ਤੀਜੀ ਵਾਰ ਤਲਬ ਕਰਨ ਮਗਰੋਂ ਆਖਰ ਸੀਐਮ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ’ਤੇ ਭੇਜਿਆ ਸਪਸ਼ਟੀਕਰਨ
ਮੁੱਖ ਮੰਤਰੀ ਵਲੋਂ ਸਪਸ਼ਟੀਕਰਨ ਭੇਜਣ ਦੇ ਫੈਸਲੇ ਨਾਲ ਅਸਿੱਧੇ ਰੂਪ ਵਿੱਚ ਮੁਤਵਾਜ਼ੀ ਜਥੇਦਾਰ ਨੂੰ ਸਰਕਾਰ ਵੱਲੋਂ ਬਤੌਰ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਮਾਨਤਾ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਵੱਲੋਂ ਭੇਜਿਆ ਗਿਆ ਇਹ ਸਪਸ਼ਟੀਕਰਨ...
Amritsar News: ਗੁਰਬਾਣੀ ਸੋਧ ਬਿੱਲ ਰਾਹੀਂ ਸਿੱਖ ਧਰਮ ਵਿੱਚ ਦਖ਼ਲਅੰਦਾਜ਼ੀ ਦੇ ਮਾਮਲੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਦੋ ਨੁਮਾਇੰਦਿਆਂ ਦੇ ਰਾਹੀਂ ਆਪਣਾ ਸਪਸ਼ਟੀਕਰਨ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਭੇਜਿਆ ਹੈ। ਭਗਵੰਤ ਮਾਨ ਨੂੰ ਸਪਸ਼ਟੀਕਰਨ ਦੇਣ ਵਾਸਤੇ ਮੁਤਵਾਜ਼ੀ ਜਥੇਦਾਰ ਵੱਲੋਂ ਤੀਜੀ ਵਾਰ ਸ੍ਰੀ ਅਕਾਲ ਤਖ਼ਤ ’ਤੇ ਸੱਦਿਆ ਗਿਆ ਸੀ ਤੇ ਬੁੱਧਵਾਰ ਨੂੰ ਸਪਸ਼ਟੀਕਰਨ ਦੇਣ ਦਾ ਆਖਰੀ ਮੌਕਾ ਸੀ।
ਮੁੱਖ ਮੰਤਰੀ ਵਲੋਂ ਸਪਸ਼ਟੀਕਰਨ ਭੇਜਣ ਦੇ ਫੈਸਲੇ ਨਾਲ ਅਸਿੱਧੇ ਰੂਪ ਵਿੱਚ ਮੁਤਵਾਜ਼ੀ ਜਥੇਦਾਰ ਨੂੰ ਸਰਕਾਰ ਵੱਲੋਂ ਬਤੌਰ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਵਜੋਂ ਮਾਨਤਾ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਵੱਲੋਂ ਭੇਜਿਆ ਗਿਆ ਇਹ ਸਪਸ਼ਟੀਕਰਨ ਇੱਕ ਪੱਤਰ ਦੇ ਰੂਪ ਵਿੱਚ ਹੈ, ਜੋ ਲਿਫਾਫੇ ਵਿੱਚ ਬੰਦ ਸੀ। ਇਸ ਪੱਤਰ ਨੂੰ ਲੈ ਕੇ ਦੋ ਵਿਧਾਇਕ ਕਰਮਵੀਰ ਸਿੰਘ ਘੁੰਮਣ ਤੇ ਸਰਵਣ ਸਿੰਘ ਧੁੰਨ ਇੱਥੇ ਸ੍ਰੀ ਅਕਾਲ ਤਖ਼ਤ ਦੇ ਸਕੱਤਰ ਦੇ ਬਾਹਰ ਪੁੱਜੇ ਸਨ। ਉਨ੍ਹਾਂ ਵੱਲੋਂ ਮੁੱਖ ਮੰਤਰੀ ਦੁਆਰਾ ਭੇਜਿਆ ਗਿਆ ਇਹ ਪੱਤਰ ਭਾਈ ਮੰਡ ਨੂੰ ਸੌਂਪ ਦਿੱਤਾ ਗਿਆ।
ਮੁੱਖ ਮੰਤਰੀ ਵੱਲੋਂ ਭੇਜਿਆ ਗਿਆ ਪੱਤਰ ਪ੍ਰਾਪਤ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਭਾਈ ਮੰਡ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਆਪਣੇ ਬਾਕੀ 4 ਸਾਥੀਆਂ ਨਾਲ ਵਿਚਾਰ ਵਟਾਂਦਰਾ ਕਰਨਗੇ। ਪੰਚ ਪ੍ਰਧਾਨੀ ਪ੍ਰਥਾ ਮੁਤਾਬਕ ਇਸ ਸਪਸ਼ਟੀਕਰਨ ’ਤੇ ਵਿਚਾਰ ਕੀਤਾ ਜਾਵੇਗਾ ਤੇ ਵਿਚਾਰਨ ਮਗਰੋਂ ਇਸ ਸਬੰਧੀ ਅਗਲਾ ਫੈਸਲਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੂੰ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੇ ਦੋਸ਼ ਹੇਠ ਆਪਣਾ ਸਪਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖਤ ਤੇ ਤਲਬ ਕੀਤਾ ਗਿਆ ਸੀ। ਉਨ੍ਹਾਂ ਨੂੰ ਸਪਸ਼ਟੀਕਰਨ ਦੇਣ ਵਾਸਤੇ ਤਿੰਨ ਮੌਕੇ ਦਿੱਤੇ ਗਏ ਹਨ। ਬੁੱਧਵਾਰ ਨੂੰ ਤੀਜੇ ਮੌਕੇ ਸਮੇਂ ਉਨ੍ਹਾਂ ਨੇ ਆਪਣੇ ਦੋ ਨੁਮਾਇੰਦਿਆਂ ਦੇ ਰਾਹੀਂ ਆਪਣਾ ਸਪਸ਼ਟੀਕਰਨ ਭੇਜਿਆ ਹੈ।
ਉਨ੍ਹਾਂ ਕਿਹਾ ਕਿ ਸਿੱਖ ਧਾਰਮਿਕ ਮਾਮਲਿਆਂ ਵਿੱਚ ਸਰਕਾਰਾਂ ਨੂੰ ਦਖ਼ਲਅੰਦਾਜ਼ੀ ਕਰਨ ਦਾ ਕੋਈ ਹੱਕ ਨਹੀਂ। ਮੁੱਖ ਮੰਤਰੀ ਦਾ ਪੱਤਰ ਲੈ ਕੇ ਆਏ ਵਿਧਾਇਕ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਭਾਈ ਮੰਡ ਦੇ ਨਾਂ ’ਤੇ ਇਹ ਪੱਤਰ ਭੇਜਿਆ ਗਿਆ ਹੈ, ਜੋ ਉਨ੍ਹਾਂ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹਨ। ਇਸ ਮੌਕੇ ਮੁੱਤਵਾਜ਼ੀ ਜਥੇਦਾਰ ਦੇ ਨਾਲ ਸਿੱਖ ਆਗੂ ਜਰਨੈਲ ਸਿੰਘ ਸਖੀਰਾ , ਸਤਨਾਮ ਸਿੰਘ ਮਨਾਵਾਂ, ਹਰਬੀਰ ਸਿੰਘ ਸੰਧੂ ਤੇ ਹੋਰ ਹਾਜ਼ਰ ਸਨ।