'ਪੰਜਾਬੀ ਮਾਂ ਬੋਲੀ ਨੂੰ ਤਰਜੀਹ ਦੇਣ ਲਈ ਅਪੀਲ ਦਲੀਲ ਦੇ ਨਾਲ ਸਖ਼ਤੀ ਜ਼ਰੂਰੀ'
ਮੁੱਖ ਮੰਤਰੀ ਪੰਜਾਬੀਆ ਨੂੰ ਅਪੀਲ ਕਰਨ ਦੇ ਨਾਲ ਨਾਲ ਸਬੰਧਿਤ ਅਦਾਰਿਆ ਨੂੰ ਸਖਤ ਅੰਦੇਸ਼ ਜਾਰੀ ਕਰਨ ਤੇ ਸਮਾ ਨਿਰਧਾਰਤ ਕਰਨ ਕਿ ਪੂਰੇ ਪੰਜਾਬ ਅੰਦਰ ਸੁੱਧ ਪੰਜਾਬੀ ਭਾਸ਼ਾ ਵਿੱਚ ਬੋਰਡ ਲਗਾਏ ਜਾਣ ।
ਅੰਮ੍ਰਿਤਸਰ: ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਫਰਵਰੀ 2023 ਤੱਕ ਸਾਰੇ ਸਕੂਲ, ਬਿਜ਼ਨਿਸ ਅਦਾਰੇ ਅਤੇ ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਿਖੇ ਜਾਣ, ਇਸ ਬਿਆਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਸਲਾਘਾ ਕਰਦਿਆ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬੀਆ ਨੂੰ ਅਪੀਲ ਕਰਨ ਦੇ ਨਾਲ ਨਾਲ ਸਬੰਧਿਤ ਅਦਾਰਿਆ ਨੂੰ ਸਖਤ ਅੰਦੇਸ਼ ਜਾਰੀ ਕਰਨ ਤੇ ਸਮਾ ਨਿਰਧਾਰਤ ਕਰਨ ਕਿ ਪੂਰੇ ਪੰਜਾਬ ਅੰਦਰ ਸੁੱਧ ਪੰਜਾਬੀ ਭਾਸ਼ਾ ਵਿੱਚ ਬੋਰਡ ਲਗਾਏ ਜਾਣ ।
ਕਰਨੈਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਤੀਜੇ ਨੰਬਰ ਤੇ ਕੋਈ ਵੀ ਭਾਸ਼ਾ ਲਿਖੋ ਪਰ ਪਹਿਲੇ ਨੰਬਰ ਤੇ ਪੰਜਾਬੀ ਲਿੱਖੀ ਜਾਵੇ । ਪਰ ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੀ ਸਖਤੀ ਨਾਲ ਨਹੀਂ ਬਲਕਿ ਸਮੂਹ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਪੰਜਾਬੀ ਨੂੰ ਤਰਜੀਹੀ ਭਾਸ਼ਾ ਵਜੋਂ ਉਪਰ ਲਿੱਖਣ ਵਾਲੀ ਗੱਲ ਬੇਹੱਦ ਹੈਰਾਨੀਜਨਕ ਹੈ ਕਿਉਕਿ ਜਿਹੜੇ ਸਰਕਾਰੀ ਜਾ ਗੈਰ ਸਰਕਾਰੀ ਅਦਾਰੇ ਜਾਣਬੁੱਝ ਕੇ ਪੰਜਾਬੀ ਦੀ ਜਗਾ ਹਿੰਦੀ ਜਾ ਅੰਗਰੇਜ਼ੀ ਨੂੰ ਤਰਜੀਹ ਦਿੰਦੇ ਨੇ ਉਨ੍ਹਾਂ 'ਤੇ ਸਖਤੀ ਕਰਨੀ ਸਰਕਾਰ ਦਾ ਮੁੱਢਲਾ ਫਰਜ਼ ਹੈ ।
ਕਰਨੈਲ ਸਿੰਘ ਪੀਰਮੁਹੰਮਦ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਪਿੰਡਾ ਸ਼ਹਿਰਾਂ ਕਸਬਿਆ ਤੋ ਇਲਾਵਾ ਸੜਕਾ 'ਤੇ ਲਿਖੇ ਸਾਈਨ ਬੋਰਡਾ 'ਤੇ ਵੀ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ 'ਤੇ ਲਿੱਖਣ ਲਿਖਾਉਣ ਦੀ ਸਕ੍ਰੀਨਿੰਗ ਕਰਨ ਦਾ ਫੈਸਲਾ ਕੀਤਾ ਹੈ।
ਜ਼ਿਕਰ ਕਰ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਸੂਬੇ ਭਰ ਦੀਆਂ ਸਾਰੀਆਂ ਨਿੱਜੀ ਅਤੇ ਸਰਕਾਰੀ ਇਮਾਰਤਾਂ ‘ਤੇ ਪੰਜਾਬੀ ਭਾਸ਼ਾ ਵਿੱਚ ਸਾਈਨ ਬੋਰਡ ਲਗਾਉਣ ਲਈ ਲਹਿਰ ਸ਼ੁਰੂ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਨੇ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ ਮਹੀਨਾ ਮਨਾਉਣ ਸਬੰਧੀ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮਹਾਰਾਸ਼ਟਰ, ਤਾਮਿਲਨਾਡੂ ਅਤੇ ਹੋਰ ਸੂਬਿਆਂ ਦੀਆਂ ਉਦਾਹਰਣਾਂ ਦਿੱਤੀਆਂ, ਜਿੱਥੇ ਲੋਕ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਦੇ ਹਨ।
ਉਨ੍ਹਾਂ ਦੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ‘ਤੇ ਉਨ੍ਹਾਂ ਦੀ ਮਾਂ-ਬੋਲੀ ਵਿਚ ਸਾਈਨ ਬੋਰਡ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਪੰਜਾਬੀਆਂ ਨੂੰ ਵੀ ਇਸ ਨੇਕ ਰਵਾਇਤ ਨੂੰ ਅਪਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਪੰਜਾਬੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਰੇ ਸਾਈਨ ਬੋਰਡਾਂ ‘ਤੇ ਹੋਰ ਭਾਸ਼ਾਵਾਂ ਦੇ ਨਾਲ ਪੰਜਾਬੀ ਨੂੰ ਪ੍ਰਮੁੱਖਤਾ ਨਾਲ ਲਿਖਿਆ ਜਾਵੇ।