ਤਾਂਤਰਿਕ ਦੇ ਕਹਿਣ 'ਤੇ ਔਲਾਦ ਪ੍ਰਾਪਤੀ ਲਈ ਮਾਸੂਮ ਭੈਣ-ਭਰਾ ਦੀ ਦਿੱਤੀ ਬਲੀ! ਕੋਟਫ਼ੱਤਾ ਬਲੀ ਕਾਂਡ 'ਚ ਸੱਤ ਦੋਸੀਆਂ ਨੂੰ ਉਮਰ ਕੈਦ
ਕੋਟਫ਼ੱਤਾ ਬਲੀ ਕਾਂਡ ਦੇ ਨਾਂ ਨਾਲ ਜਾਣੀ ਜਾਂਦੀ ਇਹ ਵਾਰਦਾਤ 8 ਮਾਰਚ 2017 ਨੂੰ ਵਾਪਰੀ ਸੀ। ਅਦਾਲਤ ਨੇ ਫੈਸਲਾ ਸੁਣਾਉਂਦਿਆ ਕਿਹਾ ਕਿ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਦੇ ਉਕਸਾਉਣ ’ਤੇ ਅੱਠ ਸਾਲਾਂ ਦੇ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ...
Bathinda News: ਔਲਾਦ ਦੀ ਪ੍ਰਾਪਤੀ ਲਈ ਦਲਿਤ ਮਾਸੂਮ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ਵਿੱਚ ਅਦਾਲਤ ਨੇ ਸੱਤਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕੋਟਫ਼ੱਤਾ ਬਲੀ ਕਾਂਡ ਦੇ ਨਾਂ ਨਾਲ ਜਾਣੀ ਜਾਂਦੀ ਇਹ ਵਾਰਦਾਤ 8 ਮਾਰਚ 2017 ਨੂੰ ਵਾਪਰੀ ਸੀ। ਅਦਾਲਤ ਨੇ ਫੈਸਲਾ ਸੁਣਾਉਂਦਿਆ ਕਿਹਾ ਕਿ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਦੇ ਉਕਸਾਉਣ ’ਤੇ ਅੱਠ ਸਾਲਾਂ ਦੇ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਦੀ ਭੈਣ ਅਨਾਮਿਕਾ ਕੌਰ ਦੀ ਉਨ੍ਹਾਂ ਦੇ ਪਰਿਵਾਰ ਵੱਲੋਂ ਬਲੀ ਦਿੱਤੀ ਗਈ ਸੀ।
ਦੱਸ ਦਈਏ ਕਿ ਔਲਾਦ ਦੀ ਪ੍ਰਾਪਤੀ ਲਈ ਦਲਿਤ ਮਾਸੂਮ ਭੈਣ-ਭਰਾ ਦੀ ਹੱਤਿਆ ਵਾਲੇ ਕੋਟਫ਼ੱਤਾ ਬਲੀ ਕਾਂਡ ਵਿੱਚ ਵੀਰਵਾਰ ਨੂੰ ਐਡੀਸ਼ਨਲ ਸੈਸ਼ਨਜ਼ ਜੱਜ ਬਲਜਿੰਦਰ ਸਿੰਘ ਸਰਾਂ ਨੇ ਕੇਸ ਦੇ ਸੱਤਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਐਕਸ਼ਨ ਕਮੇਟੀ ਨੇ ਦੱਸਿਆ ਕਿ ਸੁਣਵਾਈ ਮੌਕੇ ਭਵਿੱਖ ਦੱਸਣ ਵਾਲਾ ਮੁੱਖ ਮੁਲਜ਼ਮ ਲਖਵਿੰਦਰ ਸਿੰਘ ਲੱਖੀ ਤਾਂਤਰਿਕ ਅਦਾਲਤ ਵਿੱਚ ਰਹਿਮ ਦੀ ਅਪੀਲ ਕਰਦਾ ਰਿਹਾ। ਲੰਮੇ ਸਮੇਂ ਤੋਂ ਅਦਾਲਤ ਵਿੱਚ ਚੱਲ ਰਹੇ ਇਸ ਬਲੀ ਕਾਂਡ ਕੇਸ ’ਚ ਵਕੀਲ ਚਰਨਪਾਲ ਸਿੰਘ ਬਰਾੜ ਨੇ ਅਦਾਲਤ ਤੋਂ ਸਾਰੇ ਦੋਸ਼ੀਆਂ ਲਈ ਫਾਂਸੀ ਦੀ ਮੰਗ ਕੀਤੀ ਸੀ।
