(Source: ECI/ABP News)
Chandigarh News: ਭਗਵੰਤ ਮਾਨ ਸਰਕਾਰ ਲਈ ਨਵੀਂ ਚੁਣੌਤੀ? ਕੜਾਕੇ ਦੀ ਠੰਢ 'ਚ ਚੰਡੀਗੜ੍ਹ ਦੀ ਹੱਦ 'ਤੇ ਡਟੀਆਂ ਸਿੱਖ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ
ਕੜਾਕੇ ਦੀ ਠੰਢ ਵਿੱਚ ਸਿੱਖ ਜਥੇਬੰਦੀਆਂ ਚੰਡੀਗੜ੍ਹ ਦੀ ਹੱਦ ਉੱਪਰ ਡਟੀਆਂ ਹੋਈਆਂ ਹਨ। ਇਹ ਜਥੇਬੰਦੀਆਂ ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦੇ ਮਾਮਲੇ, ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ...
Chandigarh News: ਕੜਾਕੇ ਦੀ ਠੰਢ ਵਿੱਚ ਸਿੱਖ ਜਥੇਬੰਦੀਆਂ ਚੰਡੀਗੜ੍ਹ ਦੀ ਹੱਦ ਉੱਪਰ ਡਟੀਆਂ ਹੋਈਆਂ ਹਨ। ਇਹ ਜਥੇਬੰਦੀਆਂ ਬੰਦੀ ਸਿੰਘਾਂ ਦੀ ਰਿਹਾਈ, 328 ਸਰੂਪਾਂ ਦੇ ਮਾਮਲੇ, ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮੁੱਦਿਆਂ ’ਤੇ ਇਨਸਾਫ ਦੀ ਮੰਗ ਕਰ ਰਹੀਆਂ ਹਨ। ਕੌਮੀ ਇਨਸਾਫ਼ ਮੋਰਚਾ ਮੁਹਾਲੀ-ਚੰਡੀਗੜ੍ਹ, ਹਵਾਰਾ ਕਮੇਟੀ ਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਸਾਂਝੇ ਬੈਨਰ ਹੇਠ ਇਹ ਮੋਰਚਾ ਲਾਇਆ ਗਿਆ ਹੈ।
ਇਹ ਮੋਰਚਾ ਭਗਵੰਤ ਮਾਨ ਸਰਕਾਰ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ ਕਿਉਂਕਿ ਮੋਰਚੇ ’ਤੇ ਡਟੇ ਲੋਕਾਂ ਨੇ ਸਾਰੇ ਮਸਲੇ ਹੱਲ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਵਿੱਚ ਇਹ ਧਰਨਾ ਬਰਗਾੜੀ ਮੋਰਚੇ ਦਾ ਰੂਪ ਧਾਰ ਸਕਦਾ ਹੈ। ਐਤਵਾਰ ਨੂੰ ਪ੍ਰਦਰਸ਼ਨਕਾਰੀ ਸਿੱਖ ਆਗੂਆਂ ਤੇ ਯੂਟੀ ਪ੍ਰਸ਼ਾਸਨ ਵਿਚਾਲੇ ਹੋਈ ਮੀਟਿੰਗ ਵੀ ਬੇਸਿੱਟਾ ਰਹੀ ਹੈ।
ਦਰਅਸਲ ਧਰਨੇ ਵਾਲੀ ਥਾਂ ਦੇ ਨੇੜੇ ਚੰਡੀਗੜ੍ਹ ਵਾਲੇ ਪਾਸੇ ਯੂਟੀ ਪ੍ਰਸ਼ਾਸਨ ਨੇ ਆਪਣੇ ਕੈਂਪਸ ਆਫਿਸ ਵਿੱਚ ਸਿੱਖ ਆਗੂ ਬਾਪੂ ਗੁਰਚਰਨ ਸਿੰਘ ਦੀ ਅਗਵਾਈ ਵਾਲੇ ਵਫ਼ਦ ਨਾਲ ਮੁਲਾਕਾਤ ਕੀਤੀ ਤੇ ਧਰਨਾ ਚੁੱਕਣ ਦੀ ਅਪੀਲ ਕੀਤੀ ਪਰ ਸਿੱਖ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਮਸਲੇ ਹੱਲ ਨਹੀਂ ਹੁੰਦੇ, ਉਹ ਇੱਥੋਂ ਨਹੀਂ ਜਾਣਗੇ। ਇਸ ਮਗਰੋਂ ਯੂਟੀ ਪ੍ਰਸ਼ਾਸਨ ਨੇ ਸਿੱਖ ਆਗੂਆਂ ਨੂੰ ਲਿਖਤੀ ਰੂਪ ਵਿੱਚ ਮੰਗ ਪੱਤਰ ਦੇਣ ਲਈ ਆਖਿਆ ਤਾਂ ਉਨ੍ਹਾਂ ਤੁਰੰਤ ਆਪਣੀਆਂ ਮੰਗਾਂ ਬਾਰੇ ਪੱਤਰ ਅਧਿਕਾਰੀਆਂ ਨੂੰ ਸੌਂਪ ਦਿੱਤਾ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਿੱਖ ਆਗੂਆਂ ਨੂੰ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ ਹੈ।
ਇਸ ਦੌਰਾਨ ਬਾਪੂ ਗੁਰਚਰਨ ਸਿੰਘ, ਇਕਬਾਲ ਸਿੰਘ ਦਿੱਲੀ, ਰਜਿੰਦਰ ਸਿੰਘ ਬਾਲੀ, ਜਗਮੋਹਨ ਸਿੰਘ ਕਾਹਲੋਂ ਤੇ ਹੋਰ ਸਿੱਖ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, 328 ਸਰੂਪਾਂ ਦਾ ਮਾਮਲਾ ਅਤੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਗੋਲੀ ਕਾਂਡ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ, ਉਦੋਂ ਤੱਕ ਪੱਕਾ ਮੋਰਚਾ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਸਬੰਧਤ ਚਾਰ ਕੌਮੀ ਮੁੱਦਿਆਂ ’ਤੇ ਸਰਕਾਰਾਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਅਣਦੇਖੀ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਮਨੁੱਖਤਾ ਦੀ ਰਾਖੀ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਇਸ ਸਬੰਧੀ ਲੋਕਾਂ ਨੂੰ ਹੁਕਮਰਾਨਾਂ ਤੋਂ ਸਵਾਲ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਤਾਂ ਸਰਕਾਰ ਜਦੋਂ ਚਾਹੇ ਪੈਰੋਲ ’ਤੇ ਭੇਜ ਦਿੰਦੀ ਹੈ ਪਰ ਜਿਹੜੇ ਸਿੱਖ ਕੈਦੀ ਕਾਨੂੰਨ ਮੁਤਾਬਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਹੈ। ਇਹ ਸਿੱਖ ਭਾਈਚਾਰੇ ਨਾਲ ਧੱਕਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)