Sikh Genocide: ਸਿੱਖਾਂ ਨੂੰ ਅੱਤਾਵਾਦੀ ਐਲਾਨ ਕੇ ਮੁੜ ਤਿਆਰ ਕੀਤਾ ਜਾ ਰਿਹਾ 1984 ਵਰਗਾ ਮਾਹੌਲ-ਗਰੇਵਾਲ
Punjab News: ਗਰੇਵਾਲ ਨੇ ਕਿਹਾ ਕਿ ਜੇ ਕਈ ਸਿੱਖ ਆਪਣੇ ਹੱਕ ਮੰਗਦਾ ਹੈ ਤੇ ਜ਼ੋਰ ਸ਼ੋਰ ਆਪਣੀ ਆਵਾਜ਼ ਚੁੱਕਦਾ ਹੈ ਤਾਂ ਉਸ ਨੂੰ ਖ਼ਾਲਿਸਤਾਨੀ ਕਿਹਾ ਜਾਂਦਾ ਹੈ ਇਹ ਸਿੱਖਾਂ ਲਈ ਚੁਣੌਤੀ ਭਰਿਆ ਸਮਾਂ ਹੈ।
Amritsar News: ਕੈਨੇਡਾ ਵਿੱਚ ਖਾਲਿਸਤਾਨੀ ਸਮਰਥਕ ਹਰਦੀਪ ਸਿੰਘ ਨਿੱਝਰ ਦਾ ਕਤਲ ਹੋਣ ਤੋਂ ਬਾਅਦ ਕੈਨੇਡਾ ਦੀ ਸਰਕਾਰ ਵੱਲੋਂ ਇਸ ਲਈ ਭਾਰਤ ਦੀਆਂ ਖੂਫੀਆਂ ਏਜੰਸੀਆਂ ਦੀ ਸ਼ਮੂਲੀਅਤ ਦਾ ਜ਼ਿਕਰ ਕੀਤਾ ਗਿਆ ਜਿਸ ਤੋਂ ਬਾਅਦ ਇਸ ਮੁੱਦੇ ਦੀ ਚਰਚਾ ਦੁਨੀਆ ਭਰ ਵਿੱਚ ਹੋਈ। ਇਸ ਤੋਂ ਦੋਵਾਂ ਦੇਸ਼ਾਂ ਵੱਲੋਂ ਕੁਝ ਕਾਰਵਾਈਆਂ ਵੀ ਕੀਤੀਆਂ ਗਈ। ਪਰ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ ਕਿ ਮੁੜ ਤੋਂ ਸਿੱਖਾਂ ਨੂੰ ਅੱਤਵਾਦੀ ਕਹਿ ਕੇ 1984 ਵਾਲਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ।
ਮੁੜ ਤੋਂ ਸਿੱਖਾਂ ਨੂੰ ਐਲਾਨਿਆਂ ਜਾ ਰਿਹੈ ਅੱਤਵਾਦੀ
ਇਸ ਬਾਬਤ ਸ਼੍ਰੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਵਿਦੇਸ਼ ਵਿੱਚ ਸਿੱਖ ਦੇ ਕਤਲ ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਟ੍ਰੋਲ ਕੀਤਾ ਰਿਹਾ ਹੈ ਤੇ ਸਿੱਖਾਂ ਖ਼ਿਲਾਫ਼ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਅੱਤਵਾਦੀ ਤੇ ਵੱਖਵਾਦੀ ਗਰਦਾਨਿਆ ਜਾ ਰਿਹਾ ਹੈ। ਗਰੇਵਾਲ ਨੇ ਕਿਹਾ ਕਿ ਇਹੋ ਜਿਹਾ ਮਾਹੌਲ 1984 ਵਿੱਚ ਵੀ ਸਿੱਖਾਂ ਦੇ ਖ਼ਿਲਾਫ਼ ਤਿਆਰ ਕੀਤਾ ਗਿਆ ਸੀ ਜਿਸ ਵੇਲੇ ਸਿਆਸੀ ਮੁਫ਼ਾਦਾ ਲਈ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜਾਂ ਨਾਲ ਹਮਲਾ ਕੀਤਾ ਗਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਦੇ ਗੋਲ਼ਿਆਂ ਨਾਲ ਢਹਿ ਢੇਰੀ ਕੀਤਾ ਗਿਆ ਇਸ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਇਹੋ ਜਿਹਾ ਮਾਹੌਲ ਹੁਣ ਮੁੜ ਤੋਂ ਸਿੱਖਾਂ ਵਿਰੁੱਧ ਬਣਾਇਆ ਜਾ ਰਿਹਾ ਹੈ।
