Punjab Police: ਅਜਨਾਲਾ ਬੰਬ ਮਾਮਲੇ ਦੇ ਖਾਲਿਸਤਾਨੀਆਂ ਨਾਲ ਜੁੜੇ ਤਾਰ, ਬੱਬਰ ਖਾਲਸਾ ਆਗੂਆਂ ਨੇ ਰਚੀ ਸਾਜਿਸ਼ ! ਥਾਣੇ ਦੇ ਦਰਵਾਜ਼ੇ ’ਤੇ ਲਾਇਆ ਡੈਟੋਨੇਟਰ
ਅਜਨਾਲਾ ਕਾਂਡ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਦੀ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਸੀ ਪਰ ਹੁਣ ਇਸ ਤਾਜ਼ਾ ਘਟਨਾ ਨੇ ਇਲਾਕੇ ਵਿੱਚ ਸੁਰੱਖਿਆ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Punjab Police: ਅੰਮ੍ਰਿਤਸਰ ਦੇ ਅਜਨਾਲਾ ਥਾਣੇ 'ਚ ਐਤਵਾਰ ਨੂੰ ਮਿਲੇ ਬੰਬ ਦੇ ਪਿੱਛੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੈਪੀ ਪਾਸੀਆਂ ਤੇ ਗੋਪੀ ਨਵਾਂਸ਼ਹਿਰ ਦਾ ਹੱਥ ਹੋਣ ਦਾ ਖੁਲਾਸਾ ਹੋਇਆ ਹੈ। ਪੁਲਿਸ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਨਹੀਂ ਦੇ ਰਹੀ ਹੈ ਪਰ ਸੂਤਰਾਂ ਅਨੁਸਾਰ ਇਸ ਬੰਬ ਵਿੱਚ RDX ਦੀ ਵਰਤੋਂ ਕੀਤੀ ਗਈ ਸੀ। ਬੰਬ ਦਾ ਭਾਰ ਲਗਭਗ 800 ਗ੍ਰਾਮ ਸੀ। ਥਾਣੇ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਨੂੰ ਪੁਲਿਸ ਹਾਲ ਦੀ ਘੜੀ ਜਨਤਕ ਨਹੀਂ ਕਰ ਰਹੀ।
ਪੰਜਾਬ ਪੁਲਿਸ ਦੇ ਸੂਤਰਾਂ ਅਨੁਸਾਰ, ਆਰਡੀਐਕਸ ਦੇ ਨਾਲ ਡੇਟੋਨੇਟਰ ਦੀ ਵਰਤੋਂ ਕੀਤੀ ਗਈ ਸੀ ਜਿਸ ਨੂੰ ਥਾਣੇ ਦੇ ਦਰਵਾਜ਼ੇ ਕੋਲ ਲਗਾਇਆ ਗਿਆ ਸੀ ਤਾਂ ਕਿ ਦਰਵਾਜ਼ਾ ਖੋਲ੍ਹਦੇ ਹੀ ਇਹ ਧਮਾਕਾ ਹੋ ਸਕੇ। ਥਾਣੇ ਵਿੱਚ ਮੌਜੂਦ ਸਟਾਫ਼ ਦੀ ਕਿਸਮਤ ਚੰਗੀ ਸੀ ਕਿ ਕਿਸੇ ਤਕਨੀਕੀ ਨੁਕਸ ਕਾਰਨ ਬੰਬ ਨਹੀਂ ਫਟਿਆ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਪੁਲਿਸ ਨੂੰ ਇਸ ਘਟਨਾ ਸਬੰਧੀ ਕੁਝ ਸੀਸੀਟੀਵੀ ਫੁਟੇਜ ਵੀ ਮਿਲੇ ਹਨ, ਜਿਨ੍ਹਾਂ ਨੂੰ ਪੁਲਿਸ ਜਨਤਕ ਨਹੀਂ ਕਰ ਰਹੀ। ਇਨ੍ਹਾਂ ਸਾਰੇ ਤੱਥਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਘਟਨਾ ਪਿੱਛੇ ਅੱਤਵਾਦੀ ਸਾਜ਼ਿਸ਼ ਕੰਮ ਕਰ ਰਹੀ ਹੈ।
ਅੰਮ੍ਰਿਤਸਰ ਦਿਹਾਤ ਪੁਲਿਸ ਨਾਲ ਜੁੜੇ ਸੂਤਰਾਂ ਅਨੁਸਾਰ, ਐਤਵਾਰ ਸਵੇਰੇ 7 ਵਜੇ ਜਦੋਂ ਇੱਕ ਮੁਲਾਜ਼ਮ ਥਾਣੇ ਤੋਂ ਬਾਹਰ ਆਇਆ ਤਾਂ ਉਸ ਨੇ ਉਥੇ ਇੱਕ ਕਟੋਰਾ ਪਿਆ ਦੇਖਿਆ, ਜਿਸ ਨੂੰ ਖਾਕੀ ਰੰਗ ਦੀ ਟੇਪ ਨਾਲ ਕੱਸ ਕੇ ਬੰਦ ਕੀਤਾ ਹੋਇਆ ਸੀ। ਉਕਤ ਕਟੋਰੇ ਦੇ ਅੰਦਰੋਂ ਕੁਝ ਤਾਰਾਂ ਚਿਪਕ ਰਹੀਆਂ ਸਨ। ਇਹ ਬੰਬ ਵਰਗੀ ਚੀਜ਼ ਸੀ, ਖੁੱਲ੍ਹੇ ਵਿੱਚ ਪਈ ਸੀ। ਪੁਲਿਸ ਦੀ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੇਰ ਰਾਤ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਇਹ ਚੀਜ਼ ਉਥੇ ਰੱਖੀ ਗਈ ਸੀ।
ਅਜਨਾਲਾ ਕਾਂਡ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਕੀਤੇ ਗਏ ਹਮਲੇ ਦੀ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਸੀ ਪਰ ਹੁਣ ਇਸ ਤਾਜ਼ਾ ਘਟਨਾ ਨੇ ਇਲਾਕੇ ਵਿੱਚ ਸੁਰੱਖਿਆ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਫਰਵਰੀ 2023 ਵਿੱਚ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਮਰਥਕਾਂ ਨੇ ਆਪਣੇ ਸਾਥੀ ਲਵਪ੍ਰੀਤ ਤੂਫਾਨ ਦੀ ਰਿਹਾਈ ਦੀ ਮੰਗ ਲਈ ਅਜਨਾਲਾ ਥਾਣੇ 'ਤੇ ਹਮਲਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਤਲਵਾਰਾਂ, ਲਾਠੀਆਂ ਅਤੇ ਹਥਿਆਰਾਂ ਦੀ ਵਰਤੋਂ ਕਰਕੇ ਪੁਲਿਸ ਬੈਰੀਕੇਡ ਤੋੜ ਦਿੱਤੇ ਅਤੇ ਥਾਣੇ ’ਤੇ ਕਬਜ਼ਾ ਕਰ ਲਿਆ।