ਬੇਖੌਫ ਹੋਏ ਅਪਰਾਧੀ! ਦਿਨਦਿਹਾੜੇ ਗਹਿਣਿਆਂ ਦੀ ਦੁਕਾਨ 'ਤੇ ਚਲਾਈਆਂ ਤਾੜਤਾੜ ਗੋਲੀਆਂ, ਇਲਾਕੇ 'ਚ ਮੱਚ ਗਈ ਸਨਸਨੀ
Amritsar News: ਅੰਮ੍ਰਿਤਸਰ ਵਿੱਚ ਅਪਰਾਧੀਆਂ ਨੇ ਦਿਨ-ਦਿਹਾੜੇ ਇੱਕ ਗਹਿਣਿਆਂ ਦੀ ਦੁਕਾਨ 'ਤੇ ਗੋਲੀਬਾਰੀ ਕੀਤੀ। ਅਪਰਾਧੀ ਮੋਟਰਸਾਈਕਲ 'ਤੇ ਦੁਕਾਨ ਦੇ ਬਾਹਰ ਪਹੁੰਚੇ।

Amritsar News: ਅੰਮ੍ਰਿਤਸਰ ਵਿੱਚ ਅਪਰਾਧੀਆਂ ਨੇ ਦਿਨ-ਦਿਹਾੜੇ ਇੱਕ ਗਹਿਣਿਆਂ ਦੀ ਦੁਕਾਨ 'ਤੇ ਗੋਲੀਬਾਰੀ ਕੀਤੀ। ਅਪਰਾਧੀ ਮੋਟਰਸਾਈਕਲ 'ਤੇ ਦੁਕਾਨ ਦੇ ਬਾਹਰ ਪਹੁੰਚੇ। ਪਿੱਛੇ ਬੈਠਣ ਵਾਲੇ ਨੇ ਪਿਸਤੌਲ ਕੱਢੀ ਅਤੇ ਚਾਰ ਤੋਂ ਪੰਜ ਗੋਲੀਆਂ ਚਲਾ ਦਿੱਤੀਆਂ। ਫਿਰ ਉਹ ਮੋਟਰਸਾਈਕਲ 'ਤੇ ਫਰਾਰ ਹੋ ਗਏ।
ਉਸ ਸਮੇਂ ਬਾਜ਼ਾਰ ਵਿੱਚ ਭੀੜ ਸੀ, ਪਰ ਅਪਰਾਧੀ ਹੌਂਸਲਾ ਨਹੀਂ ਹਾਰੇ। ਅਚਾਨਕ ਹੋਈ ਗੋਲੀਬਾਰੀ ਨਾਲ ਦੁਕਾਨਦਾਰ ਦੀ ਪਤਨੀ ਡਰ ਗਈ ਅਤੇ ਉਹ ਥੱਲ੍ਹੇ ਡਿੱਗ ਪਈ ਅਤੇ ਉਸ ਦਾ ਮਸਾਂ ਹੀ ਬਚਾਅ ਹੋਇਆ।
ਸੋਮਵਾਰ ਦੁਪਹਿਰ 5 ਵਜੇ ਦੇ ਕਰੀਬ ਵਾਪਰੀ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਸਮੀਖਿਆ ਕਰ ਰਹੀ ਹੈ। ਦੋ ਦਿਨ ਪਹਿਲਾਂ, ਇੱਕ ਸ਼ਰਾਬ ਦੀ ਦੁਕਾਨ 'ਤੇ ਗੋਲੀਬਾਰੀ ਕੀਤੀ ਗਈ ਸੀ, ਪਰ ਸ਼ੱਕੀਆਂ ਨੂੰ ਅਜੇ ਤੱਕ ਫੜਿਆ ਨਹੀਂ ਗਿਆ ਹੈ।
