Amritsar News: ਗੁਰੂ ਨਗਰੀ 'ਚ ਡੀਜ਼ਲ ਆਟੋ ਨੂੰ ਲੱਗੇਗੀ ਬ੍ਰੇਕ, ਸਰਕਾਰ ਲਿਆ ਰਹੀ ‘ਰਾਹੀ ਸਕੀਮ’
ਗੁਰੂ ਨਗਰੀ ਵਿੱਚੋਂ ਡੀਜ਼ਲ ਆਟੋ ਬੰਦ ਕਰਾਉਣ ਦਾ ਤਿਆਰੀ ਚੱਲ ਰਹੀ ਹੈ। ਡੀਜ਼ਲ ਆਟੋ ਦੀ ਜਗ੍ਹਾ ਈ-ਆਟੋ ਸ਼ੁਰੂ ਕੀਤੇ ਜਾਣਗੇ। ਇਹ ਉਪਰਾਲਾ ਵਾਤਾਵਰਨ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ।
Amritsar News: ਗੁਰੂ ਨਗਰੀ ਵਿੱਚੋਂ ਡੀਜ਼ਲ ਆਟੋ ਬੰਦ ਕਰਾਉਣ ਦਾ ਤਿਆਰੀ ਚੱਲ ਰਹੀ ਹੈ। ਡੀਜ਼ਲ ਆਟੋ ਦੀ ਜਗ੍ਹਾ ਈ-ਆਟੋ ਸ਼ੁਰੂ ਕੀਤੇ ਜਾਣਗੇ। ਇਹ ਉਪਰਾਲਾ ਵਾਤਾਵਰਨ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ। ਇਸ ਲਈ ‘ਰਾਹੀ ਸਕੀਮ’ ਚਲਾਈ ਜਾ ਰਹੀ ਹੈ।
ਦੱਸ ਦਈਏ ਕਿ ਅੰਮ੍ਰਿਤਸਰ ਸ਼ਹਿਰ ਵਿੱਚ ‘ਰਾਹੀ ਸਕੀਮ’ ਤਹਿਤ ਈ-ਆਟੋ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਨੇ ਹੋਰਨਾਂ ਸ਼ਹਿਰਾਂ ਵਿੱਚ ਰਜਿਸਟਰਡ ਡੀਜ਼ਲ ਆਟੋ ਤੇ ਈ-ਰਿਕਸ਼ਾ ’ਤੇ ਰੋਕ ਲਾਉਣ ਲਈ ਵਿਚਾਰ-ਚਰਚਾ ਕੀਤੀ।
ਇਸ ਮੀਟਿੰਗ ਵਿੱਚ ਸਮਾਰਟ ਸਿਟੀ ਦੇ ਕੰਸਲਟੈਂਟਾਂ ਰਮਨ ਸ਼ਰਮਾ, ਵਿਨੈ ਸ਼ਰਮਾ ਤੋਂ ਇਲਾਵਾ ਕੌਂਸਲ ਆਨ ਐਨਰਜੀ, ਇਨਵਾਇਰਮੈਂਟ ਐਂਡ ਵਾਟਰ (ਸੀ.ਈ.ਈ.ਡਬਲਿਊ) ਦੀ ਦਿੱਲੀ ਤੋਂ ਆਈ ਟੀਮ ਸ਼ਾਮਲ ਹੋਈ। ਇਸ ਟੀਮ ਵਿੱਚ ਅਰਵਿੰਦ ਹਰੀਕੁਮਾਰ, ਕ੍ਰਿਸ ਟਰੇਸਾ, ਭਾਨੂੰ ਸ਼ਰਮਾ, ਰੀਆ ਪਾਲ, ਵੰਦਨਾ ਅਤੇ ਨਿਗਮ ਵਲੋਂ ਸਕੱਤਰ ਵਿਸ਼ਾਲ ਵਧਾਵਨ, ਸੁਪਰਡੈਂਟ ਆਸ਼ੀਸ਼ ਕੁਮਾਰ, ਪੁਸ਼ਪਿੰਦਰ ਸਿੰਘ ਅਤੇ ਹਰਬੰਸ ਲਾਲ ਆਦਿ ਸ਼ਾਮਲ ਸਨ।
