Amritsar Airport: ਹੁਣ ਰੱਬ ਹੀ ਰਾਖਾ! ਅੰਮ੍ਰਿਤਸਰ ਏਅਰਪੋਰਟ 'ਤੇ ਚੂਹਿਆਂ ਦਾ ਕਬਜ਼ਾ, ਵੀਡੀਓ ਵਾਇਰਲ ਹੋਣ ਮਗਰੋਂ ਹੜਕੰਪ
ਅੰਮ੍ਰਿਤਸਰ ਸਥਿਤ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੂਹੇ ਕਬਜ਼ਾ ਜਮਾਂ ਰਹੇ ਹਨ। ਇੱਕ ਯਾਤਰੀ ਨੇ ਲਾਉਂਜ ਵਿੱਚ ਚੂਹਿਆਂ ਦੀ ਦਹਿਸ਼ਤ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਹੈ।
Amritsar Airport: ਅੰਮ੍ਰਿਤਸਰ ਸਥਿਤ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੂਹੇ ਕਬਜ਼ਾ ਜਮਾਂ ਰਹੇ ਹਨ। ਇੱਕ ਯਾਤਰੀ ਨੇ ਲਾਉਂਜ ਵਿੱਚ ਚੂਹਿਆਂ ਦੀ ਦਹਿਸ਼ਤ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਹੈ। ਹੁਣ ਸਵਾਲ ਉੱਠ ਰਹੇ ਹਨ ਕਿ ਜੇਕਰ ਇਸ ਕਾਰਨ ਕਿਸੇ ਦੀ ਸਿਹਤ ਵਿਗੜਦੀ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ।
ਹਾਸਲ ਜਾਣਕਾਰੀ ਮੁਤਾਬਕ ਯਾਤਰੀ ਕੁਨਾਲ ਸ਼ਰਮਾ ਨੇ ਅੰਮ੍ਰਿਤਸਰ ਏਅਰਪੋਰਟ 'ਤੇ ਸਥਿਤ ਪ੍ਰਾਈਮਸ ਲੌਂਜ 'ਚ ਇੱਕ ਵੀਡੀਓ ਬਣਾਈ ਜਿਸ 'ਚ ਇੱਕ ਚੂਹਾ ਕੁਰਸੀਆਂ ਤੇ ਮੇਜ਼ਾਂ 'ਤੇ ਛਾਲਾਂ ਮਾਰ ਰਿਹਾ ਹੈ। ਇਸ ਤੋਂ ਬਾਅਦ ਉਸ ਨੇ ਦੱਸਿਆ ਕਿ ਅੱਜ ਸਵੇਰੇ ਉਹ ਅੰਮ੍ਰਿਤਸਰ ਤੋਂ ਲਖਨਊ ਲਈ ਫਲਾਈਟ ਰਾਹੀਂ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਏਅਰਪੋਰਟ 'ਤੇ ਬਣੇ ਲਾਉਂਜ ਤੇ ਬਾਰ 'ਚ ਨਾਸ਼ਤਾ ਕੀਤਾ ਸੀ।
ਯਾਤਰੀ ਨੇ ਦੱਸਿਆ ਕਿ ਉਸ ਨੇ ਲਾਉਂਜ ਤੇ ਬਾਰ ਦੇ ਸਾਰੇ ਮੇਜ਼ਾਂ ਤੇ ਕੁਰਸੀਆਂ 'ਤੇ ਚੂਹਿਆਂ ਨੂੰ ਘੁੰਮਦੇ ਦੇਖਿਆ। ਯਾਤਰੀ ਨੇ ਕਿਹਾ ਕਿ ਜੇਕਰ ਸਾਰੇ ਮੇਜ਼ਾਂ ਤੇ ਕੁਰਸੀਆਂ 'ਤੇ ਚੂਹੇ ਘੁੰਮਦੇ ਰਹਿਣ ਤਾਂ ਉਥੇ ਨਾਸ਼ਤਾ ਕਰਨ ਆਉਣ ਵਾਲੇ ਯਾਤਰੀਆਂ ਦੀ ਸਿਹਤ ਨਾਲ ਖਿਲਵਾੜ ਹੋ ਸਕਦਾ ਹੈ।
ਕੁਨਾਲ ਨੇ ਵੀਡੀਓ ਰਾਹੀਂ ਏਅਰਪੋਰਟ ਪ੍ਰਸ਼ਾਸਨ ਤੋਂ ਪੁੱਛਿਆ ਕਿ ਜੇਕਰ ਯਾਤਰੀਆਂ ਦੀ ਸਿਹਤ ਨੂੰ ਕੁਝ ਹੁੰਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ। ਕੁਨਾਲ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਨੁਕੂਲ ਨਹੀਂ। ਉਨ੍ਹਾਂ ਇਸ ਸਬੰਧੀ ਸ਼ਿਕਾਇਤ ਤੇ ਸੁਝਾਅ ਬਾਕਸ ਵਿੱਚ ਸੁਝਾਅ ਵੀ ਪਾ ਕੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਕੇ ਤੇ ਕੈਨੇਡਾ ਲਈ ਸਿੱਧੀਆਂ ਉਡਾਣਾਂ ਦੀ ਲਗਾਤਾਰ ਮੰਗ ਹੈ। ਇਸ ਦੇ ਨਾਲ ਹੀ ਕਈ ਸੰਸਥਾਵਾਂ ਲੋਕਾਂ ਨੂੰ ਅਪੀਲ ਕਰ ਰਹੀਆਂ ਹਨ ਕਿ ਉਹ ਦਿੱਲੀ ਤੋਂ ਉਡਾਣਾਂ ਲੈਣ ਦੀ ਬਜਾਏ ਅੰਮ੍ਰਿਤਸਰ ਹਵਾਈ ਅੱਡੇ ਨੂੰ ਤਰਜੀਹ ਦੇਣ ਪਰ ਅਜਿਹੀਆਂ ਵੀਡੀਓਜ਼ ਲੋਕਾਂ ਦਾ ਭਰੋਸਾ ਢਾਹ ਦਿੰਦੀਆਂ ਹਨ। ਹਾਲਾਂਕਿ ਇਸ ਮਾਮਲੇ 'ਚ ਅਧਿਕਾਰੀਆਂ ਵੱਲੋਂ ਕੋਈ ਬਿਆਨ ਨਹੀਂ ਆਇਆ ਪਰ ਲੋਕ ਇਸ ਨੂੰ ਸੋਸ਼ਲ ਮੀਡੀਆ 'ਤੇ ਖੂਬ ਟ੍ਰੋਲ ਕਰ ਰਹੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।