Sidhu Moose Wala Murder: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਖੁੱਲ੍ਹਣਗੇ ਰਾਜ਼? ਸਲਮਾਨ ਖ਼ਾਨ ਨੂੰ ਧਮਕੀ ਤੋਂ ਵੀ ਉੱਠ ਸਕਦਾ ਪਰਦਾ
Sharp Shooter Santosh Jadhav Arrested: ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਸੰਤੋਸ਼ ਜਾਧਵ ਦਾ ਪੁਰਾਣਾ ਅਪਰਾਧਕ ਇਤਿਹਾਸ ਹੈ। ਉਸ 'ਤੇ ਕਤਲ, ਗੋਲੀਬਾਰੀ, ਕਤਲ ਦੀ ਕੋਸ਼ਿਸ਼, ਹਥਿਆਰ ਰੱਖਣ ਤੇ ਬਲਾਤਕਾਰ ਦੇ ਮਾਮਲੇ ਦਰਜ ਹਨ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Sidhu Moose Wala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਮੂਸੇਵਾਲਾ ਦੇ ਕਤਲ ਦਾ ਰਾਜ਼ ਖੁੱਲ੍ਹ ਸਕਦਾ ਹੈ। ਕਤਲ ਕਿਸ ਨੇ ਕਰਵਾਇਆ, ਮੁਖਬਰੀ ਕਿਸ ਨੇ ਕੀਤੀ ਤੇ ਕਤਲ ਦਾ ਕੀ ਮਕਸਦ ਸੀ? ਅਜਿਹੇ ਕਈ ਸਵਾਲਾਂ ਦੇ ਜਵਾਬ ਤਾਂ ਮਿਲ ਜਾਣਗੇ ਹੀ, ਨਾਲ ਹੀ ਫਿਲਮ ਸਟਾਰ ਸਲਮਾਨ ਖ਼ਾਨ ਨੂੰ ਦਿੱਤੀ ਗਈ ਧਮਕੀ 'ਤੇ ਪਿਆ ਪਰਦਾ ਵੀ ਉੱਠ ਸਕਦਾ ਹੈ।
ਫਿਲਹਾਲ ਪੁਣੇ ਗ੍ਰਾਮੀਣ ਅਪਰਾਧ ਸ਼ਾਖਾ ਨੇ ਸੁਰੱਖਿਆ ਕਾਰਨਾਂ ਕਰਕੇ ਸੰਤੋਸ਼ ਜਾਧਵ ਨੂੰ ਪੁਣੇ ਦੇ ਖੇਡ ਸਥਿਤ ਰਾਜਗੁਰੂਨਗਰ ਲਾਕਅੱਪ 'ਚ ਸ਼ਿਫਟ ਕਰ ਦਿੱਤਾ ਹੈ। ਉਸ ਤੋਂ ਪੁਣੇ ਗ੍ਰਾਮੀਣ ਅਪਰਾਧ ਸ਼ਾਖਾ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ। ਪੁਣੇ ਗ੍ਰਾਮੀਣ ਪੁਲਿਸ ਮੁਤਾਬਕ ਸੰਤੋਸ਼ ਜਾਧਵ ਦਾ ਪੁਰਾਣਾ ਅਪਰਾਧਿਕ ਇਤਿਹਾਸ ਹੈ। ਉਸ ਖਿਲਾਫ ਕਤਲ, ਗੋਲੀਬਾਰੀ, ਕਤਲ ਦੀ ਕੋਸ਼ਿਸ਼, ਹਥਿਆਰ ਰੱਖਣ ਤੇ ਬਲਾਤਕਾਰ ਦੇ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਓਮਕਾਰ ਉਰਫ ਰਣੀਆ ਬਾਂਖੇਲੇ ਦੇ ਕਤਲ ਤੋਂ ਬਾਅਦ ਉਸ 'ਤੇ ਮਕੋਕਾ ਲਗਾਇਆ ਗਿਆ ਸੀ। ਉਦੋਂ ਤੋਂ ਉਹ ਫਰਾਰ ਸੀ ਤੇ ਐਤਵਾਰ ਨੂੰ ਉਸ ਨੂੰ ਗੁਜਰਾਤ ਦੇ ਕੱਛ ਤੋਂ ਗ੍ਰਿਫਤਾਰ ਕੀਤਾ ਗਿਆ। ਪੁਣੇ ਦਿਹਾਤੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਕੀ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਉੱਠੇਗਾ ਪਰਦਾ ?
ਸੰਤੋਸ਼ ਜਾਧਵ ਪਿਛਲੇ ਸਾਲ ਅਗਸਤ 'ਚ ਪੁਣੇ 'ਚ ਮੰਚ ਦੇ ਬਦਮਾਸ਼ ਓਂਕਾਰ ਉਰਫ ਰਣੀਆ ਬਾਂਖੇਲੇ ਦੇ ਕਤਲ ਦੇ ਮਾਮਲੇ 'ਚ ਫਰਾਰ ਸੀ। ਪੁਣੇ ਦੀ ਅਪਰਾਧ ਸ਼ਾਖਾ ਸੰਤੋਸ਼ ਦੀ ਭਾਲ ਕਰ ਰਹੀ ਸੀ। ਸੰਤੋਸ਼ ਜਾਧਵ ਨੇ ਆਪਣੇ ਸੋਸ਼ਲ ਮੀਡੀਆ 'ਤੇ ਅਜਿਹਾ ਸਟੇਟਸ ਪਾਇਆ ਸੀ ਕਿ 'ਸੂਰਜ ਚੜ੍ਹਦੇ ਹੀ ਮੈਂ ਤੈਨੂੰ ਖ਼ਤਮ ਕਰ ਦੇਵਾਂਗਾ'। ਇਸ ਦਾ ਜਵਾਬ ਦਿੰਦੇ ਹੋਏ ਓਮਕਾਰ ਉਰਫ ਰਣੀਆ ਬਾਂਖੇਲੇ ਨੇ ਲਿਖਿਆ ਕਿ ਸੰਤੋਸ਼ ਜਾਧਵ ਨੂੰ ਮਿਲਣਗੇ ਤੇ ਉਨ੍ਹਾਂ ਨੂੰ ਮਾਰਾਂਗੇ। ਜਿਸ ਤੋਂ ਬਾਅਦ ਇੱਕ ਸ਼ੂਟਰ ਬਾਈਕ 'ਤੇ ਆਇਆ ਤੇ 1 ਅਗਸਤ 2021 ਨੂੰ ਦਿਨ-ਦਿਹਾੜੇ ਗੋਲੀ ਚਲਾ ਕੇ ਓਮਕਾਰ ਉਰਫ ਰਣੀਆ ਬਾਂਖੇਲੇ ਦਾ ਕਤਲ ਕਰ ਦਿੱਤਾ। ਇਸ ਮਾਮਲੇ 'ਚ ਸੰਤੋਸ਼ ਜਾਧਵ 'ਤੇ ਮਕੋਕਾ ਲਾਇਆ ਗਿਆ ਸੀ ਜਿਸ ਤੋਂ ਬਾਅਦ ਉਹ ਫਰਾਰ ਹੋ ਗਿਆ।
ਸੰਤੋਸ਼ ਜਾਧਵ ਲਾਰੇਂਸ ਬਿਸ਼ਨੋਈ ਗੈਂਗ 'ਚ ਕਿਵੇਂ ਸ਼ਾਮਲ ਹੋਇਆ?
ਪੁਣੇ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਓਮਕਾਰ ਦੀ ਹੱਤਿਆ ਕਰਨ ਤੋਂ ਬਾਅਦ ਸੰਤੋਸ਼ ਜਾਧਵ ਤੇ ਉਸ ਦਾ ਦੋਸਤ ਸੌਰਵ ਉਰਫ ਮਹਾਕਾਲ ਮਹਾਰਾਸ਼ਟਰ ਤੋਂ ਭੱਜ ਗਏ। ਇਨ੍ਹਾਂ ਦੋਵਾਂ ਖ਼ਿਲਾਫ਼ ਮਕੋਕਾ ਤਹਿਤ ਕੇਸ ਦਰਜ ਹੋਣ ਤੋਂ ਬਾਅਦ ਇਹ ਦੋਵੇਂ ਮੁਲਜ਼ਮ ਫ਼ਰਾਰ ਸੀ। ਪਿਛਲੇ ਇੱਕ ਸਾਲ ਤੋਂ ਇਨ੍ਹਾਂ ਦੋਵੇਂ ਮੁਲਜ਼ਮਾਂ ਨੇ ਦਿੱਲੀ ਐਨਸੀਆਰ, ਹਰਿਆਣਾ, ਪੰਜਾਬ, ਰਾਜਸਥਾਨ ਵਿੱਚ ਸ਼ਰਨ ਲਈ ਹੋਈ ਸੀ।
ਇਸ ਦੌਰਾਨ ਇਨ੍ਹਾਂ ਦੋਵਾਂ ਬਦਮਾਸ਼ਾਂ ਦੀ ਮੁਲਾਕਾਤ ਬਿਸ਼ਨੋਈ ਗੈਂਗ ਦੇ ਮੈਂਬਰਾਂ ਨਾਲ ਹੋਈ ਤੇ ਇਸ ਤਰ੍ਹਾਂ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਹਿੱਸਾ ਬਣ ਗਏ। ਸੰਤੋਸ਼ ਜਾਧਵ 'ਤੇ ਕਤਲ ਕੇਸ ਸਮੇਤ ਕਈ ਹੋਰ ਮਾਮਲੇ ਵੀ ਦਰਜ ਹਨ। ਇੱਕ ਮਾਮਲੇ ਵਿੱਚ ਸੰਤੋਸ਼ ਜਾਧਵ ਦੇ ਖਿਲਾਫ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਵੀ ਲਗਾਇਆ ਗਿਆ ਸੀ।
ਸੰਤੋਸ਼ ਜਾਧਵ ਖਿਲਾਫ ਕਿੰਨੇ ਕੇਸ ਦਰਜ?
ਪੁਣੇ ਦੇ ਮੰਚਰ ਥਾਣੇ 'ਚ ਸੰਤੋਸ਼ ਜਾਧਵ ਖਿਲਾਫ 4 ਮਾਮਲੇ ਦਰਜ ਕੀਤੇ ਗਏ ਹਨ। ਸਾਲ 2019 'ਚ ਬਲਾਤਕਾਰ ਦਾ ਮਾਮਲਾ, ਅਗਸਤ 2021 'ਚ ਓਮਕਾਰ ਦੀ ਹੱਤਿਆ ਦਾ ਮਾਮਲਾ, ਸੰਤੋਸ਼ 'ਤੇ ਮੰਚਰ ਥਾਣੇ 'ਚ ਵਸੂਲੀ ਅਤੇ ਚੋਰੀ ਦਾ ਮਾਮਲਾ ਵੀ ਦਰਜ ਹੈ। ਉਸ ਦੇ ਖਿਲਾਫ ਰਾਜਸਥਾਨ ਦੇ ਗੰਗਾਨਗਰ 'ਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਵੀ ਦਰਜ ਹੈ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਸੰਤੋਸ਼ ਨੇ ਹਥਿਆਰ ਚਲਾਉਣ ਦੀ ਸਿਖਲਾਈ ਵੀ ਲਈ ਹੈ। ਸੰਤੋਸ਼ ਜਾਧਵ ਪਿਛਲੇ ਸਾਲ ਤੱਕ ਮਸ਼ਹੂਰ ਬਦਮਾਸ਼ ਨਹੀਂ ਸੀ। ਪਰ ਓਮਕਾਰ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਐਲਾਨ ਕਰਕੇ ਉਹ ਸੁਰਖੀਆਂ 'ਚ ਆਇਆ ਸੀ।
