ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਵਾਦ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਵੱਡਾ ਫ਼ੈਸਲਾ
Amritsar News:ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਉਪਰੰਤ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਨਤਕ ਸੁਣਵਾਈ ਕਰਕੇ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ।
Amritsar News: ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅੱਜ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਉਪਰੰਤ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਜਨਤਕ ਸੁਣਵਾਈ ਕਰਕੇ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ। ਆਦੇਸ਼ ਕੀਤਾ ਗਿਆ ਕਿ ਜਿੰਨੀ ਦੇਰ ਤਕ ਗਿਆਨੀ ਇਕਬਾਲ ਸਿੰਘ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਆਪਣੇ ਗੁਨਾਂਹਾਂ ਦੀ ਮੁਆਫ਼ੀ ਨਹੀਂ ਮੰਗਦੇ ਤਦ ਤਕ ਤਨਖ਼ਾਹੀਆ ਹੀ ਰਹਿਣਗੇ।
ਗਿਆਨੀ ਇਕਬਾਲ ਸਿੰਘ ’ਤੇ ਦੋਸ਼ ਹੈ ਕਿ ਉਹਨਾਂ ਨੇ ਅਕਾਲ ਤਖ਼ਤ ਦੇ ਉਸ ਆਦੇਸ਼ ਦੀ ਉਲੰਘਣਾ ਕੀਤੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਉਹ ਅਤੇ ਦੂਜੇ ਜਥੇਦਾਰ ਗਿਆਨੀ ਰਣਜੀਤ ਸਿੰਘ ਵਿੱਚੋਂ ਕੋਈ ਵੀ ਤਖ਼ਤ ਪਟਨਾ ਸਾਹਿਬ ਦੀ ਸੇਵਾ ਨਹੀਂ ਸਾਂਭੇਗਾ ਪਰ ਉਹ ਲੰਘੇ ਕਲ੍ਹ ਤਕ ਵੀ ਤਖ਼ਤ ਸਾਹਿਬ ’ਤੇ ਸੇਵਾ ਨਿਭਾ ਰਹੇ ਸਨ। ਸਜ਼ਾ ਸੁਣਾਏ ਜਾਣ ਸਮੇਂ ਗਿਆਨੀ ਇਕਬਾਲ ਸਿੰਘ ਹਾਜ਼ਰ ਨਹੀਂ ਸਨ ਹਾਲਾਂਕਿ ਉਹ ਸਵੇਰੇ ਅਕਾਲ ਤਖ਼ਤ ਸਾਹਿਬ ਵਿਖ਼ੇ ਆਏ ਸਨ।
ਇਸ ਤੋਂ ਇਲਾਵਾ ਇਕ ਹੋਰ ਅਹਿਮ ਫ਼ੈਸਲਾ ਸੁਣਾਉਂਦਿਆਂ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਦੇ ਤੌਰ ’ਤੇ ਗਿਆਨੀ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ਖ਼ਤਮ ਕਰਨ ਦਾ ਆਦੇਸ਼ ਸੁਣਾਇਆ ਗਿਆ। ਇਹ ਵੀ ਕਿਹਾ ਗਿਆ ਕਿ ਉਨ੍ਹਾਂ ਖਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾਵੇ।
ਅਕਾਲ ਤਖ਼ਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਮਹਿੰਦਰ ਸਿੰਘ ਅਤੇ ਜਨਰਲ ਸਕੱਤਰ ਰਾਜਾ ਸਿੰਘ ਤੋਂ ਇਲਾਵਾ ਇਕ ਹੋਰ ਮੈਂਬਰ ਇੰਦਰਜੀਤ ਸਿੰਘ ਨੂੰ ਵੀ ਧਾਰਮਿਕ ਸਜ਼ਾ ਲਗਾਉਣ ਦਾ ਫ਼ੈਸਲਾ ਸੁਣਾਇਆ ਗਿਆ।
ਇਸ ਵਿੱਚ ਪਟਨਾ ਸਾਹਿਬ ਵਿਖ਼ੇ ਹੀ ਪੰਜ ਦਿਨਾਂ ਲਈ ਜੋੜੇ ਝਾੜਨ, ਬਰਤਨ ਮਾਂਜਣ, ਦੇਗ ਕਰਾਉਣ ਅਤੇ ਜਪੁਜੀ ਸਾਹਿਬ ਦੇ ਪਾਠ ਆਦਿ ਕਰਨ ਦੀਆਂ ਸਜ਼ਾਵਾਂ ਸ਼ਾਮਲ ਹਨ। ਤਖ਼ਤ ਸਾਹਿਬ ਦੇ ਇਕ ਗ੍ਰੰਥੀ ਭਾਈ ਗੁਰਦਿਆਲ ਸਿੰਘ ਨੂੰ ਪ੍ਰਬੰਧ ਦੀ ਮਰਿਆਦਾ ਵਿਗਾੜਣ ਦਾ ਮੁੱਖ ਸਾਜ਼ਿਸ਼ਕਰਤਾ ਮੰਨਦੇ ਹੋਏ ਪ੍ਰਬੰਧਕੀ ਬੋਰਡ ਨੂੰ ਇਹ ਆਦੇਸ਼ ਕੀਤਾ ਗਿਆ ਕਿ ਭਾਈ ਗੁਰਦਿਆਲ ਸਿੰਘ ਨੂੰ ਤਖ਼ਤ ਸਾਹਿਬ ਤੋਂ ਕਿਤੇ ਹੋਰ ਤਬਦੀਲ ਕੀਤਾ ਜਾਵੇ।
ਇਕ ਹੋਰ ਅਹਿਮ ਫ਼ੈਸਲੇ ਵਿੱਚ ਪ੍ਰਬੰਧਕੀ ਬੋਰਡ ਨੂੰ ਇਹ ਆਦੇਸ਼ ਵੀ ਕੀਤਾ ਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੋਂ ਬਾਅਦ ਅਤੇ 15 ਜਨਵਰੀ ਤੋਂ ਪਹਿਲਾਂ ਪ੍ਰਬੰਧਕੀ ਬੋਰਡ ਦੀਆਂ ਚੋਣਾਂ ਕਰਵਾਈਆਂ ਜਾਣ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਤਖ਼ਤ ਪਟਨਾ ਸਾਹਿਬ ਦੇ ਕਈ ਸੇਵਾਦਾਰ ਤੰਬਾਕੂ ਤੇ ਹੋਰ ਨਸ਼ਿਆਂ ਦਾ ਸੇਵਨ ਕਰਦੇ ਹਨ ਅਤੇ ਇਸ ਲਈ ਡੋਪ ਟੈਸਟ ਤੇ ਦੰਦਾਂ ਦੀ ਚੈਕਿੰਗ ਲਈ ਕਿਹਾ ਗਿਆ ਸੀ ਜੋ ਅਜੇ ਤਕ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਫ਼ੌਰੀ ਤੌਰ ’ਤੇ ਡੋਪ ਟੈਸਟ ਅਤੇ ਦੰਦਾਂ ਦ ਚੈਕਿੰਗ ਕਰਵਾਈ ਜਾਵੇ ਤੇ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।