ਵੋਟਾਂ ਹਾਸਲ ਕਰਨ ਲਈ ਤਿਆਰ ਕੀਤੀ ਜਾ ਰਹੀ ਹੈ ਜ਼ਮੀਨ
ਸਿੱਖਾਂ ਖ਼ਿਲਾਫ਼ ਜ਼ਮੀਨ ਤਿਆਰ ਕਰਨ ਵਿੱਚ ਬਹੁ ਗਿਣਤੀ ਮੀਡੀਆ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਗੋਦੀ ਮੀਡੀਆ ਵੱਲੋਂ ਸਿੱਖਾਂ ਨੂੰ ਜਮ ਕੇ ਭੰਡਿਆ ਜਾ ਰਿਹਾ ਹੈ। ਗਰੇਵਾਲ ਨੇ ਕਿਹਾ ਕਿ ਜੇ ਕਈ ਸਿੱਖ ਆਪਣੇ ਹੱਕ ਮੰਗਦਾ ਹੈ ਤੇ ਜ਼ੋਰ ਸ਼ੋਰ ਆਪਣੀ ਆਵਾਜ਼ ਚੁੱਕਦਾ ਹੈ ਤਾਂ ਉਸ ਨੂੰ ਖ਼ਾਲਿਸਤਾਨੀ ਕਿਹਾ ਜਾਂਦਾ ਹੈ ਇਹ ਸਿੱਖਾਂ ਲਈ ਚੁਣੌਤੀ ਭਰਿਆ ਸਮਾਂ ਹੈ। ਗਰੇਵਾਲ ਨੇ ਫਿਕਰਮੰਦ ਹੁੰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਸਿੱਖਾਂ ਨੂੰ ਮਾਰਨ ਲਈ ਏਜੰਡਾ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਸਿੱਖਾਂ ਨੂੰ ਅੱਤਵਾਦੀ ਐਲਾਨ ਕੇ ਤੇ ਕਤਲੇਆਮ ਕਰਕੇ ਬਹੁ ਗਿਣਤੀ ਦੀਆਂ ਵੋਟਾਂ ਹਾਸਲ ਕੀਤੀਆਂ ਜਾਣ।
ਕੰਗਣਾ ਆਪਣੇ ਬਜ਼ੁਰਗਾਂ ਤੋਂ ਪੁੱਛ ਲਵੇ ਕੌਣ ਹਨ ਸਿੱਖ
ਇਸ ਮੌਕੇ ਕੰਗਣਾ ਰਣੌਤ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਾਬਤ ਉਨ੍ਹਾਂ ਕਿਹਾ ਕਿ ਕੰਗਣਾ ਕੌਣ ਹੁੰਦੀ ਹੈ ਸਿੱਖਾਂ ਨੂੰ ਦੇਸ਼ ਭਗਤੀ ਦੱਸਣ ਵਾਲੀ, ਉਨ੍ਹਾਂ ਦਾ ਧਰਮ ਤੇ ਜਨੇਊ ਬਚਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਿਤਾ ਜੀ ਨੂੰ ਵਾਰ ਦਿੱਤਾ ਸੀ। ਸਿੱਖਾਂ ਨੂੰ ਦੇਸ਼ ਭਗਤੀ ਦੱਸਣ ਦੀ ਲੋੜ ਨਹੀਂ, ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਿੱਚ 98 ਫ਼ੀਸਦੀ ਯੋਗਦਾਨ ਪਾਇਆ ਹੈ ਜਦੋਂ ਕਿ ਸਾਡੀ ਗਿਣਤੀ 2 ਫ਼ੀਸਦੀ ਹੈ। ਇਸ ਦੇ ਨਾਲ ਹੀ ਕਿਹਾ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਸ਼ਹੀਦ ਵਾਲੇ ਜਵਾਨਾਂ ਵਿੱਚ ਸਭ ਤੋਂ ਵੱਧ ਸਿੱਖ ਹਨ। ਦੇਸ਼ ਵਿੱਚ ਸਭ ਤੋਂ ਵੱਧ ਫੌਜੀਆਂ ਦੀਆਂ ਵਿਧਵਾਵਾਂ ਸਿੱਖਾਂ ਦੀਆਂ ਹਨ। ਇਸ ਲਈ ਕੰਗਣਾ ਨੂੰ ਬੋਲਣ ਤੋਂ ਪਹਿਲਾਂ ਸ਼ਰਮ ਕਰਨੀ ਚਾਹੀਦੀ ਹੈ।