Chandigarh News: ਬਿਜਲੀ ਨੂੰ ਛੱਡੋ ਪਾਣੀ ਦੇ ਆਏ ਲੱਖਾਂ 'ਚ ਬਿੱਲ, 1 ਲੱਖ 80 ਹਜ਼ਾਰ ਦਾ ਬਿੱਲ ਵੇਖ ਉੱਡੇ ਹੋਸ਼
Chandigarh News: ਬਿਜਲੀ ਨੂੰ ਤਾਂ ਛੱਡੋ ਜੇਕਰ ਤੁਹਾਡਾ ਪਾਣੀ ਦਾ ਬਿੱਲ ਲੱਖਾਂ ਵਿੱਚ ਆ ਜਾਏ ਤਾਂ ਤੁਹਾਡੇ ਨਾਲ ਕੀ ਵਾਪਰੇਗਾ। ਅਜਿਹੀ ਹੀ ਹਾਲਤ ਚੰਡੀਗੜ੍ਹ ਦੇ ਸੈਕਟਰ 33 ਦੇ ਮਕਾਨ ਨੰਬਰ 178 ਵਾਸੀ ਮੁਕੇਸ਼ ਧਵਨ ਨਾਲ ਹੋਇਆ ਹੈ।
Chandigarh News: ਬਿਜਲੀ ਨੂੰ ਤਾਂ ਛੱਡੋ ਜੇਕਰ ਤੁਹਾਡਾ ਪਾਣੀ ਦਾ ਬਿੱਲ ਲੱਖਾਂ ਵਿੱਚ ਆ ਜਾਏ ਤਾਂ ਤੁਹਾਡੇ ਨਾਲ ਕੀ ਵਾਪਰੇਗਾ। ਅਜਿਹੀ ਹੀ ਹਾਲਤ ਚੰਡੀਗੜ੍ਹ ਦੇ ਸੈਕਟਰ 33 ਦੇ ਮਕਾਨ ਨੰਬਰ 178 ਵਾਸੀ ਮੁਕੇਸ਼ ਧਵਨ ਨਾਲ ਹੋਇਆ ਹੈ। ਮੁਕੇਸ਼ ਧਵਨ ਨੂੰ ਨਿਗਮ ਵੱਲੋਂ ਪਿਛਲੇ ਪੰਜ ਮਹੀਨਿਆਂ ਦਾ 1 ਲੱਖ 80 ਹਜ਼ਾਰ ਰੁਪਏ ਦਾ ਬਿੱਲ ਭੇਜਿਆ ਗਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਧਵਨ ਦਾ ਦਾਅਵਾ ਹੈ ਕਿ ਉਹ ਪਾਣੀ ਦਾ ਬਿੱਲ ਰੈਗੂਲਰ ਤੌਰ ’ਤੇ ਬਕਾਇਦਾ ਅਦਾ ਕਰਦੇ ਆ ਰਹੇ ਹਨ ਪਰ ਫਿਰ ਵੀ ਨਿਗਮ ਨੇ ਉਨ੍ਹਾਂ ਨੂੰ ਪਿਛਲੇ ਮਹੀਨਿਆਂ ਦਾ 1 ਲੱਖ 80 ਹਜ਼ਾਰ ਰੁਪਏ ਦਾ ਬਿੱਲ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਨਿਗਮ ਦੇ ਸੰਬੰਧਿਤ ਵਿਭਾਗ ਦੇ ਦਫ਼ਤਰ ਨੇ ਭੇਜੇ ਗਏ ਬਿੱਲ ਨੂੰ ਲੈ ਕੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਮੁਕੇਸ਼ ਧਵਨ ਤੇ ਉਨ੍ਹਾਂ ਦਾ ਪਰਿਵਾਰ ਨਿਗਮ ਵੱਲੋਂ ਭੇਜੇ ਗਏ ਇਸ ਮੋਟੀ ਰਕਮ ਦੇ ਬਿੱਲ ਕਾਰਨ ਫਿਕਰਮੰਦ ਹਨ।
ਮਾਮਲਾ ਇੱਥੇ ਹੀ ਖਤਮ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਸੈਕਟਰ 33 ਦੇ ਮਕਾਨ ਨੰਬਰ 273 ਦੇ ਅਮਰਿੰਦਰ ਸਿੰਘ ਨੂੰ 22 ਹਜ਼ਾਰ ਰੁਪਏ ਦਾ ਬਿੱਲ ਭੇਜਿਆ ਗਿਆ ਹੈ। ਇਸ ਤਰ੍ਹਾਂ ਸੈਕਟਰ 33 ਦੇ ਮਕਾਨ ਨੰਬਰ 552 ਦੇ ਹਰੀਸ਼ ਗੁਪਤਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਚਾਰ ਮੈਂਬਰ ਹਨ ਤੇ ਉਹ ਵੀ ਪਾਣੀ ਦਾ ਬਿੱਲ ਰੈਗੂਲਰ ਤੌਰ ’ਤੇ ਬਕਾਇਦਾ ਅਦਾ ਕਰ ਰਹੇ ਹਨ, ਫਿਰ ਵੀ ਨਿਗਮ ਨੇ ਉਨ੍ਹਾਂ ਦਾ ਪਾਣੀ ਦਾ ਬਿੱਲ 17 ਹਜ਼ਾਰ ਰੁਪਏ ਭੇਜ ਦਿੱਤਾ ਹੈ।
ਸੈਕਟਰ-32 ਸੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਮਹਾਜਨ ਨੇ ਕਿਹਾ ਕਿ ਜੇਕਰ ਨਗਰ ਨਿਗਮ ਨੇ ਜਲਦੀ ਠੀਕ ਕਰਕੇ ਬਿੱਲ ਭੇਜਣੇ ਸ਼ੁਰੂ ਨਾ ਕੀਤੇ ਤਾਂ ਸੈਕਟਰ 32 ਤੇ 33 ਦੇ ਲੋਕ ਨਗਰ ਨਿਗਮ ਦਫਤਰ ਅੱਗੇ ਧਰਨਾ ਦੇਣਗੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਾਣੀ ਦੇ ਬਿੱਲਾਂ ਵਿੱਚ 30 ਫ਼ੀਸਦ ਸੀਵਰੇਜ ਟੈਕਸ ਜੋੜ ਕੇ ਭੇਜਿਆ ਜਾ ਰਿਹਾ ਹੈ ਤੇ ਇਸ ਨਾਲ ਲੋਕਾਂ ਦੀਆਂ ਜੇਬਾਂ ’ਤੇ ਵਿੱਤੀ ਬੋਝ ਵਧਿਆ ਹੈ ਅਤੇ ਹੁਣ ਲੋਕਾਂ ਨੂੰ ਪਾਣੀ ਦੇ ਬੇਹਿਸਾਬ ਬਿੱਲ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੇ ਭੇਜੇ ਗਏ ਇਨ੍ਹਾਂ ਮੋਟੀ ਰਕਮ ਦੇ ਬਿੱਲਾਂ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ।