Amritsar News: ਬੱਚਿਆਂ ਦੀ ਲੜਾਈ ਨੂੰ ਲੈ ਕੇ ਚੱਲੀਆਂ ਤਾਬੜਤੋੜ ਗੋਲੀਆਂ, ਮਹਿਲਾ ਦੀ ਮੌਤ, ਬੱਚੀ ਜ਼ਖਮੀ
ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਬਾਸਰਕੇ ਭੈਣੀ ਵਿੱਚ ਬੀਤੀ ਰਾਤ ਬੱਚਿਆਂ ਦੀ ਲੜਾਈ ਨੂੰ ਲੈ ਕੇ ਫਾਇਰਿੰਗ ਕੀਤੀ ਗਈ। ਇਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਤੇ ਇੱਕ 9 ਸਾਲ ਦੀ ਬੱਚੀ ਜ਼ਖਮੀ ਹੋ ਗਈ।
Amritsar News: ਅੰਮ੍ਰਿਤਸਰ ਦੇ ਦਿਹਾਤੀ ਇਲਾਕੇ ਬਾਸਰਕੇ ਭੈਣੀ ਵਿੱਚ ਬੀਤੀ ਰਾਤ ਬੱਚਿਆਂ ਦੀ ਲੜਾਈ ਨੂੰ ਲੈ ਕੇ ਫਾਇਰਿੰਗ ਕੀਤੀ ਗਈ। ਇਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਤੇ ਇੱਕ 9 ਸਾਲ ਦੀ ਬੱਚੀ ਜ਼ਖਮੀ ਹੋ ਗਈ। ਇਸ ਤੋਂ ਇਲਾਵਾ ਇੱਕ ਹੋਰ ਵਿਅਕਤੀ ਨੂੰ ਵੀ ਗੋਲੀ ਲੱਗੀ।
ਪੁਲੀਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਮਾਮਲੇ ਵਿੱਚ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਨਸ਼ਾ ਵੇਚਣ ਦਾ ਧੰਦਾ ਕਰਦਾ ਹੈ।
ਹਾਸਲ ਜਾਣਕਾਰੀ ਅਨੁਸਾਰ ਪੀੜਤ ਦਿਲਪ੍ਰੀਤ ਸਿੰਘ ਵਾਸੀ ਪਿੰਡ ਬਾਸਰਕੇ ਭੈਣੀ ਨੇ ਦੱਸਿਆ ਕਿ ਛੋਟੇ ਬੱਚਿਆਂ ਦੀ ਆਪਸੀ ਲੜਾਈ ਕਾਰਨ ਇਹ ਝਗੜਾ ਹੋਇਆ ਸੀ। ਇਸ ਤੋਂ ਬਾਅਦ ਰਾਤ ਕਰੀਬ 8 ਵਜੇ ਉਹ ਆਪਣੇ ਪਿਤਾ ਲਖਵਿੰਦਰ ਸਿੰਘ ਨਾਲ ਘਰ ਦੇ ਬਾਹਰ ਖੜ੍ਹਾ ਸੀ। ਕੁਝ ਸਮੇਂ ਬਾਅਦ ਹੀ ਪਿੰਡ ਦੇ ਅਰਜੁਨ ਸਿੰਘ, ਸੱਜਣ ਸਿੰਘ, ਮੰਨਾ ਸਿੰਘ, ਸ਼ੇਰੂ, ਸੰਨੀ, ਜਜਬੀਰ ਸਿੰਘ, ਸੋਨੂੰ, ਲਵ ਤੇ ਦਿਲਬਾਗ ਸਿੰਘ ਉਸ ਦੇ ਘਰ ਆ ਗਏ। ਮੁਲਜ਼ਮਾਂ ਕੋਲ ਪਿਸਤੌਲ, ਛੁਰਾ ਤੇ ਹੋਰ ਹਥਿਆਰ ਸਨ।
ਹਮਲਾਵਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਰਜਨ ਸਿੰਘ ਤੇ ਸੱਜਣ ਸਿੰਘ ਨੇ ਪਿਸਤੌਲ ਕੱਢ ਕੇ ਹਵਾ 'ਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਸ ਨੇ ਅਰਜੁਨ ਸਿੰਘ ਤੋਂ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਮੰਨਾ ਸਿੰਘ ਨੇ ਉਸ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਮੁਲਜ਼ਮ ਫ਼ਰਾਰ ਹੋ ਗਏ।
ਮੁਲਜ਼ਮਾਂ ਦੇ ਚਲੇ ਜਾਣ ਤੋਂ ਬਾਅਦ ਜਦੋਂ ਉਹ ਪੁਲਿਸ ਨੂੰ ਸੂਚਨਾ ਦੇਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਫੋਨ ਆਇਆ ਕਿ ਮੁਲਜ਼ਮ ਫਿਰ ਤੋਂ ਆਏ ਹਨ ਤੇ ਫਾਇਰਿੰਗ ਕਰ ਰਹੇ ਹਨ। ਇਸ ਵਿੱਚ ਉਸ ਦਾ ਚਾਚਾ ਬਲਵਿੰਦਰ ਸਿੰਘ, ਚਾਚੀ ਅਮਰਜੀਤ ਕੌਰ ਤੇ ਛੋਟੀ ਲੜਕੀ ਕਾਲੋ ਜ਼ਖ਼ਮੀ ਹੋ ਗਏ। ਤਿੰਨੋਂ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਅਮਰਜੀਤ ਕੌਰ ਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਥਾਣਾ ਘਰਿੰਡਾ ਪੁਲਿਸ ਨੇ 10 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ, ਜਦੋਂਕਿ ਮੁੱਖ ਮੁਲਜ਼ਮ ਸ਼ੇਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।