Amritsar News: ਪੰਜਾਬ ਆਣ ਵੜਿਆ ਲਸ਼ਕਰ-ਏ-ਤੋਇਬਾ! ਸੁਰੱਖਿਆ ਏਜੰਸੀਆਂ ਅਲਰਟ
ਵਿਦੇਸ਼ਾਂ ਅੰਦਰ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ਵਿਚਾਲੇ ਲਸ਼ਕਰ-ਏ-ਤੋਇਬਾ ਦਾ ਪੰਜਾਬ ਪਹੁੰਚਣਾ ਵੱਡੀ ਚੁਣੌਤੀ ਬਣ ਸਕਦਾ ਹੈ। ਇਸ ਲਈ ਐਲਈਟੀ ਦੇ ਅੱਤਵਾਦੀ ਹਥਿਆਰਾਂ ਸਮੇਤ ਫੜੇ ਜਾਣ ਮਗਰੋਂ ਕੇਂਦਰੀ ਤੇ ਪੰਜਾਬ ਦੀਆਂ ਖੁਫੀਆਂ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ।
Amritsar News: ਲਸ਼ਕਰ-ਏ-ਤੋਇਬਾ (ਐਲਈਟੀ) ਦੀ ਪੰਜਾਬ ਅੰਦਰ ਦਸਤਕ ਮਗਰੋਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ। ਵਿਦੇਸ਼ਾਂ ਅੰਦਰ ਖਾਲਿਸਤਾਨੀਆਂ ਦੀਆਂ ਗਤੀਵਿਧੀਆਂ ਵਿਚਾਲੇ ਲਸ਼ਕਰ-ਏ-ਤੋਇਬਾ ਦਾ ਪੰਜਾਬ ਪਹੁੰਚਣਾ ਵੱਡੀ ਚੁਣੌਤੀ ਬਣ ਸਕਦਾ ਹੈ। ਇਸ ਲਈ ਐਲਈਟੀ ਦੇ ਅੱਤਵਾਦੀ ਹਥਿਆਰਾਂ ਸਮੇਤ ਫੜੇ ਜਾਣ ਮਗਰੋਂ ਕੇਂਦਰੀ ਤੇ ਪੰਜਾਬ ਦੀਆਂ ਖੁਫੀਆਂ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ।
ਉਂਝ, ਅਜੇ ਤੱਕ ਐਲਈਟੀ ਦੇ ਕਾਰਕੁੰਨਾਂ ਦੇ ਖਾਲਿਸਤਾਨੀਆਂ ਨਾਲ ਕਿਸੇ ਸੰਪਰਕ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਸੁਰੱਖਿਆ ਏਜੰਸੀਆਂ ਨੂੰ ਖਦਸ਼ਾ ਹੈ ਕਿ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਪੰਜਾਬ ਦਾ ਮਾਹੌਲ ਵਿਗਾੜਨ ਲਈ ਵੱਡੀ ਵਾਰਦਾਤ ਕਰਵਾ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਐਲਈਟੀ ਦੇ ਕਾਰਕੁੰਨਾਂ ਕੋਲੋਂ ਫੜੇ ਗਏ ਹਥਿਆਰ ਜੰਮੂ-ਕਸ਼ਮੀਰ ਤੇ ਪੰਜਾਬ ਵਿੱਚ ਮੁੱਖ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣ ਲਈ ਵਰਤਣ ਦੀ ਯੋਜਨਾ ਸੀ।
ਦਰਅਸਲ ਲੰਘੇ ਦਿਨ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐਲਈਟੀ) ਦੇ ਹਮਾਇਤੀ ਅਤਿਵਾਦੀ ਗਰੋਹ ਦੇ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਕੋਲੋਂ ਦੋ ਬਾਰੂਦੀ ਸੁਰੰਗਾਂ (ਆਈਈਡੀ), ਦੋ ਹੈਂਡ ਗ੍ਰਨੇਡ, ਦੋ ਮੈਗਜ਼ੀਨ ਸਣੇ .30 ਬੋਰ ਦਾ ਪਿਸਤੌਲ ਤੇ 24 ਕਾਰਤੂਸ, ਅੱਠ ਡੈਟੋਨੇਟਰ, ਇੱਕ ਟਾਈਮਰ ਸਵਿੱਚ ਤੇ ਚਾਰ ਬੈਟਰੀਆਂ ਬਰਾਮਦ ਹੋਈਆਂ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਇਹ ਦੋਵੇਂ ਤਿਉਹਾਰਾਂ ਦੇ ਦਿਨਾਂ ਵਿੱਚ ਕੋਈ ਵੱਡੀ ਵਾਰਦਾਤ ਕਰ ਸਕਦੇ ਸਨ। ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 10 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਕਿ ਇਸ ਅਤਿਵਾਦੀ ਮਾਡਿਊਲ ਨੂੰ ਲਸ਼ਕਰ-ਏ-ਤੋਇਬਾ ਦੇ ਸਰਗਰਮ ਮੈਂਬਰ ਫਿਰਦੌਸ ਅਹਿਮਦ ਭੱਟ ਵੱਲੋਂ ਚਲਾਇਆ ਜਾ ਰਿਹਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਉਜ਼ੈਰ ਉਲ ਹੱਕ ਵਾਸੀ ਰਾਹਪੋਰਾ ਖੁਦਵਾਨੀ ਜੰਮੂ ਕਸ਼ਮੀਰ ਤੇ ਰਾਜ ਮੁਹੰਮਦ ਅੰਦਲੀਬ ਵਾਸੀ ਖੇਰਵਾਨ ਵਜੋਂ ਹੋਈ ਹੈ।
ਡੀਜੀਪੀ ਨੇ ਦਾਅਵਾ ਕੀਤਾ ਹੈ ਕਿ ਖੁਫੀਆ ਜਾਣਕਾਰੀ ਮਿਲੀ ਸੀ ਕਿ ਲਸ਼ਕਰ-ਏ-ਤੋਇਬਾ ਵੱਲੋਂ ਹਥਿਆਰਾਂ ਤੇ ਧਮਾਕਾਖੇਜ਼ ਸਮੱਗਰੀ ਦੀ ਵੱਡੀ ਖੇਪ ਦੀ ਤਸਕਰੀ ਲਈ ਪੰਜਾਬ ਸਰਹੱਦ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਇਸ ਗੁੱਟ ਦੇ ਦੋ ਮੈਂਬਰਾਂ ਵੱਲੋਂ ਕੱਥੂਨੰਗਲ ਖੇਤਰ ਵਿੱਚ ਇਹ ਖੇਪ ਪ੍ਰਾਪਤ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਐਸਐਸਓਸੀ ਵਿੰਗ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਖੇਤਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਤੇ ਦੋਵਾਂ ਨੂੰ ਹਥਿਆਰਾਂ ਦੀ ਖੇਪ ਸਣੇ ਕਾਬੂ ਕੀਤਾ।
ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਫਿਰਦੌਸ ਅਹਿਮਦ ਭੱਟ ਵੱਲੋਂ ਇਸ ਦਹਿਸ਼ਤੀ ਜਥੇਬੰਦੀ ਵਿੱਚ ਭਰਤੀ ਕੀਤਾ ਗਿਆ ਸੀ ਜਿਸ ਵੱਲੋਂ ਇਨ੍ਹਾਂ ਕਾਰਕੁਨਾਂ ਨੂੰ ਜੰਮੂ-ਕਸ਼ਮੀਰ ਤੇ ਪੰਜਾਬ ਵਿੱਚ ਮੁੱਖ ਸ਼ਖ਼ਸੀਅਤਾਂ ਨੂੰ ਨਿਸ਼ਾਨਾ ਬਣਾਉਣ ਲਈ ਵਰਤਣ ਦੀ ਯੋਜਨਾ ਸੀ। ਦੋਵੇਂ ਮੁਲਜ਼ਮ ਵੱਖ-ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ਰਾਹੀਂ ਫਿਰਦੌਸ ਅਹਿਮਦ ਭੱਟ ਦੇ ਲਗਾਤਾਰ ਸੰਪਰਕ ਵਿੱਚ ਸਨ। ਉਸ ਨੇ ਹੀ ਵੀਰਵਾਰ ਨੂੰ ਅੰਮ੍ਰਿਤਸਰ ਤੋਂ ਹਥਿਆਰਾਂ ਦੀ ਖੇਪ ਪ੍ਰਾਪਤ ਕਰਕੇ ਕਸ਼ਮੀਰ ਘਾਟੀ ਲਿਆਉਣ ਲਈ ਇਨ੍ਹਾਂ ਦੋਵੇਂ ਨੂੰ ਭੇਜਿਆ ਸੀ।
ਐਸਐਸਓਸੀ ਦੇ ਏਆਈਜੀ ਸੁਖਮਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਹ ਵੀ ਪਤਾ ਲੱਗਿਆ ਹੈ ਕਿ ਉਜ਼ੈਰ ਉਲ ਹੱਕ, ਜੋ ਫਿਰਦੌਸ਼ ਅਹਿਮਦ ਭੱਟ ਦਾ ਰਿਸ਼ਤੇਦਾਰ ਹੈ, ਨੂੰ ਪਹਿਲਾਂ ਜ਼ਿਲ੍ਹਾ ਕੁਲਗਾਮ ਵਿੱਚ ਪੱਥਰਬਾਜ਼ੀ ਕਰਨ ਦੇ ਦੋ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦੋਂਕਿ ਰਾਜ ਮੁਹੰਮਦ ਅੰਦਲੀਬ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ। ਇਸ ਸਬੰਧੀ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਅੰਮ੍ਰਿਤਸਰ ਵਿੱਚ ਕੇਸ ਦਰਜ ਕੀਤਾ ਗਿਆ ਹੈ।