Amritsar: ਗੁਰੂਨਗਰੀ ਵਿੱਚ ਲੁਟੇਰਿਆਂ ਦਾ ਸਿਕਾਰ ਬਣੀ ਮਹਿਲਾ ਸੈਲਾਨੀ, ਹੋਈ ਮੌਤ
ਅੰਮ੍ਰਿਤਸਰ 'ਚ ਇੱਕ ਮਹਿਲਾ ਸੈਲਾਨੀ ਨੂੰ ਲੁਟੇਰਿਆਂ ਕਰਕੇ ਆਪਣੀ ਜਾਨ ਗੁਆਉਣੀ ਪਈ। ਘਟਨਾ ਤੋਂ ਬਾਅਦ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਾਹ ਵਿੱਚ ਹੀ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਹੈ।
Amritsar: ਗੁਰੂ ਨਗਰੀ ਅੰਮ੍ਰਿਤਸਰ ਵਿੱਚ ਲੁੱਟਾਂ ਖੋਹਾਂ ਕਰਨ ਵਾਲਿਆਂ ਕਾਰਨ ਇੱਕ ਮਹਿਲਾ ਟੂਰਿਸਟ ਨੂੰ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ 28 ਸਾਲਾਂ ਦੀ ਗੰਗਾ ਦੇ ਤੌਰ 'ਤੇ ਹੋਈ ਹੈ। ਗੰਗਾ ਸਿੱਕਮ ਦੇ ਗੰਗਟੋਕ ਦੀ ਰਹਿਣ ਵਾਲੀ ਹੈ ਤੇ ਪੜ੍ਹਾਈ ਕਰਨ ਲਈ ਦਿੱਲੀ ਆਈ ਹੋਈ ਸੀ। ਇਸ ਦੌਰਾਨ ਉਹ ਆਪਣੇ ਦੋਸਤ ਨਾਲ ਅੰਮ੍ਰਿਤਸਰ ਵਿੱਚ ਰੀਟ੍ਰੀਟ ਸੈਰਮਣੀ ਵੇਖਣ ਲਈ ਆਈ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਤੇ ਉਸ ਨੂੰ ਆਪਣੀ ਜਾਨ ਤੋਂ ਹੱਥ ਗੁਆਉਣਾ ਪਿਆ।
ਦਰਅਸਲ ਸ਼ਾਮ ਦੇ ਵੇਲੇ ਗੰਗਾ ਅਟਾਰੀ ਸਰਹੱਦ ਤੋਂ ਰਿਟ੍ਰੀਟ ਦੇਖਦੇ ਵਾਪਸ ਆਟੋ ਤੋਂ ਆ ਰਹੀ ਸੀ ਤਾਂ ਰਾਹ ਦੇ ਵਿੱਚ ਪਿੰਡੀ ਡੋਢੀਵਿੰਡ ਦੇ ਕੋਲ ਦੇ ਮੋਟਰਸਾਇਕਲ ਸਵਾਰਾਂ ਨੇ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਤੇ ਇਸ ਦੌਰਾਨ ਉਹ ਪਰਸ ਖਿੱਚਣ ਦੇ ਨਾਲ ਸੜਕ ਉੱਤੇ ਡਿੱਗ ਗਈ ਤੇ ਉਸ ਦਾ ਸਿਰ ਸੜਕ ਵਿੱਚ ਵੱਜਿਆ ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਈ। ਇਸ ਤੋਂ ਬਾਅਦ ਲੁਟੇਰੇ ਉਸ ਦੀ ਹਾਲਤ ਨੂੰ ਵੇਖ ਕੇ ਮੌਕੇ ਤੋਂ ਫਰਾਰ ਹੋ ਗਏ।
ਇਸ ਤੋਂ ਬਾਅਦ ਜ਼ਖ਼ਮੀ ਗੰਗਾ ਨੂੰ ਨੇੜੇਲੇ ਹਸਪਤਾਲ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਹਾਲਤ ਨਾਜ਼ੁਕ ਦੇਖ ਕੇ ਉਸ ਨੂੰ ਫਸਟ ਏਡ ਦੇ ਕੇ ਵੱਡੇ ਹਸਪਤਾਲ ਰੈਫਰ ਕੀਤਾ ਗਿਆ। ਪਰ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਸੀ ਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਰਾਹ ਵਿੱਚ ਮੌਤ ਹੋ ਗਈ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਭਰੋਸਾ ਦਿੱਤਾ ਹੈ ਕਿ ਉਹ ਛੇਤੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲੈਣਗੇ ਤੇ ਉਨ੍ਹਾਂ ਨੂੰ ਕਾਨੂੰਨ ਦੇ ਹਿਸਾਬ ਦੇ ਨਾਲ ਬਣਦੀ ਸਜ਼ਾ ਦਿੱਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।