ਫਿਰ ਵਿਵਾਦਾਂ 'ਚ ਘਿਰੇ ਸੀਐਮ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਬੋਲਿਆ ਤਿੱਖਾ ਹਮਲਾ, ਪ੍ਰੋਟੋਕਾਲ ਦੀ ਉਲੰਘਣਾ ਕਰ ਪੰਜਾਬੀਆਂ ਦਾ ਸਿਰ ਨੀਵਾਂ ਕੀਤਾ: ਚੀਮਾ
ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਨ ਵਾਲੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਾਮਲ ਨਾ ਹੋਣ 'ਤੇ ਰੌਲਾ ਪੈ ਗਿਆ ਹੈ।
Punjab News: ਰਾਸ਼ਟਰਪਤੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਨ ਵਾਲੀ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਪ੍ਰੋਗਰਾਮ 'ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਾਮਲ ਨਾ ਹੋਣ 'ਤੇ ਰੌਲਾ ਪੈ ਗਿਆ ਹੈ। ਇੱਕ ਪਾਸੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇਸ ਉੱਪਰ ਇਤਰਾਜ਼ ਜਤਾਇਆ ਹੈ, ਉੱਥੇ ਹੀ ਬੀਜੇਪੀ ਤੇ ਹੋਰ ਵਿਰੋਧੀ ਧਿਰਾਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਨਿਸ਼ਾਨੇ ਸਾਧੇ ਹਨ।
ਭਾਰਤੀ ਜਨਤਾ ਪਾਰਟੀ ਨੇ ਇਸ ਦਾ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਸੀਐਮ ਭਗਵੰਤ ਮਾਨ ਦੀ ਗ਼ੈਰਹਾਜ਼ਰੀ 'ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਦੇਸ਼ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਚੰਡੀਗੜ੍ਹ 'ਚ ਪ੍ਰੋਗਰਾਮ 'ਚੋਂ ਗੈਰ-ਹਾਜ਼ਰ ਰਹਿ ਕੇ ਮੁੱਖ ਮੰਤਰੀ ਨੇ ਨਾ ਸਿਰਫ਼ ਰਾਸ਼ਟਰਪਤੀ ਦੇ ਸਨਮਾਨ, ਸਗੋਂ ਦੇਸ਼ ਦੇ ਕਰੋੜਾਂ ਆਦਿਵਾਸੀਆਂ ਦਾ ਨਿਰਾਦਰ ਕੀਤਾ ਹੈ। ਭਾਜਪਾ ਨੇ ਮੁੱਖ ਮੰਤਰੀ ਨੂੰ ਇਸ ਵੱਡੀ ਗ਼ਲਤੀ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਭਾਰਤੀ ਹਵਾਈ ਫ਼ੌਜ ਦੇ 90ਵੇਂ ਸਥਾਪਨਾ ਦਿਵਸ ਮੌਕੇ 'ਤੇ ਹੋਏ ਸਮਾਗਮ ਜਿਸ 'ਚ ਦੇਸ਼ ਦੇ ਰਾਸ਼ਟਰਪਤੀ ਤੇ ਭਾਰਤੀ ਸੈਨਾਵਾਂ ਦੀ ਸੁਪਰੀਮ ਮੁਖੀ ਦਰੋਪਦੀ ਮੁਰਮੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹਾਜ਼ਰ ਸਨ, ਵਿੱਚ ਸ਼ਾਮਲ ਨਾ ਹੋ ਕੇ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਹੈ ਤੇ ਪੰਜਾਬੀਆਂ ਦਾ ਸਿਰ ਨੀਵਾਂ ਕੀਤਾ ਹੈ।
ਡਾ. ਚੀਮਾ ਨੇ ਇਹ ਵੀ ਕਿਹਾ ਕਿ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਏਡਾ ਕਿਹੜਾ ਜ਼ਰੂਰੀ ਕੰਮ ਸੀ ਕਿ ਦੇਸ਼ ਦੇ ਰਾਸ਼ਟਰਪਤੀ ਚੰਡੀਗੜ੍ਹ ਵਿਚ ਹਨ ਤੇ ਮੁੱਖ ਮੰਤਰੀ ਸਾਹਿਬ ਕਿੱਥੇ ਹਨ? ਡਾ. ਚੀਮਾ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਆਪਣੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਛੱਡ ਕੇ ਤੇ ਕੇਜਰੀਵਾਲ ਦੇ ਪਿੱਛੇ ਲੱਗ ਕੇ ਗੁਜਰਾਤ ਵਿਚ ਚੋਣ ਪ੍ਰਚਾਰ ਕਰ ਰਹੇ ਹਨ, ਜੋ ਬਹੁਤ ਹੀ ਸ਼ਰਮਸਾਰ ਕਰਨ ਵਾਲੀ ਗੱਲ ਹੈ।