ਮੀਟਿੰਗ ਦਾ ਮੁੱਖ ਮੰਤਵ ‘ਰਾਹੀ ਸਕੀਮ’ ਅਧੀਨ 15 ਸਾਲ ਪੁਰਾਣੇ ਡੀਜ਼ਲ ਆਟੋ ਨੂੰ ਬੰਦ ਕਰਕੇ ਉਸ ਦੀ ਥਾਂ ’ਤੇ ਈ-ਆਟੋ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਸੀ। ਨਿਗਮ ਪ੍ਰਸ਼ਾਸਨ ਵਲੋਂ ਅੰਮ੍ਰਿਤਸਰ ਸਮਾਰਟ ਸਿਟੀ ਅਧੀਨ ਕੀਤੇ ਜਾਣ ਵਾਲੇ ਵੱਖ-ਵੱਖ ਉਪਰਾਲਿਆਂ ’ਤੇ ਚਰਚਾ ਕੀਤੀ ਗਈ। ਇਸ ਦੌਰਾਨ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਨਵੇਂ ਈ-ਆਟੋ ਲੈਣ ਲਈ ਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਉਨ੍ਹਾਂ ਦੇ ਨਿਪਟਾਰੇ ਲਈ ਵੀ ਗੱਲਬਾਤ ਹੋਈ।
ਇਸ ਮੌਕੇ ਨਿਗਮ ਕਮਿਸ਼ਨਰ ਰਿਸ਼ੀ ਨੇ ਹਦਾਇਤਾਂ ਕੀਤੀਆਂ ਕਿ 15 ਸਾਲ ਪੁਰਾਣੇ ਡੀਜ਼ਲ ਆਟੋ ਅਤੇ ਬਾਹਰਲੇ ਸ਼ਹਿਰਾਂ ਵਿਚ ਰਜਿਸਟਰਡ ਡੀਜ਼ਲ ਆਟੋ ਅਤੇ ਈ-ਰਿਕਸ਼ਾ ’ਤੇ ਰੋਕ ਲਾਉਣ ਲਈ ਸਕੱਤਰ ਆਰ.ਟੀ.ਏ ਨੂੰ ਪੱਤਰ ਲਿਖਿਆ ਜਾਵੇ ਕਿ ਟੀਮਾਂ ਦਾ ਗਠਨ ਕਰਕੇ ਇਨ੍ਹਾਂ ਨਾਜਾਇਜ਼ ਵਾਹਨਾਂ ਨੂੰ ਜ਼ਬਤ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਮੌਜੂਦਾ ਮੈਂਬਰਾਂ ਨੂੰ ਡੀਜ਼ਲ ਆਟੋ ਚਾਲਕਾਂ ਨੂੰ ਈ-ਆਟੋ ਬਾਰੇ ਸਿੱਖਿਅਤ ਕਰਨ ਤੇ ਟ੍ਰੇਨਿੰਗ ਦੇਣ ਲਈ ਏਜੰਸੀ ਹਾਇਰ ਕਰਨ ਵਾਸਤੇ ਟੈਂਡਰ ਪ੍ਰਕਿਰਿਆ ਆਰੰਭ ਕਰਨ ਲਈ ਵੀ ਆਖਿਆ।
ਉਨ੍ਹਾਂ ‘ਰਾਹੀ’ ਸਕੀਮ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਕਿਹਾ ਕਿ ਈ-ਆਟੋ ਲੈਣ ਲਈ ਦਰਖਾਸਤਾਂ ਦੇਣ ਵਾਲਿਆਂ ਕੋਲ ਜੇਕਰ ਡਰਾਈਵਿੰਗ ਲਾਇਸੈਂਸ ਨਹੀਂ ਹਨ ਤਾਂ ਮਿਥੇ ਗਏ ਸਮੇਂ ਵਿੱਚ ਲਾਇਸੈਂਸ ਬਣਵਾਉਣ ਸਬੰਧੀ ਅੰਡਰਟੇਕਿੰਗ ਲੈ ਲਈ ਜਾਵੇ ਜਾਂ ਉਨ੍ਹਾਂ ਨੂੰ ਸਰਕਾਰੀ ਫੀਸ ਨਾਲ ਲਰਨਿੰਗ ਲਾਇਸੈਂਸ ਬਣਾਉਣ ਵਿੱਚ ਮਦਦ ਕੀਤੀ ਜਾਵੇ। ਕਮਿਸ਼ਨਰ ਰਿਸ਼ੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ‘ਰਾਹੀ ਸਕੀਮ’ ਅਧੀਨ ਸ਼ਹਿਰ ਦੀ ਕਿਸੇ ਪ੍ਰਮੁੱਖ ਥਾਂ ’ਤੇ ਆਟੋ ਚਾਲਕਾਂ ਨੂੰ ਈ-ਆਟੋ ਪ੍ਰਤੀ ਜਾਗਰੂਕ ਕਰਨ ਲਈ ‘ਈ-ਆਟੋ ਕਾਰਨੀਵਾਲ’ ਦਾ ਆਯੋਜਨ ਕੀਤਾ ਜਾ ਰਿਹਾ ਹੈ।