Amritsar News: ਡੇਢ ਸਾਲ ਬਾਅਦ ਹੀ 'ਆਪ' ਲੀਡਰਾਂ ਦੀ ਪਿੰਡਾਂ 'ਚ ਬੈਨ ਹੋਣ ਲੱਗੀ ਐਂਟਰੀ! ਲੋਕ ਰੋਹ ਕਾਰਨ ਵਿਧਾਇਕ ਗੱਡੀ ਛੱਡ ਕੇ ਦੌੜੇ
Punjab News: ਇਸ ਲਈ ਹੁਣ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਪਿੰਡਾਂ ਵਿੱਚ ਵਿਰੋਧ ਹੋਣ ਲੱਗਾ ਹੈ।
Amritsar News: ਡੇਢ ਸਾਲ ਬਾਅਦ ਹੀ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਰਕਾਰ ਖਿਲਾਫ ਲੋਕਾਂ ਵਿੱਚ ਗੁੱਸਾ ਵਧਣ ਲੱਗਾ ਹੈ। ਇੱਕ ਪਾਸੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸੜਕਾਂ ਉੱਪਰ ਉੱਤਰੇ ਹੋਏ ਹਨ ਤੇ ਦੂਜੇ ਪਾਸੇ ਕਿਸਾਨਾਂ ਨੇ ਵੀ ਸਰਕਾਰ ਖਿਲਾਫ ਕਮਰ ਕੱਸ ਲਈ ਹੈ। ਇਸ ਲਈ ਹੁਣ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦਾ ਪਿੰਡਾਂ ਵਿੱਚ ਵਿਰੋਧ ਹੋਣ ਲੱਗਾ ਹੈ।
ਪੰਜਾਬ ਦਾ ਕਈ ਹਿੱਸਿਆਂ ਵਿੱਚੋਂ ਆਈਆਂ ਰਿਪੋਰਟਾਂ ਮੁਤਾਬਕ ਕਿਸਾਨ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਉਸੇ ਤਰ੍ਹਾਂ ਹੀ ਸਵਾਲ ਕਰਨ ਲੱਗੇ ਹਨ, ਜਿਸ ਤਰ੍ਹਾਂ ਕੁਝ ਸਮਾਂ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਦੇ ਲੀਡਰਾਂ ਨੂੰ ਕੀਤੇ ਜਾਂਦੇ ਸਨ। ਅਜਿਹੀ ਹੀ ਘਟਨਾ ਹਲਕਾ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨਾਲ ਵਾਪਰੀ। ਉਨ੍ਹਾਂ ਨੂੰ ਤਰਨ ਤਾਰਨ ਇਲਾਕੇ ਦੇ ਪਿੰਡ ਗੋਹਲਵੜ ਵਿੱਚ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਗੱਡੀ ਮੌਕੇ ’ਤੇ ਹੀ ਛੱਡਣੀ ਪਈ ਤੇ ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਉਨ੍ਹਾਂ ਨੂੰ ਉਥੋਂ ਕੱਢਿਆ ਗਿਆ।
ਹਾਸਲ ਜਾਣਕਾਰੀ ਅਨੁਸਾਰ ਵਿਧਾਇਕ ਸੋਹਲ ਪਿੰਡ ਵਿੱਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਗਏ ਸਨ। ਉਨ੍ਹਾਂ ਨੂੰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਮਨਜਿੰਦਰ ਸਿੰਘ ਗੋਹਲਵੜ ਦੀ ਅਗਵਾਈ ਵਿੱਚ ਕਿਸਾਨਾਂ ਨੇ ਘੇਰ ਕੇ ਸਵਾਲ ਕੀਤੇ। ਵਿਧਾਇਕ ਨੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਰੋਹ ਵਿੱਚ ਆਏ ਕਿਸਾਨਾਂ ਨੇ ਵਿਧਾਇਕ ਦੀ ਗੱਡੀ ਰੋਕ ਲਈ।
ਵਿਧਾਇਕ ਨੂੰ ਕਿਸੇ ਪ੍ਰਾਈਵੇਟ ਗੱਡੀ ਵਿੱਚ ਬੈਠ ਕੇ ਭਾਰੀ ਪੁਲਿਸ ਫੋਰਸ ਵਿੱਚ ਮੌਕੇ ਤੋਂ ਬਾਹਰ ਨਿਕਲਣਾ ਪਿਆ। ਪੁਲਿਸ ਨੇ ਬਾਅਦ ਵਿੱਚ ਵਿਧਾਇਕ ਦੀ ਗੱਡੀ ਉਥੋਂ ਲਿਆਂਦੀ। ਇਸ ਸਬੰਧੀ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਉਨ੍ਹਾਂ ਨੂੰ ਘੇਰਨ ਵਾਲੇ ਕਿਸਾਨ ਨਹੀਂ ਬਲਕਿ ਕਾਂਗਰਸ ਤੇ ਅਕਾਲੀ ਦਲ ਦੇ ਵਰਕਰ ਸਨ, ਜਿਨ੍ਹਾਂ ਵੱਲੋਂ ਪਿੰਡ ਦੇ ਲੋਕਾਂ ਨੂੰ ‘ਆਪ’ ਵਿੱਚ ਸ਼ਾਮਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।
ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਸਮਾਗਮ ਵਿੱਚ ਵਿਘਨ ਪਾਉਣਾ ਚਾਹੁੰਦੇ ਸਨ। ਡਾ. ਸੋਹਲ ਨੇ ਕਿਹਾ ਕਿ ਮੌਕੇ ਤੋਂ ਉਹ ਕਿਸੇ ਹੋਰ ਗੱਡੀ ਵਿੱਚ ਬੈਠ ਕੇ ਸਰਹੱਦੀ ਖੇਤਰ ਦੇ ਪਿੰਡ ਬੁਰਜ-169 ਪਹੁੰਚ ਸਕੇ ਤੇ ਉਨ੍ਹਾਂ ਦੀ ਗੱਡੀ ਪੁਲਿਸ ਨੇ ਉਥੋਂ ਕੱਢੀ।