ਅਦਾਲਤ ਨੇ ਇਸ ਅਹਿਮ ਸੁਣਵਾਈ ਮੌਕੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਮਗਰੋਂ ਪੰਦਰਾਂ ਮਿੰਟ ਬਾਅਦ ਆਉਣ ਲਈ ਕਿਹਾ। ਦੁਪਹਿਰ ਤਿੰਨ ਵਜੇ ਦੇ ਕਰੀਬ ਸਾਰੇ ਦੋਸ਼ੀਆਂ ਨੂੰ ਕਤਲ ਕੇਸ ਦੀ ਧਾਰਾ 302 ਤੇ ਸਾਜ਼ਿਸ਼ ’ਚ ਸ਼ਮੂਲੀਅਤ ਲਈ ਧਾਰਾ 120-ਬੀ ਤਹਿਤ ਉਮਰ ਕੈਦ ਤੇ 10-10 ਹਜ਼ਾਰ ਰੁਪਏ ਦੇ ਜੁਰਮਾਨੇ ਦੀਆਂ ਸਜ਼ਾਵਾਂ ਦਾ ਐਲਾਨ ਕੀਤਾ।
ਦੱਸ ਦਈਏ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਫ਼ੱਤਾ ਵਿੱਚ 8 ਮਾਰਚ 2017 ਦੀ ਰਾਤ ਨੂੰ ਮੁੱਖ ਦੋਸ਼ੀ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਦੇ ਉਕਸਾਉਣ ’ਤੇ ਅੱਠ ਸਾਲਾਂ ਦੇ ਮਾਸੂਮ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾਂ ਦੀ ਭੈਣ ਅਨਾਮਿਕਾ ਕੌਰ ਦੀ ਉਨ੍ਹਾਂ ਦੇ ਪਰਿਵਾਰ ਵੱਲੋਂ ਬਲੀ ਦੇ ਦਿੱਤੀ ਗਈ ਸੀ। ਕੇਸ ਦੇ ਸੱਤ ਦੋਸ਼ੀਆਂ ਵਿੱਚ ਬੱਚਿਆਂ ਦੀ ਦਾਦੀ ਨਿਰਮਲ ਕੌਰ, ਪਿਤਾ ਕੁਲਵਿੰਦਰ ਸਿੰਘ ਵਿੱਕੀ, ਮਾਤਾ ਰੋਜ਼ੀ ਕੌਰ, ਚਾਚਾ ਜਸਪ੍ਰੀਤ ਸਿੰਘ, ਭੂਆ ਜਿਸ ਦੀ ਔਲਾਦ ਖਾਤਰ ਬਲੀ ਦਿੱਤੀ ਗਈ ਸੀ, ਅਮਨਦੀਪ ਕੌਰ ਤੇ ਦੂਜੀ ਭੂਆ ਗਗਨ ਤੇ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਸ਼ਾਮਲ ਸਨ।
ਅਦਾਲਤ ਦੇ ਫ਼ੈਸਲੇ ਤੋਂ ਬਾਅਦ ਮੀਡੀਆ ਕਰਮੀਆਂ ਨਾਲ ਮੁਲਾਕਾਤ ਦੌਰਾਨ ਵਕੀਲ ਚਰਨਪਾਲ ਸਿੰਘ ਬਰਾੜ, ਭਾਈ ਪਰਨਜੀਤ ਸਿੰਘ ਜੱਗੀ ਬਾਬਾ, ਬਲਜਿੰਦਰ ਸਿੰਘ ਕੋਟਭਾਰਾ ਨੇ ਐਲਾਨ ਕੀਤਾ ਹੈ ਕਿ ਉਹ ਮੁੱਖ ਤਿੰਨ ਮੁਲਾਜ਼ਮਾਂ ਤਾਂਤਰਿਕ ਲਖਵਿੰਦਰ ਲੱਖੀ, ਬੱਚਿਆਂ ਦੀ ਦਾਦੀ ਨਿਰਮਲ ਕੌਰ ਤੇ ਉਨ੍ਹਾਂ ਦੇ ਪਿਤਾ ਕੁਲਵਿੰਦਰ ਵਿੱਕੀ ਨੂੰ ਫਾਂਸੀ ਦੀਆਂ ਸਜ਼ਾਵਾਂ ਲਈ ਹਾਈ ਕੋਰਟ ਵਿੱਚ ਕੇਸ ਦਾਇਰ ਕਰਨਗੇ।