Chandigarh News: ਬਿਜਲੀ ਵਾਲੀਆਂ ਬੱਸਾਂ ਦਾ ਕਮਾਲ! ਟਰਾਂਸਪੋਰਟ ਵਿਭਾਗ ਨੇ ਬਚਾ ਲਿਆ 17.17 ਕਰੋੜ ਦਾ ਡੀਜ਼ਲ
Chandigarh News: ਚੰਡੀਗੜ੍ਹ ਵਿੱਚ ਚੱਲ ਰਹੀਆਂ ਬਿਜਲੀ ਵਾਲੀਆਂ ਬੱਸਾਂ ਨੇ ਕਮਾਲ ਕਰ ਦਿੱਤਾ ਹੈ। ਟਰਾਂਸਪੋਰਟ ਵਿਭਾਗ ਨੇ 17.17 ਕਰੋੜ ਦਾ ਡੀਜ਼ਲ ਬਚਾਇਆ ਹੈ। ਇਸ ਦੇ ਨਾਲ ਹੀ ਸ਼ਹਿਰ ਨੂੰ ਪ੍ਰਦੁਸ਼ਣ ਮੁਕਤ
Chandigarh News: ਚੰਡੀਗੜ੍ਹ ਵਿੱਚ ਚੱਲ ਰਹੀਆਂ ਬਿਜਲੀ ਵਾਲੀਆਂ ਬੱਸਾਂ ਨੇ ਕਮਾਲ ਕਰ ਦਿੱਤਾ ਹੈ। ਟਰਾਂਸਪੋਰਟ ਵਿਭਾਗ ਨੇ 17.17 ਕਰੋੜ ਦਾ ਡੀਜ਼ਲ ਬਚਾਇਆ ਹੈ। ਇਸ ਦੇ ਨਾਲ ਹੀ ਸ਼ਹਿਰ ਨੂੰ ਪ੍ਰਦੁਸ਼ਣ ਮੁਕਤ ਰੱਖਣ ਵਿੱਚ ਵੀ ਵੱਡੀ ਸਹਾਇਤਾ ਮਿਲੀ ਹੈ। ਇਹ ਖੁਲਾਸਾ ਯੂਟੀ ਦੇ ਟਰਾਂਸਪੋਰਟ ਵਿਭਾਗ ਨੇ ਕੀਤਾ ਹੈ।
ਦਰਅਸਲ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਲਈ ਡੀਜ਼ਲ ਦੀ ਥਾਂ ਸ਼ੁਰੂ ਕੀਤੀ ਇਲੈਕਟ੍ਰਿਕ ਬੱਸਾਂ ਰਾਹੀਂ ਵਾਤਾਵਰਨ ਸੁਰੱਖਿਆ ਦੇ ਨਾਲ-ਨਾਲ ਵਿੱਤੀ ਤੌਰ ’ਤੇ ਵੀ ਬੱਚਤ ਕੀਤੀ ਜਾ ਰਹੀ ਹੈ। ਯੂਟੀ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਨੇ ਇਲੈਕਟ੍ਰਿਕ ਬੱਸਾਂ ਰਾਹੀਂ 26 ਮਹੀਨਿਆਂ ਵਿੱਚ 17.17 ਕਰੋੜ ਰੁਪਏ ਦੇ 20.38 ਲੱਖ ਲਿਟਰ ਡੀਜ਼ਲ ਦੀ ਬੱਚਤ ਕੀਤੀ ਹੈ।
ਯੂਟੀ ਦੇ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਪ੍ਰਦੁਮਨ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਇਲੈਕਟ੍ਰਿਕ ਬੱਸਾਂ ਨੇ 1.01 ਕਰੋੜ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ, ਜਿਸ ਨਾਲ 20.38 ਲੱਖ ਲਿਟਰ ਡੀਜ਼ਲ ਦੀ ਬੱਚਤ ਹੋਈ ਹੈ। ਉਨ੍ਹਾਂ ਮੁਤਾਬਕ ਯੂਟੀ ਪ੍ਰਸ਼ਾਸਨ ਨੇ ਨਵੰਬਰ 2021 ਵਿੱਚ ਸ਼ਹਿਰ ਵਿੱਚ 80 ਇਲੈਕਟ੍ਰਿਕ ਬੱਸਾਂ ਚਲਾਉਣ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਇਲੈਕਟ੍ਰਿਕ ਬੱਸਾਂ ਰਾਹੀਂ ਡੇਢ ਕਰੋੜ ਤੋਂ ਵੱਧ ਲੋਕ ਸਫਰ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਦਿਨਾਂ ਵਿੱਚ 100 ਹੋਰ ਡੀਜ਼ਲ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਲਈ ਕੇਂਦਰ ਸਰਕਾਰ ਤੋਂ ਪ੍ਰਵਾਨਗੀ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਲ 2027-28 ਤੱਕ ਚੰਡੀਗੜ੍ਹ ਦੀਆਂ ਸਾਰੀਆਂ 350 ਦੇ ਕਰੀਬ ਡੀਜ਼ਲ ਬੱਸਾਂ ਨੂੰ ਇਲੈਕਟ੍ਰਿਕ ਬੱਸਾਂ ਵਿੱਚ ਤਬਦੀਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਨਾਲ ਸ਼ਹਿਰ ਨੂੰ ਪ੍ਰਦੁਸ਼ਣ ਤੋਂ ਰਾਹਤ ਮਿਲ ਸਕੇਗੀ।
ਹਾਸਲ ਜਾਣਕਾਰੀ ਅਨੁਸਾਰ ਇਲੈਕਟ੍ਰਿਕ ਬੱਸ ਡੀਜ਼ਲ ਬੱਸ ਦੇ ਮੁਕਾਬਲੇ ਸਸਤੀ ਪੈਂਦੀ ਹੈ। ਇਲੈਕਟ੍ਰਿਕ ਬੱਸ ਇਕ ਵਾਰ ਚਾਰਜ ਕਰਨ ’ਤੇ 130 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ, ਜਦੋਂ ਕਿ ਦੋ ਘੰਟੇ ਵਿੱਚ ਬੱਸ ਨੂੰ ਪੂਰਾ ਚਾਰਜ ਕੀਤਾ ਜਾ ਸਕਦਾ ਹੈ। ਹਾਲਾਂਕਿ ਡੀਜ਼ਲ ਬੱਸਾਂ ਇਸ ਦੇ ਮੁਕਾਬਲੇ ਬਹੁਤ ਮਹਿੰਗੀ ਪੈਂਦੀ ਸੀ।
ਦੱਸ ਦਈਏ ਕਿ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਾਸੀਆਂ ਨੂੰ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਵਾਹਨਾਂ ਦੀ ਖਰੀਦ ਕਰਨ ਵਾਲਿਆਂ ਨੂੰ ਪ੍ਰੋਤਸਾਹਨ ਲਈ ਵਿੱਤੀ ਮਦਦ ਵੀ ਕੀਤੀ ਜਾ ਰਹੀ ਹੈ। ਹੁਣ ਤੱਕ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ 2881 ਲੋਕਾਂ ਨੂੰ ਇਲੈਕਟ੍ਰਿਕ ਵਾਹਨ ਖਰੀਦਣ ’ਤੇ 17.77 ਕਰੋੜ ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਹੈ।