ਕਿਸਾਨਾਂ ਨੇ ਦਿੱਲੀ ਮੋਰਚੇ ਲਈ ਬਣਾਈ ਨਵੀਂ ਰਣਨੀਤੀ, ਮੁੜ ਸੰਘਰਸ਼ ਸ਼ੁਰੁ ਕਰਨ ਦਾ ਹੋਵੇਗਾ ਐਲਾਨ!
ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਤਾਲਮੇਲ ਕਮੇਟੀ ਦੀ ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ 15 ਅਕਤੂਬਰ 2024 ਨੂੰ ਨਵੀਂ ਦਿੱਲੀ ਵਿਖੇ ਮੋਰਚੇ ਦੀ ਜਨਰਲ ਬਾਡੀ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਲਿਆ ਗਿਆ

ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਤਾਲਮੇਲ ਕਮੇਟੀ ਦੀ ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ 15 ਅਕਤੂਬਰ 2024 ਨੂੰ ਨਵੀਂ ਦਿੱਲੀ ਵਿਖੇ ਮੋਰਚੇ ਦੀ ਜਨਰਲ ਬਾਡੀ ਦੀ ਮੀਟਿੰਗ ਬੁਲਾਉਣ ਦਾ ਫੈਸਲਾ ਲਿਆ ਗਿਆ, ਤਾਂ ਜੋ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ਜਿਵੇਂ ਕਿ ਐਮ ਐਸਪੀ, ਕਿਸਾਨਾਂ ਅਤੇ ਖੇਤੀਬਾੜੀ ਲਈ ਵਿਆਪਕ ਕਰਜ਼ਾ ਮੁਆਫੀ ਦੇ ਨਾਲ MSP@C2+50% ਲਾਗੂ ਕਰਨ ਦੀ ਮੰਗ ਨੂੰ ਲੈ ਕੇ ਪੂਰੇ ਭਾਰਤ ਵਿੱਚ ਸੰਘਰਸ਼ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਜਾ ਸਕੇ। ਬਿਜਲੀ ਖੇਤਰ ਦਾ ਨਿੱਜੀਕਰਨ ਖਤਮ ਕਰਨਾ, ਫਸਲ ਬੀਮਾ ਯੋਜਨਾ ਨੂੰ ਪੂਰੀ ਤਰ੍ਹਾਂ ਨਾਲ ਸੋਧਣਾ, ਗਰੀਬ ਅਤੇ ਮੱਧਵਰਗੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਲੋੜੀਂਦੀ ਪੈਨਸ਼ਨ ਸ਼ੁਰੂ ਕਰਨਾ ਸਮੇਤ ਹੋਰ ਮੰਗਾਂ ਵੀ ਸ਼ਾਮਿਲ ਹਨ।
ਮੀਟਿੰਗ ਦੌਰਾਨ ਮੋਦੀ ਸਰਕਾਰ ਦੁਆਰਾ ਖੇਤੀਬਾੜੀ ਖੋਜ, ਉਤਪਾਦਨ ਅਤੇ ਮੰਡੀਕਰਨ ਦੇ ਕਾਰਪੋਰੇਟੀਕਰਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਖੇਤੀਬਾੜੀ ਕਾਰੋਬਾਰ ਦੀ ਸਹਾਇਤਾ ਅਤੇ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਐਲਾਨ ਕੀਤੇ ਡਿਜੀਟਲ ਖੇਤੀਬਾੜੀ ਮਿਸ਼ਨ ਦੀ ਨਿੰਦਾ ਕੀਤੀ। ਮੋਰਚਾ ਖਾਦਾਂ ਖਾਸ ਕਰਕੇ ਡੀਏਪੀ, ਬੀਜਾਂ ਅਤੇ ਕੀਟਨਾਸ਼ਕਾਂ ਦੀ ਕਮੀ ਅਤੇ ਕਾਲਾਬਾਜ਼ਾਰੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਾ ਹੈ। ਇਸੇ ਤਰ੍ਹਾਂ ਝੋਨੇ ਦੀ ਫ਼ਸਲ ਲਈ ਜਗ੍ਹਾ ਦਾ ਸੁਚੱਜਾ ਪ੍ਰਬੰਧ ਕਰਨ ਲਈ ਸ਼ੈਲਰਾਂ ਅਤੇ ਗੋਦਾਮਾਂ ਵਿਚੋਂ ਲਿਫਟਿੰਗ ਦੇ ਮਾਮਲੇ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਮੰਗ ਕਰਦਾ ਹੈ।
ਮੋਰਚੇ ