AAP Protest: ਕੇਜਰੀਵਾਲ ਦੀ ਰਿਹਾਈ ਲਈ ਹੁਣ ਦਿੱਲੀ 'ਤੇ 'ਧਾਵਾ' ਬੋਲਣਗੇ ਹਜ਼ਾਰਾਂ ਪੰਜਾਬੀ, ਸੀਐਮ ਭਗਵੰਤ ਮਾਨ ਨੇ ਘੜੀ ਖਾਸ ਰਣਨੀਤੀ
Chandigarh News: ਕੇਜਰੀਵਾਲ ਨੂੰ ਰਿਹਾਅ ਕਰਵਾਉਣ ਲਈ ਪੰਜਾਬੀਆਂ ਨੇ ਤਿਆਰੀਆਂ ਕੱਸ ਲਈਆਂ ਹਨ। 31 ਮਾਰਚ ਨੂੰ ਹਜ਼ਾਰਾਂ ਪੰਜਾਬੀ ਦਿੱਲੀ ਜਾਣਗੇ। ਇਸ ਲਈ ਆਮ ਆਦਮੀ ਪਾਰਟੀ ਨੇ ਖਾਸ ਰਣਨੀਤੀ ਬਣਾਈ ਹੈ।
Chandigarh News: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਕੇਜਰੀਵਾਲ ਨੂੰ ਰਿਹਾਅ ਕਰਵਾਉਣ ਲਈ ਪੰਜਾਬੀਆਂ ਨੇ ਤਿਆਰੀਆਂ ਕੱਸ ਲਈਆਂ ਹਨ। ਹਜ਼ਾਰਾਂ ਪੰਜਾਬੀ 31 ਮਾਰਚ ਨੂੰ ਦਿੱਲੀ ਜਾਣਗੇ। ਇਸ ਲਈ ਆਮ ਆਦਮੀ ਪਾਰਟੀ ਨੇ ਖਾਸ ਰਣਨੀਤੀ ਬਣਾਈ ਹੈ। ਸੀਐਮ ਭਗਵੰਤ ਮਾਨ ਤੇ ਸਾਰੇ ਮੰਤਰੀ ਹਜ਼ਾਰਾਂ ਸਮਰਥਕਾਂ ਨਾਲ ਦਿੱਲੀ ਜਾਣਗੇ।
ਦੱਸ ਦਈਏ ਕਿ ਸ਼ਰਾਬ ਨੀਤੀ ਨਾਲ ਸਬੰਧਤ ਇੱਕ ਮਾਮਲੇ ਵਿੱਚ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ 31 ਮਾਰਚ ਨੂੰ ਦਿੱਲੀ ਵਿੱਚ ਵੱਡੀ ਰੋਸ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਜਿੱਥੇ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਮੰਚ 'ਤੇ ਹੋਣਗੀਆਂ, ਉੱਥੇ ਹੀ ਪੰਜਾਬ ਤੋਂ ‘ਆਪ’ ਆਗੂ ਤੇ ਸਮਰਥਕ ਵੀ ਰੈਲੀ ਵਿੱਚ ਪੁੱਜਣਗੇ।
ਹਾਸਲ ਜਾਣਕਾਰੀ ਮੁਤਾਬਕ ਹਰ ਹਲਕੇ ਤੋਂ ਘੱਟੋ-ਘੱਟ ਇੱਕ ਹਜ਼ਾਰ ਸਮਰਥਕ ਜਾਣਗੇ। ਸਾਰੇ ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਰੈਲੀ ਤੋਂ ਇੱਕ ਦਿਨ ਪਹਿਲਾਂ ਸਮਰਥਕ ਦਿੱਲੀ ਪਹੁੰਚ ਜਾਣ ਤਾਂ ਜੋ ਉਨ੍ਹਾਂ ਨੂੰ ਬਾਅਦ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਦੇ ਨਾਲ ਹੀ ਪਾਰਟੀ ਲੋਕ ਸਭਾ ਚੋਣਾਂ 'ਚ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਮੁੱਦਾ ਬਣਾਉਣ ਦੀ ਤਿਆਰੀ ਕਰ ਰਹੀ ਹੈ। ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਕਾਫੀ ਹਮਲਾਵਰ ਹੋ ਗਈ ਹੈ। ਜਿੱਥੇ ਪਾਰਟੀ ਇਸ ਮਾਮਲੇ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕਜੁੱਟ ਕਰ ਰਹੀ ਹੈ, ਉੱਥੇ ਹੀ ਪਾਰਟੀ ਆਗੂ ਉਸ ਦਿਨ ਤੋਂ ਹੀ ਸੰਘਰਸ਼ ਦੇ ਰਾਹ 'ਤੇ ਚੱਲ ਰਹੇ ਹਨ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਵਿੱਚ ਵੀ ਸੂਬਾ ਪੱਧਰੀ ਪ੍ਰਦਰਸ਼ਨ ਹੋ ਰਹੇ ਹਨ।
ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਾਰੇ ਵਿਧਾਇਕਾਂ ਨਾਲ ਸਾਂਝੀ ਮੀਟਿੰਗ ਕੀਤੀ ਹੈ। ਇਸ ਮਾਮਲੇ ਨੂੰ ਅੱਗੇ ਕਿਵੇਂ ਲਿਜਾਣਾ ਚਾਹੀਦਾ ਹੈ? ਇਸ ਸਬੰਧੀ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਦੇ ਨਾਲ ਹੀ ਪਾਰਟੀ ਆਗੂਆਂ ਨੇ ਸਾਫ਼ ਕਿਹਾ ਹੈ ਕਿ ਉਹ ਹੁਣ ਪਿੱਛੇ ਹਟਣ ਵਾਲੇ ਨਹੀਂ।
‘ਆਪ’ ਦੇ ਵੱਡੇ ਆਗੂਆਂ ਦੀ ਗੱਲ ਕਰੀਏ ਤਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਤੋਂ ਬਾਅਦ ਭਗਵੰਤ ਮਾਨ ਦਾ ਨਾਂ ਆਉਂਦਾ ਹੈ। ਇਨ੍ਹਾਂ ਤਿੰਨਾਂ ਆਗੂਆਂ ਦੇ ਜੇਲ੍ਹ ਜਾਣ ਤੋਂ ਬਾਅਦ ਭਗਵੰਤ ਮਾਨ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਵੱਧ ਗਈ ਹੈ। ਅਜਿਹੇ 'ਚ ਉਹ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਅ ਰਹੇ ਹਨ।
ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੇ ਦਿੱਲੀ 'ਚ ਚਾਰਜ ਸੰਭਾਲ ਲਿਆ ਹੈ ਜਦਕਿ ਬਾਕੀ ਮੰਤਰੀਆਂ ਨੇ ਪੰਜਾਬ 'ਚ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਲੀ ਵਿੱਚ ਹੋਏ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਸੀ।
ਇਹ ਵੀ ਪੜ੍ਹੋ: Farmers Protest: ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਧਰਨੇ ਨੇੜੇ ਕਿਸੇ ਨੇ ਲਾਹਿਆ ਬੀਅਰ ਦਾ ਟਰੱਕ, ਕਿਸਾਨਾਂ ਨੇ ਦੱਸਿਆ ਸਰਕਾਰ ਦੀ ਸਾਜਿਸ਼