Chandigarh News: ਤੇਜ਼ ਰਫਤਾਰ ਮਰਸਿਡੀਜ਼ ਦਾ ਦਿਲ ਦਹਿਲਾਉਣ ਵਾਲੇ ਕਾਰਾ! ਗਰੀਬ ਦੇ ਆਸ਼ੀਆਨੇ 'ਚ ਵੜ ਕੇ ਉਤਾਰਿਆ ਮੌਤ ਦੇ ਘਾਟ
ਇਹ ਹਾਦਸਾ ਉਦੋਂ ਵਾਪਰਿਆ, ਉਸ ਸਮੇਂ ਪ੍ਰਕਾਸ਼ ਚਾਹ ਦੇ ਖੋਖੇ ਵਿੱਚ ਸੁੱਤਾ ਪਿਆ ਸੀ। ਉਸ ਦੀ ਪਤਨੀ, ਬੇਟੀ ਤੇ ਇੱਕ ਮਹੀਨੇ ਦਾ ਬੇਟਾ ਬਿਹਾਰ ਵਿੱਚ ਰਹਿੰਦੇ ਹਨ। ਪ੍ਰਕਾਸ਼ ਨੇ ਹੋਲੀ ਮੌਕੇ ਆਪਣੇ ਘਰ ਜਾਣਾ ਸੀ। ਇਸ ਸਮੇਂ ਉਹ ਅੰਬੇਡਕਰ ਕਲੋਨੀ ਵਿੱਚ ਆਪਣੀ ਭੈਣ ਤੇ ਜੀਜੇ ਨਾਲ ਰਹਿੰਦਾ ਸੀ ਤੇ ਕਦੇ ਕਦਾਈਂ ਚਾਹ ਵਾਲੇ ਖੋਖੇ ਵਿੱਚ ਹੀ ਸੌਂ ਜਾਂਦਾ ਸੀ।
Chandigarh News: ਮਰਸਿਡੀਜ਼ ਕਾਰ ਨੇ ਚਾਹ ਵਾਲੇ ਖੋਖੇ ਵਿੱਚ ਸੁੱਤੇ ਪਏ ਗਰੀਬ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੁਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-8 ਸਥਿਤ ਸ਼ਹੀਦ ਊਧਮ ਸਿੰਘ ਕਲੋਨੀ ਨੇੜੇ ਐਤਵਾਰ ਨੂੰ ਤੇਜ਼ ਰਫਤਾਰ ਮਰਸਿਡੀਜ਼ ਕਾਰ ਸੜਕ ਕਿਨਾਰੇ ਇੱਕ ਚਾਹ ਦੇ ਖੋਖੇ ਅੰਦਰ ਜਾ ਵੜੀ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪ੍ਰਕਾਸ਼ ਕੁਮਾਰ (35) ਵਜੋਂ ਹੋਈ ਹੈ।
ਹਾਸਲ ਜਾਣਕਾਰੀ ਮੁਤਾਬਕ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਪ੍ਰਕਾਸ਼ ਚਾਹ ਦੇ ਖੋਖੇ ਵਿੱਚ ਸੁੱਤਾ ਪਿਆ ਸੀ। ਉਸ ਦੀ ਪਤਨੀ, ਬੇਟੀ ਤੇ ਇੱਕ ਮਹੀਨੇ ਦਾ ਬੇਟਾ ਬਿਹਾਰ ਵਿੱਚ ਰਹਿੰਦੇ ਹਨ। ਪ੍ਰਕਾਸ਼ ਨੇ ਹੋਲੀ ਮੌਕੇ ਆਪਣੇ ਘਰ ਜਾਣਾ ਸੀ। ਇਸ ਸਮੇਂ ਉਹ ਅੰਬੇਡਕਰ ਕਲੋਨੀ ਵਿੱਚ ਆਪਣੀ ਭੈਣ ਤੇ ਜੀਜੇ ਨਾਲ ਰਹਿੰਦਾ ਸੀ ਤੇ ਕਦੇ ਕਦਾਈਂ ਚਾਹ ਵਾਲੇ ਖੋਖੇ ਵਿੱਚ ਹੀ ਸੌਂ ਜਾਂਦਾ ਸੀ।
ਹਾਦਸੇ ਤੋਂ ਬਾਅਦ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਪੁਲਿਸ ਕਰਮਚਾਰੀ ਜੇਸੀਬੀ ਲੈ ਕੇ ਘਟਨਾ ਸਥਾਨ ਤੋਂ ਮਰਸਿਡੀਜ਼ ਕਾਰ ਚੁੱਕਣ ਆਏ ਤਾਂ ਕਲੋਨੀ ਵਾਸੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ ਤੇ ਕਹਿਣ ਲੱਗੇ ਜਦੋਂ ਤੱਕ ਕਾਰ ਚਾਲਕ ਤੇ ਮਾਲਕ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾਂਦਾ, ਉਹ ਹਾਦਸਾਗ੍ਰਸਤ ਕਾਰ ਨੂੰ ਇੱਥੋਂ ਲਿਜਾਣ ਨਹੀਂ ਦੇਣਗੇ।
ਪ੍ਰਤੱਖਦਰਸ਼ੀਆਂ ਅਨੁਸਾਰ ਲਗਜ਼ਰੀ ਗੱਡੀ ’ਚੋਂ ਬੀਅਰ ਦੀ ਬੋਤਲਾਂ ਵੀ ਮਿਲੀਆਂ ਸਨ। ਇਹ ਵੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਹਾਦਸੇ ਸਮੇਂ ਕਾਰ ਚਾਲਕ ਤੇ ਉਸ ਦਾ ਸਾਥੀ ਨਸ਼ੇ ਵਿੱਚ ਸਨ ਪਰ ਇਸ ਬਾਰੇ ਪੁਲਿਸ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੀ ਹੈ।
ਉਧਰ, ਲੋਕਾਂ ਦੇ ਰੋਹ ਨੂੰ ਦੇਖਦੇ ਹੋਏ ਪੁਲਿਸ ਨੇ ਦੇਰ ਸ਼ਾਮ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਕਾਰ ਚਾਲਕ ਤੇ ਉਸ ਦਾ ਸਾਥੀ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਕਾਰ ਚਾਲਕ ਕੰਟਰੋਲ ਗੁਆ ਬੈਠਾ ਤੇ ਕਾਰ ਟਰੈਫ਼ਿਕ ਲਾਈਟ ਪੁਆਇੰਟ ਨੇੜੇ ਸੜਕ ’ਤੇ ਬਣਿਆ ਡਿਵਾਈਡਰ ਤੋੜ ਕੇ ਚਾਹ ਦੇ ਖੋਖੇ ਵਿੱਚ ਜਾ ਵੜੀ।
ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਤੇਜ਼ ਰਫ਼ਤਾਰ ਕਾਰ ਹਵਾ ਵਿੱਚ ਉੱਡਦੀ ਹੋਈ ਚਾਹ ਦੇ ਖੋਖੇ ਵਿੱਚ ਜਾ ਵੜੀ ਤੇ ਕਾਰ ਦਾ ਟਾਇਰ ਪ੍ਰਕਾਸ਼ ਦੀ ਛਾਤੀ ’ਤੇ ਚੜ੍ਹ ਗਿਆ ਤੇ ਉਸ ਦੀ ਮੌਤ ਹੋ ਗਈ।