ਅੰਮ੍ਰਿਤਸਰ 'ਚ ASI ਹੱਤਿਆਕਾਂਡ ਦੇ ਦੋਸ਼ੀ ਦਾ ਕਤਲ: 14 ਦਿਨ ਦੀ ਪੈਰੋਲ 'ਤੇ ਆਇਆ ਸੀ; ਇੰਝ ਬਦਮਾਸ਼ਾਂ ਨੇ ਘਰ ਦੇ ਬਾਹਰ ਘੇਰਾ ਪਾ ਮਾਰੀ ਗੋਲੀ
ਅੰਮ੍ਰਿਤਸਰ ਤੋਂ ਹੈਰਾਨ ਕਰਨਾ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ 2012 ਦੇ ਮਸ਼ਹੂਰ ASI ਰਵਿੰਦਰ ਪਾਲ ਹੱਤਿਆਕਾਂਡ ਦੇ ਦੋਸ਼ੀ ਧਰਮਜੀਤ ਸਿੰਘ ਉਰਫ ਧਰਮਾ ਦੀ ਵੀਰਵਾਰ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ 14 ਦਿਨ ਦੀ ਪੈਰੋਲ ’ਤੇ ਬਾਹਰ ਸੀ

ਪੰਜਾਬ ਦੇ ਅੰਮ੍ਰਿਤਸਰ ਵਿੱਚ 2012 ਦੇ ਮਸ਼ਹੂਰ ASI ਰਵਿੰਦਰ ਪਾਲ ਹੱਤਿਆਕਾਂਡ ਦੇ ਦੋਸ਼ੀ ਧਰਮਜੀਤ ਸਿੰਘ ਉਰਫ ਧਰਮਾ ਦੀ ਵੀਰਵਾਰ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ 12 ਸਤੰਬਰ ਨੂੰ 14 ਦਿਨ ਦੀ ਪੈਰੋਲ ’ਤੇ ਬਾਹਰ ਸੀ। ਉਸਦੀ ਹੱਤਿਆ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗੈਂਗ ਨੇ ਲਈ ਹੈ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਏਸੀਪੀ ਸ਼ਿਵਦਰਸ਼ਨ ਸਿੰਘ ਦੇ ਮੁਤਾਬਕ, ਘਟਨਾ ਦੀ ਸੂਚਨਾ ਪੁਲਿਸ ਨੂੰ ਰਾਤ 12:15 ਵਜੇ ਮਿਲੀ। ਦਵਾਈਆਂ ਵਾਲਾ ਬਾਜ਼ਾਰ ਛੇਹਰਟਾ ’ਚ ਉਸ ਨੂੰ ਗੋਲੀਆਂ ਮਾਰੀ ਗਈਆਂ। ਉਹ ਰਾਤ ਕਰੀਬ 12 ਵਜੇ ਆਪਣੇ ਘਰ ਦੇ ਬਾਹਰ ਕ੍ਰੇਟਾ ਕਾਰ ਪਾਰਕ ਕਰ ਰਿਹਾ ਸੀ। ਇਸ ਦੌਰਾਨ 3 ਹਮਲਾਵਰ ਬਾਈਕ ’ਤੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ।
ਜ਼ਖਮੀ ਹਾਲਤ 'ਚ ਪਹੁੰਚਾਇਆ ਗਿਆ ਹਸਪਤਾਲ
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਗੋਲੀਆਂ ਦੀਆਂ ਆਵਾਜ਼ਾਂ ਸੁਣ ਕੇ ਸਾਰੇ ਪਰਿਵਾਰਕ ਮੈਂਬਰ ਬਾਹਰ ਆਏ। ਉੱਥੇ ਧਰਮਾ ਲਹੂ-ਲੁਹਾਨ ਪਿਆ ਮਿਲਿਆ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਧਰਮਾ ਦਾ ਜੱਗੂ ਭਗਵਾਨਪੁਰੀਆ ਗੈਂਗਸਟਰਾਂ ਨਾਲ ਝਗੜਾ ਹੋਇਆ ਸੀ, ਜਿਸ ਕਰਕੇ ਪਰਿਵਾਰ ਨੂੰ ਪਹਿਲਾਂ ਤੋਂ ਹੀ ਖਤਰਾ ਸੀ। ਧਰਮਾ ਦੀ ਪਤਨੀ ਨੇ ਕਿਹਾ ਕਿ ਉਹ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਸਨ ਕਿ ਉਨ੍ਹਾਂ ’ਤੇ ਗੈਂਗਸਟਰਾਂ ਦਾ ਹਮਲਾ ਹੋ ਸਕਦਾ ਹੈ।
ਜੱਗੂ ਗੈਂਗ ਨੇ ਪੋਸਟ ਪਾ ਲਈ ਜ਼ਿੰਮੇਵਾਰੀ ਤੇ ਲਿਖਿਆ…
ਇਸ ਘਟਨਾ ਦੀ ਜ਼ਿੰਮੇਵਾਰੀ ਜੱਗੂ ਗੈਂਗ ਨੇ ਲੈ ਲਈ ਹੈ। ਜੱਗੂ ਗੈਂਗ ਦੀ ਇੱਕ ਪੋਸਟ ਵਾਇਰਲ ਹੋ ਰਹੀ ਹੈ, ਹਾਲਾਂਕਿ ਏਬੀਪੀ ਸਾਂਝਾ ਇਸਦੀ ਪੁਸ਼ਟੀ ਨਹੀਂ ਕਰਦਾ। ਪੋਸਟ ਵਿੱਚ ਲਿਖਿਆ ਹੈ- “ਅੱਜ 25/9/25 ਨੂੰ ਅਸੀਂ ਅੰਮ੍ਰਿਤਸਰ ਵਿੱਚ ਜੋ ਕਤਲ ਕੀਤਾ ਹੈ, ਉਹ ਧਰਮਾ ਦੀ ਹੱਤਿਆ ਸੀ ਜੋ ਪੈਰੋਲ ’ਤੇ ਸੀ। ਇਸ ਦੀ ਜ਼ਿੰਮੇਵਾਰੀ ਅਸੀਂ ਹੈਰੀ ਚਾਟਠਾ, ਕੇਸ਼ਵ ਸ਼ਿਵਾਲਾ, ਅੰਮ੍ਰਿਤ ਦਾਲਮ ਤੇ ਸਿਕੰਦਰ ਕੈਨੇਡਾ ਲੈਂਦੇ ਹਾਂ। ਇਹ ਸਾਡਾ ਵਿਰੋਧੀ ਗਰੁੱਪ ਬੰਬੀਹਾ ਦਾ ਆਦਮੀ ਸੀ ਅਤੇ ਡੋਨੀ ਲਹਿੰਦੇ ਦਾ ਖਾਸ ਸੀ। ਜੇਲ੍ਹ ਦੇ ਅੰਦਰ ਸਾਡੇ ਜਿੰਨੇ ਵੀ ਵਿਰੋਧੀ ਹਨ, ਇਹ ਉਨ੍ਹਾਂ ਦੀ ਗਿਣਤੀ ਕਰਦਾ ਸੀ।”
ਗੈਂਗਸਟਰਾਂ ਨੇ ਲਿਖਿਆ– “ਅਸੀਂ ਇਹ ਕਤਲ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਜੋ ਵੀ ਸਾਡੇ ਐਂਟੀ (ਵਿਰੋਧੀ) ਨੂੰ ਜੇਲ੍ਹ ਦੇ ਅੰਦਰ ਜਾਂ ਬਾਹਰ ਸਹਾਇਤਾ ਕਰੇਗਾ, ਉਸ ਦੀ ਸਜ਼ਾ ਮੌਤ ਹੋਵੇਗੀ। ਇਨ੍ਹਾਂ ਨੇ ਸਾਡੀ ਮਾਂ ਅਤੇ ਛੋਟੇ ਭਰਾ ਦੇ ਕਤਲ ਕਰਨ ਵਾਲੇ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਅਤੇ ਉਨ੍ਹਾਂ ਦੀ ਮਦਦ ਕਰ ਰਹੇ ਸਨ। ਇਹ ਦੋਵੇਂ ਕਤਲ ਕਰਕੇ ਆਪਣੇ ਆਪ ਨੂੰ ਭਰਾ ਬਣਦੇ ਫਿਰਦੇ ਹਨ। ਬਾਕੀ ਅਸੀਂ ਨਾ ਕਿਸੇ ਫਿਰੌਤੀ ਲਈ ਕਤਲ ਕਰਦੇ ਹਾਂ ਅਤੇ ਨਾ ਹੀ ਕਿਸੇ ਬੱਚੇ ਜਾਂ ਔਰਤ ਦਾ।”

ਇਸ ਪੋਸਟ ਚ ਅੱਗੇ ਲਿਖਿਆ - “ਇੱਕ ਗੱਲ ਹੋਰ, ਜਿੰਨੀਆਂ ਵੀ ਬੱਕਰੀਆਂ ਬਾਹਰ ਬੈਠੀਆਂ ਹਨ, ਜਿਨ੍ਹਾਂ ਨੇ ਇੰਡੀਆ ’ਚ ਕਦੇ ਕੁੱਤੇ ਨੂੰ ਲਾਠੀ ਵੀ ਨਹੀਂ ਮਾਰੀ, ਉਹ ਵੀ ਤਿਆਰ ਰਹਿਣ। ਧਰਤੀ ’ਤੇ ਕੋਈ ਅਜਿਹੀ ਥਾਂ ਨਹੀਂ ਜਿੱਥੇ ਜਾ ਕੇ ਉਹ ਬਚ ਸਕਣ। ਅਸੀਂ ਉਹਨਾਂ ਨੂੰ ਕਿੱਥੇ ਤੇ ਕਦੋਂ ਮਾਰਨਾ ਹੈ, ਇਹ ਸਾਰਾ ਸਰਪ੍ਰਾਈਜ਼ ਹੈ। ਤੁਸੀਂ ਸਭ ਤਿਆਰ ਰਹੋ। ਦੋ-ਚਾਰ ਦਿਨ ਬਾਜ਼ਾਰ ’ਚ ਮੂੰਗਫਲੀ ਆਉਣ ਨਾਲ ਬਦਾਮ ਦੇ ਰੇਟ ਨਹੀਂ ਘਟਦੇ।”






















