Punjab News: ਜੱਜ ਦੇ ਗੰਨਮੈਨ ਨੇ ਖੁਦ ਨੂੰ ਮਾਰੀ ਗੋਲੀ, ਇਲਾਕੇ 'ਚ ਮੱਚਿਆ ਹੜਕੰਪ, ਮੰਜ਼ਰ ਦੇਖ ਲੋਕਾਂ ਦਾ ਦਹਿਲਿਆ ਦਿਲ
ਮੋਹਾਲੀ ਦੇ ਡੇਰਾਬਸੀ 'ਚ ਇਕ ਕਾਰ ਵਿਚ ਵਿਅਕਤੀ ਦੀ ਲਾਸ਼ ਮਿਲਣ ਕਾਰਨ ਇਲਾਕੇ 'ਚ ਹੜਕੰਪ ਮਚ ਗਿਆ। ਇਹ ਘਟਨਾ ਬੁੱਧਵਾਰ ਰਾਤ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਵਿਅਕਤੀ ਦੀ ਲਾਸ਼ ਮਿਲੀ ਹੈ, ਉਹ ਇਕ ਜੱਜ ਦਾ ਗੰਨਮੈਨ ਸੀ।

ਮੋਹਾਲੀ ਦੇ ਡੇਰਾਬਸੀ ਤੋਂ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇੱਥੋਂ ਦੀ ਅਦਾਲਤ ਵਿੱਚ ਤਾਇਨਾਤ ਇੱਕ ਮਹਿਲਾ ਜੱਜ ਦੇ ਗੰਨਮੈਨ ਨੇ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਸੁੰਦਰਾ ਪਿੰਡ ਵਾਸੀ 34 ਸਾਲਾ ਹਰਜੀਤ ਸਿੰਘ ਵਜੋਂ ਹੋਈ ਹੈ। ਉਹ ਆਪਣੇ ਪਿੱਛੇ ਪਤਨੀ ਅਤੇ 10 ਸਾਲਾ ਪੁੱਤਰ ਛੱਡ ਗਿਆ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਆਪਣੇ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਔਰਤ ਜੱਜ ਹੈਬਤਪੁਰ ਰੋਡ ਸਥਿਤ ਏ.ਟੀ.ਐੱਸ. ਵਿਲਾ ਸੋਸਾਇਟੀ ਵਿੱਚ ਰਹਿੰਦੀ ਹੈ, ਜਿੱਥੇ ਗੰਨਮੈਨ ਦੀ ਲਾਸ਼ ਕਾਰ ਵਿਚੋਂ ਮਿਲੀ। ਮ੍ਰਿਤਕ ਨੇ ਆਪਣੇ ਮੱਥੇ ਵਿੱਚ ਗੋਲੀ ਮਾਰੀ ਸੀ, ਜਿਸ ਕਾਰਨ ਥਾਂ 'ਤੇ ਹੀ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਸਾਲ 2012 ਵਿੱਚ ਪੁਲਿਸ 'ਚ ਹਵਲਦਾਰ ਵਜੋਂ ਭਰਤੀ ਹੋਇਆ ਸੀ। ਉਹ ਸ਼ੁਰੂ ਤੋਂ ਹੀ ਔਰਤ ਜੱਜ ਦੇ ਨਾਲ ਗੰਨਮੈਨ ਦੇ ਅਹੁਦੇ 'ਤੇ ਤਾਇਨਾਤ ਸੀ। ਕੱਲ੍ਹ ਦੁਪਹਿਰ 2 ਵਜੇ ਉਹ ਔਰਤ ਜੱਜ ਦੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਇਆ ਸੀ, ਜਿਸ ਤੋਂ ਬਾਅਦ ਸ਼ਾਮ 4 ਵਜੇ ਉਸਨੂੰ ਡੇਰਾਬੱਸਸੀ ਅਦਾਲਤ ਪਹੁੰਚਣਾ ਸੀ ਤਾਂ ਜੋ ਛੁੱਟੀ ਤੋਂ ਬਾਅਦ ਜੱਜ ਨੂੰ ਘਰ ਛੱਡ ਸਕੇ। ਇਸ ਦੌਰਾਨ ਸ਼ਾਮ ਨੂੰ ਉਸਦੀ ਨਿੱਜੀ ਗੱਡੀ ਵਿਚੋਂ ਉਸਦੀ ਲਾਸ਼ ਮਿਲੀ। ਗੱਡੀ ਚਾਲੂ ਸੀ ਅਤੇ ਔਰਤ ਜੱਜ ਦੇ ਘਰ ਦੇ ਨੇੜੇ ਲਾਵਾਰਿਸ ਹਾਲਤ ਵਿੱਚ ਖੜੀ ਸੀ।
ਖੜੀ ਗੱਡੀ ਨੂੰ ਚਾਲੂ ਹਾਲਤ 'ਚ ਵੇਖ ਕੇ ਇਲਾਕੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੱਡੀ ਦੀ ਖਿੜਕੀ ਤੋੜ ਕੇ ਲਾਸ਼ ਨੂੰ ਬਾਹਰ ਕੱਢਿਆ। ਮ੍ਰਿਤਕ ਦਾ ਫ਼ੋਨ ਬੰਦ ਸੀ ਅਤੇ ਉਸਦੀ ਪਿਸਤੌਲ ਕੋਲ ਹੀ ਪਈ ਸੀ। ਮ੍ਰਿਤਕ ਦੇ ਚਾਚੇ ਦੇ ਬੇਟੇ ਜਸ਼ਨ ਨੇ ਦੱਸਿਆ ਕਿ ਉਸਨੂੰ ਅਜਿਹੀ ਕੋਈ ਸਮੱਸਿਆ ਨਹੀਂ ਸੀ ਜਿਸ ਕਰਕੇ ਉਸਨੇ ਆਤਮਹੱਤਿਆ ਕੀਤੀ ਹੋਵੇ। ਮੌਕੇ 'ਤੇ ਪਹੁੰਚੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ ਤੇ ਨਮੂਨੇ ਇਕੱਠੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।






















