Action against Ragi: ਪ੍ਰੋ. ਦਰਸ਼ਨ ਸਿੰਘ ਰਾਗੀ 'ਤੇ ਵੱਡੀ ਕਾਰਵਾਈ, ਪੰਥ 'ਚੋਂ ਛੇਕਿਆ, ਜਥੇਦਾਰ ਨੇ ਕਿਹਾ ਗੁਰਮਤਿ ਸਮਾਗਮ ਵਿਚ ਸ਼ਾਮਲ ਨਾ ਹੋਣ ਦੇਣ
Darshan Singh Ragi: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਅਨੁਸਾਰ ਸਮੂਹ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਪ੍ਰੋ. ਦਰਸ਼ਨ ਸਿੰਘ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਲਈ ਕਿਹਾ ਗਿਆ ਸੀ। ਗਿਆਨੀ ਰਘਬੀਰ ਸਿੰਘ ਨੇ
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖ ਪੰਥ ਵਿਚੋਂ ਛੇਕੇ ਹੋਏ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਦੇਸ਼-ਵਿਦੇਸ਼ ਵਿਚ ਕਿਸੇ ਵੀ ਗੁਰਮਤਿ ਸਮਾਗਮ ਦੇ ਮੰਚ ਦੀ ਵਰਤੋਂ ਨਾ ਕਰਨ ਦੇਣ ਸਬੰਧੀ ਸਿੱਖ ਸੰਗਤਾਂ ਨੂੰ ਆਦੇਸ਼ ਜਾਰੀ ਕਰਦਿਆਂ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਵੀ ਤਾੜਨਾ ਕੀਤੀ ਹੈ ਕਿ ਸਿੱਖ ਪਰੰਪਰਾਵਾਂ ਅਨੁਸਾਰ ਜਦੋਂ ਤੱਕ ਉਹ ਗੁਰੂ-ਪੰਥ ਕੋਲੋਂ ਆਪਣੀ ਭੁੱਲ ਨਹੀਂ ਬਖਸ਼ਾ ਲੈਂਦਾ, ਉਦੋਂ ਤੱਕ ਉਹ ਕਿਸੇ ਵੀ ਧਾਰਮਿਕ ਸਮਾਗਮ ਦੇ ਮੰਚ ਉੱਤੇ ਨਾ ਚੜ੍ਹੇ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਪ੍ਰੋ. ਦਰਸ਼ਨ ਸਿੰਘ ਰਾਗੀ ਵੱਖ-ਵੱਖ ਸਮੇਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਸਿੱਖਾਂ ਅੰਦਰ ਗੁਰੂ-ਸਿਧਾਂਤਾਂ, ਇਤਿਹਾਸ, ਮਰਿਆਦਾ ਅਤੇ ਪਰੰਪਰਾਵਾਂ ਸਬੰਧੀ ਅਨੇਕ ਪ੍ਰਕਾਰ ਦੀਆਂ ਦੁਬਿਧਾਵਾਂ ਖੜ੍ਹੀਆਂ ਕਰਨ ਦੇ ਕੋਝੇ ਯਤਨਾਂ ਕਰਦਾ ਰਿਹਾ ਹੈ।
ਇਸ ਵਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧ ਵਿਚ ਵੀ ਘਟੀਆ ਅਤੇ ਅਪਮਾਨਜਨਕ ਟਿੱਪਣੀਆਂ ਕਰਨ ਤੋਂ ਬਾਅਦ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵਲੋਂ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਤਲਬ ਕੀਤਾ ਗਿਆ ਤਾਂ ਵਾਰ-ਵਾਰ ਮੌਕਾ ਦੇਣ ‘ਤੇ ਵੀ ਇਹ ਹਾਜ਼ਰ ਨਾ ਹੋ ਕੇ ਨਿੱਜੀ ਹਉਮੈ, ਖੁਦਗਰਜ਼ੀ ਅਤੇ ਹੰਕਾਰ ਵੱਸ ਪੰਚ-ਪ੍ਰਧਾਨੀ ਪਰੰਪਰਾ ਤੋਂ ਆਕੀ ਹੋ ਗਿਆ ਸੀ, ਜਿਸ ਤੋਂ ਬਾਅਦ 29 ਜਨਵਰੀ 2010 ਨੂੰ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਅਨੁਸਾਰ ਸਮੂਹ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਪ੍ਰੋ. ਦਰਸ਼ਨ ਸਿੰਘ ਨਾਲ ਰੋਟੀ-ਬੇਟੀ ਦੀ ਸਾਂਝ ਨਾ ਰੱਖਣ ਲਈ ਕਿਹਾ ਗਿਆ ਸੀ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸੰਗਤਾਂ ਦੀਆਂ ਇਹ ਸ਼ਿਕਾਇਤਾਂ ਪੁੱਜੀਆਂ ਹਨ ਕਿ ਪ੍ਰੋ. ਦਰਸ਼ਨ ਸਿੰਘ ਰਾਗੀ ਵਿਦੇਸ਼ ਤੋਂ ਪਰਤ ਕੇ ਅਗਲੇ ਦਿਨਾਂ ਵਿਚ ਭੋਪਾਲ ਅਤੇ ਕੁਝ ਹੋਰ ਥਾਵਾਂ ‘ਤੇ ਗੁਰਮਤਿ ਸਮਾਗਮਾਂ ਵਿਚ ਕੀਰਤਨ ਕਰਨ ਲਈ ਆ ਰਿਹਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਗੁਰਦੁਆਰਾ ਕਮੇਟੀਆਂ ਅਤੇ ਧਾਰਮਿਕ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਸਖ਼ਤ ਹਦਾਇਤ ਕੀਤੀ ਕਿ ਉਹ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਕਿਸੇ ਧਾਰਮਿਕ ਸਮਾਗਮ ਵਿਚ ਸੱਦ ਕੇ ਗੁਰੂ-ਪੰਥ ਦੇ ਦੇਣਦਾਰ ਨਾ ਬਣਨ। ਨਾਲ ਹੀ ਉਨ੍ਹਾਂ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਵੀ ਤਾੜਨਾ ਕੀਤੀ ਕਿ ਸਿੱਖ ਪੰਥ ਵਿਚ ਦੁਫਾੜ ਅਤੇ ਫੁੱਟ ਪਾਉਣ ਦੀ ਨੀਅਤ ਨਾਲ ਧਾਰਮਿਕ ਸਮਾਗਮਾਂ ਵਿਚ ਸ਼ਾਮਲ ਹੋਣ ਤੋਂ ਗੁਰੇਜ਼ ਕਰੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿੰਦਾ ਕਰਨ ਅਤੇ ਗੁਰੂ-ਪੰਥ ਤੋਂ ਆਕੀ ਹੋਣ ਦੀ ਅਵੱਗਿਆ ਸਵੀਕਾਰ ਕਰਕੇ ਆਪਣੀ ਭੁੱਲ ਬਖਸ਼ਾਵੇ।
ਉਨ੍ਹਾਂ ਦੇਸ਼-ਵਿਦੇਸ਼ ਦੀ ਸੰਗਤ ਨੂੰ ਆਦੇਸ਼ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਪ੍ਰੋ. ਦਰਸ਼ਨ ਸਿੰਘ ਰਾਗੀ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਨਾ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਿੱਖ ਨੇ ਪ੍ਰੋ. ਦਰਸ਼ਨ ਸਿੰਘ ਰਾਗੀ ਨੂੰ ਕਿਸੇ ਧਾਰਮਿਕ ਸਮਾਗਮ ਬੁਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਗੁਰੂ-ਪੰਥ ਦਾ ਦੇਣਦਾਰ ਹੋਵੇਗਾ ਅਤੇ ਉਸ ਦੇ ਖ਼ਿਲਾਫ਼ ਸਿੱਖ ਪਰੰਪਰਾਵਾਂ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।