Amritsar News: ਸਰਕਾਰ ਦਾ ਫ਼ਾਇਦਾ ? ਦੋ-ਫਾੜ ਹੋਈ ਪਟਵਾਰ ਯੂਨੀਅਨ, ਇੱਕ-ਦੂਜੇ ਨੂੰ ਕਹਿਣ ਲੱਗੇ 'ਕਾਲ਼ੀਆਂ ਭੇਡਾਂ'
ਅਖ਼ੀਰ ਵਿੱਚ ਨਿਊ ਪਟਵਾਰ ਯੂਨੀਅਨ ਦੇ ਮੈਂਬਰਾਂ ਨੂੰ ਪ੍ਰੈਸ ਕਾਨਫ਼ਰੰਸ ਵਿਚਾਲੇ ਹੀ ਛੱਡ ਕੇ ਜਾਣਾ ਪਿਆ ਇਸ ਮੌਕੇ ਨਵੇਂ ਪ੍ਰਧਾਨ ਨੇ ਕਿਹਾ ਕਿ ਨਵੀਂ ਯੂਨੀਅਨ ਆਪਣਾ ਕੰਮ ਕਰਦੀ ਰਹੇਗੀ, ਇਸ ਪ੍ਰਦਰਸ਼ਨ ਦਾ ਉਨ੍ਹਾਂ ਦੇ ਕੰਮ ਉੱਤੇ ਕੋਈ ਵੀ ਫਰਕ ਨਹੀਂ ਪਵੇਗਾ।
Punjab News: ਪੰਜਾਬ ਸਰਕਾਰ ਦੇ ਖ਼ਿਲਾਫ਼ ਲੜ ਰਹੀ ਪਟਵਾਰ ਤੇ ਕਾਨੂੰਗੋ ਯੂਨੀਅਨ ਦੋ-ਫਾੜ ਹੋ ਗਈ ਹੈ। ਪਟਵਾਰ ਯੂਨੀਅਨ ਦੇ ਕੁਝ ਮੈਂਬਰਾਂ ਨੇ ਸਰਕਾਰ ਦੇ ਪੱਖ ਵਿੱਚ ਅੱਗੇ ਆਉਂਦਿਆਂ ਨਿਊ ਰੈਵੇਨਿਊ ਪਟਵਾਰ-ਕਾਨੂੰਗੋ ਯੂਨੀਅਨ ਬਣਾ ਲਈ ਹੈ ਪਰ ਇਸ ਦੇ ਐਲਾਨ ਮੌਕੇ ਕੁਝ ਪੁਰਾਣੀ ਜਥੇਬੰਦੀ ਦੇ ਮੈਂਬਰ ਵੀ ਪਹੁੰਚ ਗਏ ਤੇ ਨਵੀਂ ਯੂਨੀਅਨ ਦੇ ਮੈਂਬਰਾਂ ਨੂੰ ਕਾਲ਼ੀਆਂ ਭੇਡਾਂ ਕਹਿ ਕੇ ਮਿਹਣੇ ਮਾਰਨ ਲੱਗੇ।
ਨਵੀਂ ਯੂਨੀਅਨ ਨੇ ਏਅਰਪੋਰਟ ਰੋਡ ਤੇ ਸਥਿਤ ਇੱਕ ਹੋਟਲ ਵਿੱਚ ਪ੍ਰੈਸ ਕਾਨਫ਼ਰੰਸ ਸੱਦ ਕੇ ਨਿਊ ਰੈਵੇਨਿਊ ਪਟਵਾਰ ਕਾਨੂੰਗੋ ਯੂਨੀਅਨ ਦਾ ਐਲਾਨ ਕਰ ਦਿੱਤਾ ਹੈ। ਇਸ ਯੂਨੀਅਨ ਦੇ ਪ੍ਰਧਾਨ ਜਸਵੰਤ ਰਾਏ ਨੂੰ ਬਣਾਇਆ ਗਿਆ। ਉਨ੍ਹਾਂ ਨੇ ਹੀ ਸਰਕਾਰ ਦੇ ਹੱਕ ਵਿੱਚ ਆਉਂਦੇ ਹੋਏ ਯੂਨੀਅਨ ਦੇ ਦੋ-ਫਾੜ ਹੋਣ ਦੀ ਗੱਲ ਕਹੀ। ਉਨ੍ਹਾਂ ਇਲਜ਼ਾਮ ਲਾਇਆ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਤੇ ਨਵੀਆਂ ਭਰਤੀਆਂ ਦੇ ਬਾਵਜੂਦ ਵੀ ਯੂਨੀਅਨ ਕੰਮ ਨਹੀਂ ਕਰ ਰਹੀ ਹੈ, ਜੋ ਕੰਮ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਪ੍ਰੈਸ ਕਾਨਫਰੰਸ ਚੱਲ ਹੀ ਰਹੀ ਸੀ ਕਿ ਅੰਮ੍ਰਿਤਸਰ ਪਟਵਾਰ ਯੂਨੀਅਨ ਦੇ ਮੈਂਬਰ ਤੇ ਪ੍ਰਧਾਨ ਮੌਕੇ ਉੱਤੇ ਪਹੁੰਚੇ ਤੇ ਉਨ੍ਹਾਂ ਨੇ ਪ੍ਰੈਸ ਕਾਨਫ਼ਰੰਸ ਨੂੰ ਰੁਕਵਾ ਦਿੱਤਾ। ਇਸ ਮੌਕੇ ਦੋਵੇਂ ਯੂਨੀਅਨਾਂ ਦੇ ਮੈਂਬਰ ਇੱਕ ਦੂਜੇ ਦੇ ਸਾਹਮਣੇ ਹੋ ਗਏ। ਉਸ ਮੌਕੇ ਹਲਾਤ ਇਹੋ ਜਿਹੇ ਹੋ ਗਏ ਕਿ ਪੁਲਿਸ ਨੂੰ ਬਚਾਅ ਲਈ ਦੋਵਾਂ ਧਿਰਾਂ ਦੇ ਵਿਚਾਲੇ ਪੈਣਾ ਪਿਆ।ਅਖ਼ੀਰ ਵਿੱਚ ਨਿਊ ਪਟਵਾਰ ਯੂਨੀਅਨ ਦੇ ਮੈਂਬਰਾਂ ਨੂੰ ਪ੍ਰੈਸ ਕਾਨਫ਼ਰੰਸ ਵਿਚਾਲੇ ਹੀ ਛੱਡ ਕੇ ਜਾਣਾ ਪਿਆ ਇਸ ਮੌਕੇ ਨਵੇਂ ਪ੍ਰਧਾਨ ਨੇ ਕਿਹਾ ਕਿ ਨਵੀਂ ਯੂਨੀਅਨ ਆਪਣਾ ਕੰਮ ਕਰਦੀ ਰਹੇਗੀ, ਇਸ ਪ੍ਰਦਰਸ਼ਨ ਦਾ ਉਨ੍ਹਾਂ ਦੇ ਕੰਮ ਉੱਤੇ ਕੋਈ ਵੀ ਫਰਕ ਨਹੀਂ ਪਵੇਗਾ।
ਇਸ ਮੌਕੇ ਅੰਮ੍ਰਿਤਸਰ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਨਵੀਂ ਯੂਨੀਅਨ ਬਣਾਉਣ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਹਨ ਤੇ ਉਨ੍ਹਾਂ ਦੀਆਂ ਕੁਝ ਗਤੀਵਿਧੀਆਂ ਕਰਕੇ ਉਨ੍ਹਾਂ ਨੂੰ ਗੁਰਦਾਸਪੁਰ ਯੂਨੀਅਨ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਇਹ ਮਾਹੌਲ ਖ਼ਰਾਬ ਕਰਨ ਲਈ ਅੰਮ੍ਰਿਤਸਰ ਆ ਕੇ ਪ੍ਰੈਸ ਕਾਨਫ਼ਰੰਸ ਕਰ ਰਹੇ ਹਨ ਜੇ ਇਨ੍ਹਾਂ ਨੇ ਪ੍ਰੈਸ ਕਾਨਫ਼ਰੰਸ ਕਰਨੀ ਹੀ ਹੈ ਤਾਂ ਇਹ ਗੁਰਦਾਸਪੁਰ ਜਾ ਕੇ ਕਰਨ। ਇਹ ਜਾਣ ਬੁੱਝ ਕੇ ਇੱਥੇ ਆ ਕੇ ਮਾਹੌਲ ਖ਼ਰਾਬ ਕਰ ਰਹੇ ਹਨ।