Punjab News : ਨਸ਼ਾ ਵੇਚਣ ਤੋਂ ਰੋਕਿਆ ਤਾਂ ਤਸਕਰਾਂ ਨੇ 4 ਲੋਕਾਂ ਨੂੰ ਵੱਢਿਆ ਕੁਹਾੜੀ ਨਾਲ ਅਤੇ ਫਿਰ...
Punjab News: ਪੰਜਾਬ ਦੇ ਪਿੰਡ ਤਲਵੰਡੀ ਸਾਬੋ ਵਿੱਚ ਹਮਲਾਵਰਾਂ ਨੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਕੁਹਾੜੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ। ਚਾਰਾਂ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਚੰਡੀਗੜ੍ਹ: ਪੰਜਾਬ ਵਿੱਚ ਨਸ਼ਿਆਂ ਦਾ ਧੰਦਾ ਲਗਾਤਾਰ ਜਾਰੀ ਹੈ ਤੇ ਜਦੋਂ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਹਮਲਾ ਕਰਨ ਲੱਗ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਤਲਵੰਡੀ ਸਾਬੋ ਦੇ ਪਿੰਡ ਬਾਹਮਣ ਜੱਸਾ ਸਿੰਘ ਵਾਲਾ ਵਿੱਚ ਸਾਹਮਣੇ ਆਇਆ ਹੈ, ਜਿੱਥੇ ਚਿੱਟੇ ਦਾ ਧੰਦਾ ਕਰਨ ਵਾਲੇ ਤਸਕਰਾਂ ਨੇ ਨਸ਼ਿਆਂ ਖਿਲਾਫ਼ ਬੋਲਣ ਵਾਲੇ ਲੋਕਾਂ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਕੁਹਾੜੀ ਨਾਲ ਇੱਕ ਔਰਤ ਸਣੇ ਚਾਰ ਲੋਕਾਂ ਉੱਤੇ ਹਮਲਾ ਕਰ ਦਿੱਤਾ। ਚਾਰਾਂ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਦੀ ਪਛਾਣ ਬਲਜੀਤ ਸਿੰਘ, ਜਗਜੀਤ ਸਿੰਘ, ਸੁਖਮੇਲ ਸਿੰਘ ਅਤੇ ਚਰਨਜੀਤ ਕੌਰ ਵਜੋਂ ਹੋਈ ਹੈ।
ਮੋਟਰਸਾਈਕਲ 'ਤੇ ਸਵਾਰ ਸਨ ਹਮਲਾਵਰ
ਦਰਅਸਲ ਪਿੰਡ ਬਾਹਮਣ ਜੱਸਾ ਸਿੰਘ ਵਾਲਾ ਦੇ ਲੋਕ ਲਗਾਤਾਰ ਨਸ਼ਾ ਤਸਕਰਾਂ ਦਾ ਵਿਰੋਧ ਕਰ ਰਹੇ ਹਨ, ਜਿਸ ਕਾਰਨ ਨਸ਼ਾ ਤਸਕਰਾਂ ਨੇ ਮੋਟਰਸਾਈਕਲ 'ਤੇ ਪਿੰਡ ਦਾ ਚੱਕਰ ਲਾਇਆ ਅਤੇ ਜੋ ਵੀ ਸਾਹਮਣੇ ਆਉਂਦਾ ਉਸ 'ਤੇ ਕੁਹਾੜੀ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਲਗਾਤਾਰ ਨਸ਼ਾ ਵੇਚਣ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਕਾਰਨ ਤਸਕਰਾਂ ਦੀ ਪਿੰਡ ਦੇ ਲੋਕਾਂ ਨਾਲ ਰੰਜਿਸ਼ ਚੱਲ ਰਹੀ ਸੀ। ਇਸ ਲਈ ਮੌਕਾ ਮਿਲਣ ਉੱਤੇ ਉਹ ਪਿੰਡ ਵਾਸੀਆਂ ਉੱਤੇ ਹਮਲਾ ਕਰ ਦਿੰਦੇ ਹਨ।
ਕੀ ਕਹਿੰਦੇ ਹਨ ਤਲਵੰਡੀ ਸਾਬੋ ਦੇ ਡੀਐਸਪੀ
ਦੂਜੇ ਪਾਸੇ ਤਲਵੰਡੀ ਸਾਬੋ ਦੇ ਡੀਐਸਪੀ ਜਤਿਨ ਬਾਂਸਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਮਲੇ ਦੀ ਜਾਣਕਾਰੀ ਮਿਲੀ ਹੈ, ਜਿਸ ਤੋਂ ਬਾਅਦ ਬਠਿੰਡਾ ਤੋਂ ਪੁਲਿਸ ਟੀਮ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਮੈਂਬਰ ਗੁਰਤੇਜ ਸਿੰਘ ਦਾ ਕਹਿਣਾ ਹੈ ਕਿ ਕੁਝ ਲੋਕ ਚਿੱਟੇ ਦਾ ਧੰਦਾ ਕਰ ਰਹੇ ਹਨ। ਇਹ ਲੋਕ ਸ਼ਰੇਆਮ ਚਿੱਟਾ ਵੇਚਦੇ ਹਨ ਪਰ ਸ਼ਿਕਾਇਤਾਂ ਦੇ ਬਾਵਜੂਦ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਸ਼ਿਕਾਇਤਾਂ 'ਤੇ ਪੁਲਿਸ ਸਿਰਫ ਖਾਨਾਪੂਰਤੀ ਕਰਦੀ ਹੈ।






















