Amritsar News: 'ਆਪ' ਵਿਧਾਇਕ ਪੰਡੋਰੀ ਵਿਵਾਦਾਂ 'ਚ ਘਿਰੇ! ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਖਤ ਨੋਟਿਸ
ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਉਪਰ ਅਰਦਾਸ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਆਪਣੇ ਸੀਨੀਅਰ ਲੀਡਰਾਂ ਨੂੰ ਖੁਸ਼ ਕਰਨ ਦੇ ਇਲਜ਼ਾਮ ਲੱਗੇ ਹਨ।
Amritsar News: ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਉਪਰ ਅਰਦਾਸ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਆਪਣੇ ਸੀਨੀਅਰ ਲੀਡਰਾਂ ਨੂੰ ਖੁਸ਼ ਕਰਨ ਦੇ ਇਲਜ਼ਾਮ ਲੱਗੇ ਹਨ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ।
ਗਿਆਨੀ ਰਘਬੀਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ’ਤੇ ਅਰਦਾਸ ਦੇ ਸ਼ਬਦਾਂ ਨੂੰ ਤੋੜ-ਮਰੋੜ ਦੇ ਸਿਆਸੀ ਆਕਾਵਾਂ ਦੀ ਖੁਸ਼ਾਮਦ ਵਿੱਚ ਵਰਤਣ ਦੇ ਲੱਗੇ ਦੋਸ਼ਾਂ ਦਾ ਸਖ਼ਤ ਨੋਟਿਸ ਲੈਂਦਿਆਂ ਇਸ ਦੀ ਨਿੰਦਾ ਕੀਤੀ ਹੈ। ਸ੍ਰੀ ਅਕਾਲ ਤਖ਼ਤ ਸਕੱਤਰੇਤ ਤੋਂ ਦੇਰ ਸ਼ਾਮ ਇਸ ਸਬੰਧ ਵਿੱਚ ਜਾਰੀ ਕੀਤੇ ਗਏ ਬਿਆਨ ’ਚ ਜਥੇਦਾਰ ਨੇ ਆਖਿਆ ਕਿ ਪਾਵਨ ਅਰਦਾਸ ਦਾ ਇਕ-ਇਕ ਸ਼ਬਦ ਸਿੱਖਾਂ ਲਈ ਪਵਿੱਤਰ ਦਰਜਾ ਰੱਖਦਾ ਹੈ।
ਉਨ੍ਹਾਂ ਨੇ ਕਿਹਾ ਕਿ ਅਰਦਾਸ ਵਿੱਚ ਨਿਓਟਿਆਂ ਦੀ ਓਟ ਤੇ ਨਿਤਾਣਿਆਂ ਦੇ ਤਾਣ ਸ਼ਬਦ ਸਿਰਫ਼ ਗੁਰੂ ਸਾਹਿਬਾਨ ਤੇ ਅਕਾਲ ਪੁਰਖ ਵਾਸਤੇ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਵੀਡਿਓ ਕਲਿੱਪ ਉਨ੍ਹਾਂ ਨੂੰ ਮਿਲੀ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਨਿਤਾਣਿਆਂ ਦੇ ਤਾਣ ਤੇ ਨਿਓਟਿਆਂ ਦੀ ਓਟ ਸ਼ਬਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀ ਖੁਸ਼ਾਮਦ ਵਿੱਚ ਬੋਲਿਆ ਗਿਆ ਹੈ, ਜੋ ਕਿ ਇਕ ਬੱਜਰ ਗਲਤੀ ਹੈ।
ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਆਖਿਆ ਕਿ ਸਿਆਸੀ ਲੋਕ ਵਾਰ-ਵਾਰ ਤਾੜਨਾ ਕਰਨ ਦੇ ਬਾਵਜੂਦ ਗੁਰਬਾਣੀ ਤੇ ਸਿੱਖ ਸ਼ਰਧਾ ਦੇ ਸ਼ਬਦਾਂ ਦੀ ਸਿਆਸੀ ਖੁਸ਼ਾਮਦਾਂ ਵਾਸਤੇ ਦੁਰਵਰਤੋਂ ਕਰ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਯਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਆਗੂ ਵੱਲੋਂ ਅਰਦਾਸ ਦੇ ਸ਼ਬਦਾਂ ਦੀ ਬੇਅਦਬੀ ਕਰਨ ਦੀ ਵੀਡੀਓ ਦੇ ਮਾਮਲੇ ਦੀ ਉਹ ਪੜਤਾਲ ਕਰਵਾ ਰਹੇ ਹਨ ਅਤੇ ਦੋਸ਼ੀ ਪਾਏ ਜਾਣ ’ਤੇ ਸਿੱਖ ਪਰੰਪਰਾਵਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।