Gurdaspur News: ਟਰੈਕਟਰ ਠੀਕ ਕਰਵਾ ਰਹੇ ਨੌਜਵਾਨ ਨੂੰ ਮਾਰੀ ਗੋਲੀ, ਪੁਰਾਣੀ ਰੰਜਿਸ਼ ਦਾ ਸ਼ੱਕ
Gurdaspur Crime News: ਕੁਝ ਨੌਜਵਾਨਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਫੇਰ ਪਿਸਤੌਲ ਨਾਲ ਫਾਇਰ ਕਰਕੇ ਦੌੜ ਗਏ। ਗੋਲੀ ਨੌਜਵਾਨ ਦੀ ਬਾਂਹ 'ਤੇ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਸਤਨਾਮ ਸਿੰਘ ਦੀ ਰਿਪੋਰਟ
Gurdaspur News: ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਡੇਰਾ ਬਾਬਾ ਨਾਨਕ ਦੇ ਧਰਮਕੋਟ ਰੰਧਾਵਾ ਪਿੰਡ ਦੀ ਇੱਕ ਦੁਕਾਨ 'ਤੇ ਟਰੈਕਟਰ ਠੀਕ ਕਰਵਾ ਰਹੇ ਨਜ਼ਦੀਕੀ ਪਿੰਡ ਮੇਘਾ ਦੇ ਨੌਜਵਾਨ 'ਤੇ ਮੋਟਰਸਾਈਕਲ 'ਤੇ ਆਏ ਕੁਝ ਨੌਜਵਾਨਾਂ ਨੇ ਪਹਿਲਾਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਤੇ ਫੇਰ ਪਿਸਤੌਲ ਨਾਲ ਫਾਇਰ ਕਰਕੇ ਦੌੜ ਗਏ। ਗੋਲੀ ਨੌਜਵਾਨ ਦੀ ਬਾਂਹ 'ਤੇ ਲੱਗੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ।
ਉਸ ਨੂੰ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਉਸ ਨੂੰ ਗੁਰਦਾਸਪੁਰ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੌਜਵਾਨ ਦੌੜਦੇ ਹੋਏ ਮੋਟਰਸਾਈਕਲ ਉੱਥੇ ਹੀ ਛੱਡ ਗਏ ਤੇ ਕਾਰ ਵਿੱਚ ਬੈਠ ਕੇ ਦੌੜ ਗਏ। ਉੱਥੇ ਹੀ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਜ਼ਖ਼ਮੀ ਨੌਜਵਾਨ ਤੇ ਉਸ ਦੇ ਭਰਾ ਨੇ ਦੱਸਿਆ ਕਿ ਉਹ ਹਮਲਾਵਰਾਂ ਨੂੰ ਜਾਣਦੇ ਹਨ ਪਰ ਉਨ੍ਹਾਂ ਨਾਲ ਉਨ੍ਹਾਂ ਦੀ ਕੋਈ ਪੁਰਾਣੀ ਦੁਸ਼ਮਣੀ ਨਹੀਂ ਤੇ ਕਦੀ ਕੋਈ ਗੱਲ ਵੀ ਨਹੀਂ ਹੋਈ। ਉੱਥੇ ਹੀ ਸਰਕਾਰੀ ਹਸਪਤਾਲ ਵਿੱਚ ਜ਼ਖ਼ਮੀ ਨੌਜਵਾਨ ਦੇ ਬਿਆਨ ਦਰਜ ਕਰਨ ਆਏ ਪੁਲਿਸ ਚੌਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਸ਼ੱਕ ਜਾਹਿਰ ਕੀਤਾ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਲੱਗਦਾ ਹੈ।
