Chandigarh News: ਚੰਡੀਗੜ੍ਹ 'ਚ ਨਹੀਂ ਚੱਲਣਗੀਆਂ ਡੀਜ਼ਲ ਵਾਲੀਆਂ ਬੱਸਾਂ, ਯੂਟੀ ਪ੍ਰਸ਼ਾਸਨ ਚੁੱਕਣ ਜਾ ਰਿਹਾ ਵੱਡਾ ਕਦਮ
ਚੰਡੀਗੜ੍ਹ ਵਿੱਚ ਡੀਜ਼ਲ ਵਾਲੀਆਂ ਬੱਸਾਂ ਨਹੀਂ ਚੱਲਣਗੀਆਂ। ਡੀਜ਼ਲ ਵਾਲੀਆਂ ਬੱਸਾਂ ਨੂੰ ਸੀਐਨਜੀ ਤਬਦੀਲ ਕੀਤਾ ਜਾਏਗਾ। ਇਹ ਕਦਮ ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਚੁੱਕਿਆ ਜਾ ਰਿਹਾ ਹੈ। ਇਨ੍ਹਾਂ ਬੱਸਾਂ ’ਚ ਸੀਐਨਜੀ ਕਿੱਟਾਂ ਲਾਉਣ ਲਈ 35.31 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਗਿਆ ਹੈ।
Chandigarh News: ਚੰਡੀਗੜ੍ਹ ਵਿੱਚ ਡੀਜ਼ਲ ਵਾਲੀਆਂ ਬੱਸਾਂ ਨਹੀਂ ਚੱਲਣਗੀਆਂ। ਡੀਜ਼ਲ ਵਾਲੀਆਂ ਬੱਸਾਂ ਨੂੰ ਸੀਐਨਜੀ ਤਬਦੀਲ ਕੀਤਾ ਜਾਏਗਾ। ਇਹ ਕਦਮ ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਚੁੱਕਿਆ ਜਾ ਰਿਹਾ ਹੈ। ਇਨ੍ਹਾਂ ਬੱਸਾਂ ’ਚ ਸੀਐਨਜੀ ਕਿੱਟਾਂ ਲਾਉਣ ਲਈ 35.31 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਗਿਆ ਹੈ। ਸਭ ਤੋਂ ਪਹਿਲਾਂ 100 ਬੱਸਾਂ ਨੂੰ ਅਕਤੂਬਰ 2023 ਤੱਕ ਡੀਜ਼ਲ ਤੋਂ ਸੀਐਨਜੀ ਵਿੱਚ ਤਬਦੀਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਦੱਸ ਦਈਏ ਕਿ ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਯੂਟੀ ਪ੍ਰਸ਼ਾਸਨ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਜਿੱਥੇ ਸ਼ਹਿਰ ਦੇ ਲੋਕਾਂ ਨੂੰ ਪੈਟਰੋਲ ਤੇ ਡੀਜ਼ਲ ਦੇ ਵਾਹਨਾਂ ਦੀ ਥਾਂ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਹੀ ਯੂਟੀ ਪ੍ਰਸ਼ਾਸਨ ਨੇ ਸੀਟੀਯੂ ਦੀਆਂ ਡੀਜ਼ਲ ਬੱਸਾਂ ਨੂੰ ਵੀ ਸੀਐਨਜੀ ’ਚ ਤਬਦੀਲ ਕਰਨ ਦੀ ਤਿਆਰੀ ਖਿੱਚ ਲਈ ਹੈ। ਪ੍ਰਸ਼ਾਸਨ ਵੱਲੋਂ ਸੀਟੀਯੂ ਦੀਆਂ ਬੱਸਾਂ ਨੂੰ ਕਈ ਪੜਾਵਾਂ ਵਿੱਚ ਸੀਐਨਜੀ ’ਚ ਤਬਦੀਲ ਕੀਤਾ ਜਾਵੇਗਾ ਤੇ ਪਹਿਲੇ ਪੜਾਅ ’ਚ 100 ਬੱਸਾਂ ਨੂੰ ਸੀਐਨਜੀ ਤਬਦੀਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਹਾਸਲ ਜਾਣਕਾਰੀ ਅਨੁਸਾਰ ਸੀਟੀਯੂ ਕੋਲ 258 ਦੇ ਕਰੀਬ ਡੀਜ਼ਲ ਬੱਸਾਂ ਹਨ। ਇਨ੍ਹਾਂ ਸਾਰੀਆਂ ਬੱਸਾਂ ਨੂੰ ਸੀਐਨਜੀ ’ਚ ਤਬਦੀਲ ਕੀਤਾ ਜਾਵੇਗਾ। ਯੂਟੀ ਪ੍ਰਸ਼ਾਸਨ ਨੇ ਇਨ੍ਹਾਂ ਬੱਸਾਂ ’ਚ ਸੀਐਨਜੀ ਕਿੱਟਾਂ ਲਗਾਉਣ ਲਈ 35.31 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਪਹਿਲੀ 100 ਬੱਸਾਂ ਨੂੰ ਅਕਤੂਬਰ 2023 ਤੱਕ ਡੀਜ਼ਲ ਤੋਂ ਸੀਐਨਜੀ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ ਜਦੋਂਕਿ ਉਸ ਤੋਂ ਬਾਅਦ ਹੋਰਨਾਂ ਬੱਸਾਂ ਲਈ ਵਿਉਂਤਬੰਦੀ ਕੀਤੀ ਜਾਵੇਗੀ।
ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚੋਂ ਡੀਜ਼ਲ ਬੱਸਾਂ ਦੀ ਗਿਣਤੀ ਘਟਾਉਂਦੇ ਹੋਏ ਸਾਲ 2027-28 ਤੱਕ ਲੋਕਲ ਤੇ ਅੰਤਰ-ਰਾਜੀ ਰੂਟਾਂ ’ਤੇ ਚੱਲਣ ਵਾਲੀਆਂ ਸਾਰੀਆਂ ਬੱਸਾਂ ਨੂੰ ਇਲੈਕਟ੍ਰਿਕ ਵਿੱਚ ਤਬਦੀਲ ਕਰਨ ਲਈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਹਾਲਾਂਕਿ, ਕੇਂਦਰ ਸਰਕਾਰ ਦੀ ਸਕੀਮ ਸਦਕਾ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ 80 ਇਲੈਕਟ੍ਰਿਕ ਬੱਸਾਂ ਸੜਕਾਂ ’ਤੇ ਉਤਾਰ ਦਿੱਤੀਆਂ ਹਨ ਜਦੋਂ ਕਿ 100 ਹੋਰ ਨਵੀਆਂ ਇਲੈਕਟ੍ਰਿਕ ਬੱਸਾਂ ਖਰੀਦਣ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ ਸ਼ਹਿਰ ਵਿੱਚ ਚੱਲ ਰਹੀਆਂ 80 ਬੱਸਾਂ ਵਿੱਚੋਂ 40 ਬੱਸਾਂ 44.99 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਚੱਲ ਰਹੀਆਂ ਹਨ, ਜਦੋਂ ਕਿ ਸ਼ੁਰੂਆਤ ’ਚ ਆਈਆਂ 40 ਬੱਸਾਂ 60 ਰੁਪਏ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਚੱਲ ਰਹੀਆਂ ਹਨ। ਇਨ੍ਹਾਂ ਬੱਸਾਂ ਵਿੱਚ ਰੋਜ਼ਾਨਾ 20 ਹਜ਼ਾਰ ਯਾਤਰੀ ਸਫਰ ਕਰਦੇ ਹਨ।