(Source: ECI/ABP News/ABP Majha)
ਜਗਰਾਓਂ 'ਚ ASI ਦੀ ਗੋਲੀ ਲੱਗਣ ਕਾਰਨ ਹੋਈ ਮੌਤ , ਡਿਊਟੀ 'ਤੇ ਜਾਣ ਤੋਂ ਪਹਿਲਾਂ ਚੈਕ ਕਰ ਰਿਹਾ ਸੀ AK-47
ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਕਸਬਾ ਜਗਰਾਓਂ ਵਿੱਚ ਸ਼ਾਮ 7.30 ਵਜੇ ਦੇ ਕਰੀਬ ਇੱਕ ASI ਨੂੰ ਅਚਾਨਕ ਗੋਲੀ ਲੱਗ ਗਈ। ਗੋਲੀ ਲੱਗਣ ਨਾਲ ਏਐਸਆਈ ਜ਼ਖ਼ਮੀ ਹੋ ਗਿਆ। ਉਸ ਦੇ ਸਾਥੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ
ਜਗਰਾਓਂ : ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਕਸਬਾ ਜਗਰਾਓਂ ਵਿੱਚ ਸ਼ਾਮ 7.30 ਵਜੇ ਦੇ ਕਰੀਬ ਇੱਕ ASI ਨੂੰ ਅਚਾਨਕ ਗੋਲੀ ਲੱਗ ਗਈ। ਗੋਲੀ ਲੱਗਣ ਨਾਲ ਏਐਸਆਈ ਜ਼ਖ਼ਮੀ ਹੋ ਗਿਆ। ਉਸ ਦੇ ਸਾਥੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ,ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ ਹੈ। ਮਰਨ ਵਾਲੇ ਏਐਸਆਈ ਨੂੰ AK-47 ਤੋਂ ਗੋਲੀ ਲੱਗੀ ਹੈ। ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ASI ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਸੀ।
ਇਹ ਟੀਮ ਗੈਂਗਸਟਰਾਂ ਦੇ ਖਾਤਮੇ ਲਈ ਕਾਂਗਰਸ ਦੇ ਕਾਰਜਕਾਲ ਦੌਰਾਨ ਬਣਾਈ ਗਈ ਸੀ। ਮ੍ਰਿਤਕ ਏਐਸਆਈ ਬੁਲਟ ਪਰੂਫ਼ ਗੱਡੀ ਵਿੱਚ ਸਵਾਰ ਹੋ ਕੇ ਗਸ਼ਤ ਕਰਦਾ ਸੀ। ਮ੍ਰਿਤਕ ਦੀ ਪਛਾਣ ਕੁਲਜੀਤ ਸਿੰਘ (50) ਵਜੋਂ ਹੋਈ ਹੈ। ਪੁਲਸ ਲਾਈਨ 'ਚ ਜਿਵੇਂ ਹੀ ਗੋਲੀਬਾਰੀ ਦੀ ਆਵਾਜ਼ ਆਈ ਤਾਂ ਬਾਕੀ ਪੁਲਿਸ ਮੁਲਾਜ਼ਮਾਂ 'ਚ ਹੜਕੰਪ ਮੱਚ ਗਿਆ।
ਜਦੋਂ ਸਾਰੇ ਪੁਲੀਸ ਮੁਲਾਜ਼ਮਾਂ ਨੇ ਕੁਲਜੀਤ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਹ ਹੱਕੇ-ਬੱਕੇ ਰਹਿ ਗਏ। ਕੁਲਜੀਤ ਨੂੰ ਗੋਲੀ ਲੱਗੀ ਸੀ ਅਤੇ ਕੁਲਜੀਤ ਜ਼ਮੀਨ 'ਤੇ ਡਿੱਗਿਆ ਪਿਆ ਸੀ। ਪੁਲਿਸ ਮੁਲਾਜ਼ਮਾਂ ਨੇ ਤੁਰੰਤ ਕੁਲਜੀਤ ਨੂੰ ਹਸਪਤਾਲ ਪਹੁੰਚਾਇਆ ਪਰ ਜਲਦੀ ਹੀ ਉਹ ਜ਼ਿੰਦਗੀ ਦੀ ਲੜਾਈ ਹਾਰ ਗਿਆ।
ਕੁਲਜੀਤ ਦੀ ਡਿਊਟੀ 8 ਵਜੇ ਸ਼ੁਰੂ ਹੋਣੀ ਸੀ। ਦੱਸਿਆ ਜਾ ਰਿਹਾ ਹੈ ਕਿ ਡਿਊਟੀ 'ਤੇ ਜਾਣ ਤੋਂ ਪਹਿਲਾਂ ਉਹ ਆਪਣੀ ਏਕੇ-47 ਦੀ ਜਾਂਚ ਕਰ ਰਿਹਾ ਸੀ ਕਿ ਅਚਾਨਕ ਫਾਇਰ ਹੋ ਗਿਆ। ਡੀਐਸਪੀ ਸਤਵਿੰਦਰ ਸਿੰਘ ਨੇ ਦੱਸਿਆ ਕਿ ਕਵਿੱਕ ਰਿਸਪਾਂਸ ਟੀਮ ਵਿੱਚ ਤਾਇਨਾਤ ਸਾਰੇ ਪੁਲੀਸ ਮੁਲਾਜ਼ਮ ਆਪਣੀ ਡਿਊਟੀ ’ਤੇ ਜਾਣ ਤੋਂ ਪਹਿਲਾਂ ਆਪਣੇ ਹਥਿਆਰਾਂ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਹਨ। ਇਸ ਤੋਂ ਬਾਅਦ ਹੀ ਉਹ ਆਪਣੀ ਡਿਊਟੀ 'ਤੇ ਜਾਂਦੇ ਹਨ।
ਡੀ.ਐਸ.ਪੀ ਸਤਵਿੰਦਰ ਸਿੰਘ ਅਨੁਸਾਰ ਏ.ਐਸ.ਆਈ.ਕੁਲਜੀਤ ਸਿੰਘ ਦੀ ਡਿਊਟੀ ਰਾਤ ਨੂੰ 8 ਵਜੇ ਸ਼ੁਰੂ ਹੁੰਦੀ ਸੀ ਅਤੇ ਉਹ ਆਪਣੀ ਡਿਊਟੀ 'ਤੇ ਜਾਣ ਤੋਂ ਪਹਿਲਾਂ ਦੇਰ ਸ਼ਾਮ ਆਪਣੇ ਕਮਰੇ ਵਿਚ ਹਥਿਆਰ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਸਨ ਕਿ ਇਸ ਦੌਰਾਨ ਅਚਾਨਕ ਗੋਲੀ ਚੱਲ ਗਈ।
ਏਐਸਆਈ ਕੁਲਜੀਤ ਸਿੰਘ ਦੀ ਗੰਭੀਰ ਜ਼ਖਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਏਐਸਆਈ ਕੁਲਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।