੇ ਬੰਬ ਹਮਲੇ ਦੀ ਯੋਜਨਾ ਬਣਾਈ ਸੀ।
21 ਅਪ੍ਰੈਲ ਨੂੰ ਹੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਵੀਰਵਾਰ ਨੂੰ ਸੜਕ ਕਿਨਾਰੇ ਹੋਏ ਧਮਾਕੇ 'ਚ ਦੋ ਬੱਚੇ ਜ਼ਖਮੀ ਹੋਏ। ਇਹ ਧਮਾਕਾ ਇੱਕ ਸ਼ੀਆ ਬਹੁਲ ਖੇਤਰ ਨੇੜੇ ਹੋਇਆ। ਇਸ ਤੋਂ ਦੋ ਦਿਨ ਪਹਿਲਾਂ ਵੀ ਇਸੇ ਇਲਾਕੇ ਵਿੱਚ ਵਿਦਿਅਕ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਕਈ ਧਮਾਕੇ ਕੀਤੇ ਗਏ। ਇਨ੍ਹਾਂ ਬੰਬ ਧਮਾਕਿਆਂ 'ਚ ਘੱਟੋ-ਘੱਟ 6 ਬੱਚੇ ਮਾਰੇ ਗਏ ਅਤੇ 17 ਹੋਰ ਜ਼ਖ਼ਮੀ ਹੋਏ। 22 ਅਪ੍ਰੈਲ ਨੂੰ ਉੱਤਰੀ ਸੂਬੇ ਕੁੰਦੁਜ਼ ਦੀ ਇੱਕ ਮਸਜਿਦ ਵਿੱਚ ਇੱਕ ਧਮਾਕਾ ਹੋਇਆ, ਜਿਸ ਵਿੱਚ 33 ਲੋਕ ਮਾਰੇ ਗਏ।
ਤਾਲਿਬਾਨ ਦੇ ਦਾਅਵੇ 'ਤੇ ਉੱਠੇ ਸਵਾਲ
ਤਾਲਿਬਾਨ ਪਿਛਲੇ ਸਾਲ ਅਗਸਤ 'ਚ ਸੱਤਾ ਸੰਭਾਲਣ ਤੋਂ ਬਾਅਦ ਤੋਂ ਹੀ ਦਾਅਵਾ ਕਰਦਾ ਆ ਰਿਹਾ ਹੈ ਕਿ ਉਨ੍ਹਾਂ ਨੇ ਦੇਸ਼ ਨੂੰ ਸੁਰੱਖਿਅਤ ਕਰ ਲਿਆ ਹੈ ਪਰ ਅੰਤਰਰਾਸ਼ਟਰੀ ਏਜੰਸੀਆਂ ਅਤੇ ਵਿਸ਼ਲੇਸ਼ਕ ਤਾਲਿਬਾਨ ਦੇ ਇਸ ਦਾਅਵੇ 'ਤੇ ਸਵਾਲ ਉਠਾ ਰਹੇ ਹਨ। ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਅੱਤਵਾਦ ਦੇ ਮੁੜ ਉੱਭਰਨ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਕਈ ਵੱਡੇ ਹਮਲਿਆਂ ਦਾ ਦਾਅਵਾ ਕੀਤਾ ਹੈ।
ਆਈਐਸਆਈਐਸ ਸ਼ੀਆ ਭਾਈਚਾਰੇ 'ਤੇ ਕਰ ਰਿਹਾ ਹਮਲੇ
ਆਈਐਸਆਈਐਸ ਨੇ ਅਫਗਾਨਿਸਤਾਨ ਵਿੱਚ ਸ਼ੀਆ ਭਾਈਚਾਰੇ ਦੇ ਖਿਲਾਫ ਅਕਸਰ ਮਾਰੂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਸ਼ੀਆ ਅਫਗਾਨ ਜ਼ਿਆਦਾਤਰ ਹਜ਼ਾਰਾ ਨਸਲੀ ਭਾਈਚਾਰੇ ਦੇ ਹਨ। ਦੇਸ਼ ਦੇ 38 ਕਰੋੜ ਲੋਕਾਂ 'ਚੋਂ 10 ਤੋਂ 20 ਫੀਸਦੀ ਲੋਕ ਹਨ। ਉਹ ਲੰਬੇ ਸਮੇਂ ਤੋਂ ਆਈਐਸਆਈਐਸ ਦੇ ਨਿਸ਼ਾਨੇ 'ਤੇ ਰਿਹਾ ਹੈ।