ਜ਼ਖ਼ਮੀ ਨੌਜਵਾਨ ਹਰਮਨਜੋਤ ਸਿੰਘ ਤੇ ਉਸ ਦੇ ਭਰਾ ਜੁਗਰਾਜ ਸਿੰਘ ਵਾਸੀ ਪਿੰਡ ਮੇਘਾ ਨੇ ਦੱਸਿਆ ਕਿ ਉਹ ਪਿੰਡ ਤੋਂ ਧਰਮਕੋਟ ਰੰਧਾਵਾ ਵਿਖੇ ਆਪਣਾ ਟਰੈਕਟਰ ਠੀਕ ਕਰਵਾਉਣ ਆਏ ਸਨ ਕਿ ਟਰੈਕਟਰ ਰਿਪੇਅਰ ਵਾਲੀ ਦੁਕਾਨ ਤੇ ਮੋਟਰਸਾਇਕਲ ਤੇ ਤਿੰਨ ਨੌਜਵਾਨ ਆਏ ਤੇ ਤੇਜ਼ਧਾਰ ਹਥਿਆਰਾਂ ਨਾਲ ਹਰਮਨਜੋਤ ਤੇ ਹਮਲਾ ਕਰ ਦਿੱਤਾ। ਉਸ ਨੂੰ ਜਖਮੀ ਕਰਕੇ ਦੌੜਦੇ ਹੋਏ ਉਨ੍ਹਾਂ ਨੇ ਦੇਸੀ ਪਿਸਤੌਲ ਨਾਲ ਫਾਇਰ ਵੀ ਕੀਤਾ। ਗੋਲੀ ਹਰਮਨਜੋਤ ਸਿੰਘ ਦੀ ਬਾਂਹ ਤੇ ਲੱਗੀ। ਉਨ੍ਹਾਂ ਦੱਸਿਆ ਹਮਲਾਵਰਾਂ ਵਿੱਚ ਕੁਝ ਉਨ੍ਹਾਂ ਦੇ ਪਿੰਡ ਦੇ ਵੀ ਹਨ ਪਰ ਉਨ੍ਹਾਂ ਨਾਲ ਉਨ੍ਹਾਂ ਦੀ ਕੋਈ ਪੁਰਾਣੀ ਦੁਸ਼ਮਣੀ ਨਹੀਂ।
ਉੱਥੇ ਹੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਡਿਊਟੀ ਤੇ ਤਾਇਨਾਤ ਡਾਕਟਰ ਨੇ ਦੱਸਿਆ ਕਿ ਗੋਲੀ ਲੱਗਣ ਕਾਰਨ ਡੇਰਾ ਬਾਬਾ ਨਾਨਕ ਹਸਪਤਾਲ ਤੋਂ ਹਰਮਨ ਜੋਤ ਨਾਮ ਦਾ ਇੱਕ ਨੌਜਵਾਨ ਰੈਫਰ ਕੀਤਾ ਗਿਆ ਹੈ। ਉਸ ਦੇ ਜ਼ਖ਼ਮਾਂ ਤੇ ਪੱਟੀਆਂ ਆਦਿ ਕਰ ਦਿੱਤੀਆਂ ਗਈਆਂ ਹਨ ਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਜ਼ਖਮਾਂ ਦੇ ਅਧਾਰ ਤੇ ਐਮਐਲਆਰ ਬਣਾ ਦਿੱਤੀ ਗਈ ਹੈ। ਫਿਲਹਾਲ ਜਖ਼ਮੀ ਨੌਜਵਾਨ ਦੀ ਹਾਲਤ ਬਿਲਕੁਲ ਠੀਕ-ਠਾਕ ਹੈ।
ਉੱਥੇ ਹੀ ਜਖਮੀ ਨੌਜਵਾਨ ਹਰਮਨ ਜੋਤ ਦੇ ਬਿਆਨ ਲੈਣ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਪਹੁੰਚੇ ਡੇਰਾ ਬਾਬਾ ਨਾਨਕ ਥਾਣੇ ਦੇ ਤਹਿਤ ਆਉਂਦੀ ਚੌਂਕੀ ਧਰਮਕੋਟ ਰੰਧਾਵਾ ਦੇ ਇੰਚਾਰਜ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਉਸ ਨੂੰ ਗੋਲੀ ਵੀ ਮਾਰੀ ਗਈ ਹੈ। ਫਿਲਹਾਲ ਜਖਮੀ ਹਰਮਨਜੋਤ ਨਾਮ ਦਾ ਨੌਜਵਾਨ ਬਿਲਕੁਲ ਠੀਕ-ਠਾਕ ਹੈ ਤੇ ਉਸ ਦੇ ਬਿਆਨ ਦਰਜ ਕਰਕੇ ਬਿਆਨਾਂ ਦੇ ਅਧਾਰ ਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।