ਪੁਲਿਸ ਲਈ ਸੰਤੋਸ਼ ਜਾਧਵ ਕਿੰਨਾ ਵੱਡਾ ਅਪਰਾਧੀ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਓਮਕਾਰ ਦੀ ਹੱਤਿਆ ਤੋਂ ਬਾਅਦ ਉਹ ਇੱਕ ਸਾਲ ਤੋਂ ਫਰਾਰ ਸੀ ਪਰ ਪੁਲਿਸ ਉਸ ਨੂੰ ਫੜਨ ਲਈ ਕੋਈ ਖਾਸ ਕੋਸ਼ਿਸ਼ ਨਹੀਂ ਕਰ ਰਹੀ ਸੀ। ਪਰ ਜਦੋਂ ਇਸ ਦਾ ਨਾਮ ਮੂਸੇਵਾਲਾ ਕਤਲ ਕਾਂਡ ਵਿੱਚ ਆਇਆ ਤਾਂ ਪੁਲਿਸ ਨੇ ਦਿਨ ਰਾਤ ਇੱਕ ਕਰ ਦਿੱਤਾ।
ਦੱਸ ਦਈਏ ਕਿ ਸੰਤੋਸ਼ ਜਾਧਵ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਡੌਨ ਦੀ ਤਸਵੀਰ ਦਿਖਾਉਣ ਦਾ ਬਹੁਤ ਸ਼ੌਕ ਹੈ। ਪੁਲਿਸ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਸੰਤੋਸ਼ ਜਾਧਵ ਡੌਨ ਅਰੁਣ ਗਵਲੀ ਦੇ ਗਿਰੋਹ ਦਾ ਕਰੀਬੀ ਹੈ ਅਤੇ ਇਸ ਲਈ ਉਸਨੇ ਆਪਣੇ ਵਿਰੋਧੀ ਓਮਕਾਰ ਬਾਂਖੇਲੇ ਉਰਫ ਰਣੀਆ ਦਾ ਕਤਲ ਕੀਤਾ ਸੀ।
ਸੰਤੋਸ਼ ਜਾਧਵ ਦਾ ਪਰਿਵਾਰਕ ਪਿਛੋਕੜ
ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦੀ ਉਮਰ ਮਹਿਜ਼ 24 ਸਾਲ ਹੈ। ਸੰਤੋਸ਼ ਮੂਲ ਰੂਪ ਤੋਂ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਪਾਰਨੇਰ ਤਾਲੁਕਾ ਦਾ ਰਹਿਣ ਵਾਲਾ ਹੈ। ਸੰਤੋਸ਼ ਪੁਣੇ ਦੇ ਮੰਚਰ ਦਾ ਰਹਿਣ ਵਾਲਾ ਨਹੀਂ ਹੈ। ਉਹ ਮੰਚਰ ਵਿਚ ਇਕੱਲਾ ਰਹਿੰਦਾ ਸੀ। ਸੰਤੋਸ਼ ਨੇ ਲਵ ਮੈਰਿਜ ਕੀਤੀ ਸੀ ਪਰ ਉਹ ਆਪਣੀ ਪਤਨੀ ਨਾਲ ਨਹੀਂ ਰਹਿੰਦਾ। ਸੰਤੋਸ਼ ਦੀ ਇੱਕ ਬੇਟੀ ਵੀ ਹੈ। ਸੰਤੋਸ਼ 13 ਸਾਲ ਦਾ ਸੀ ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ।
ਸੰਤੋਸ਼ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਿਤਾ ਦੀ ਮੌਤ ਤੋਂ ਬਾਅਦ ਸੰਤੋਸ਼ ਗਲਤ ਸੰਗਤ ਵਿੱਚ ਪੈ ਗਿਆ। ਸੰਤੋਸ਼ ਜਾਧਵ ਦੀ ਮਾਂ ਦਾ ਨਾਂ ਸੀਤਾ ਜਾਧਵ ਤੇ ਪਿਤਾ ਦਾ ਨਾਂ ਸੁਨੀਲ ਜਾਧਵ ਹੈ। ਸੰਤੋਸ਼ ਦੀ ਇੱਕ ਭੈਣ ਵੀ ਹੈ। ਉਸ ਦਾ ਆਪਣੇ ਪਰਿਵਾਰ ਨਾਲ ਰਿਸ਼ਤਾ ਨਾਹ ਦੇ ਬਰਾਬਰ ਹੈ।
ਇਹ ਵੀ ਪੜ੍ਹੋ: ਖੇਡਦੇ-ਖੇਡਦੇ 10 ਸਾਲਾ ਬੱਚੀ ਨੇ ਚੁੰਨੀ ਨਾਲ ਲਿਆ ਫਾਹਾ, ਦਰਦਨਾਕ ਮੌਤ