ਗੋਲੀਬਾਰੀ ਨੂੰ ਲੈਕੇ ਜਿਊਲਰ ਸੋਨੂੰ ਦੀ ਪਤਨੀ ਸਮ੍ਰਿਤੀ ਨੇ ਕਿਹਾ ਕਿ ਉਹ ਦੁਕਾਨ ਦੇ ਅੱਗੇ ਵਾਲੇ ਪਾਸੇ ਬੈਠੀ ਸੀ। ਉਸ ਸਮੇਂ ਇੱਕ ਗਾਹਕ ਵੀ ਮੌਜੂਦ ਸੀ। ਕਾਊਂਟਰ 'ਤੇ ਸੋਨੇ ਦੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ। ਉਹ ਕੰਮ ਵਿੱਚ ਰੁੱਝੀ ਹੋਈ ਸੀ, ਅਚਾਨਕ ਉਨ੍ਹਾਂ ਨੂੰ ਕੋਈ ਚੀਜ਼ ਆ ਕੇ ਵੱਜੀ, ਜਿਸ ਕਾਰਨ ਉਹ ਘਬਰਾ ਗਈ ਅਤੇ ਥੱਲ੍ਹੇ ਡਿੱਗ ਪਈ। ਉਸੇ ਸਮੇਂ ਗੋਲੀਬਾਰੀ ਸ਼ੁਰੂ ਹੋ ਗਈ। ਉਹ ਗੋਲੀ ਲੱਗਣ ਤੋਂ ਵਾਲ-ਵਾਲ ਬਚੀ।
ਜੰਡਿਆਲਾ ਗੁਰੂ ਵਿੱਚ ਸੋਨੂੰ ਜਵੈਲਰਜ਼ ਦੇ ਮਾਲਕ ਸੋਨੂੰ ਨੇ ਕਿਹਾ ਕਿ ਉਹ ਆਪਣੀ ਦੁਕਾਨ ਵਿੱਚ ਬੈਠਾ ਸੀ ਜਦੋਂ ਉਸਦੀ ਪਤਨੀ ਅਚਾਨਕ ਡਿੱਗ ਪਈ। ਉਸ ਨੇ ਗੋਲੀਬਾਰੀ ਦੀ ਆਵਾਜ਼ ਵੀ ਸੁਣੀ। ਪਹਿਲਾਂ ਤਾਂ ਉਸਨੇ ਸੋਚਿਆ ਕਿ ਉਸ ਦੀ ਪਤਨੀ ਨੂੰ ਗੋਲੀ ਲੱਗ ਗਈ ਹੈ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਡਰ ਕਰਕੇ ਡਿੱਗ ਪਈ ਅਤੇ ਵਾਲ-ਵਾਲ ਬਚ ਗਈ।
ਉਨ੍ਹਾਂ ਨੇ ਇਹ ਦੁਕਾਨ ਪੰਜ ਸਾਲ ਪਹਿਲਾਂ ਖੋਲ੍ਹੀ ਸੀ। ਉਨ੍ਹਾਂ ਦੀ ਕੋਈ ਵੱਡੀ ਦੁਕਾਨ ਨਹੀਂ ਹੈ। ਉਨ੍ਹਾਂ ਨੂੰ ਕਦੇ ਵੀ ਕੋਈ ਫਿਰੌਤੀ ਦਾ ਫੋਨ ਜਾਂ ਧਮਕੀ ਨਹੀਂ ਮਿਲੀ। ਇਸ ਕਰਕੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਹੈ ਕਿ ਉਨ੍ਹਾਂ ਦੀ ਦੁਕਾਨ 'ਤੇ ਗੋਲੀਬਾਰੀ ਕਿਉਂ ਕੀਤੀ ਗਈ। ਗੋਲੀਬਾਰੀ ਤੋਂ ਬਾਅਦ ਵੀ, ਉਨ੍ਹਾਂ ਨੂੰ ਕੋਈ ਫੋਨ ਜਾਂ ਸੁਨੇਹਾ ਨਹੀਂ ਆਇਆ।






















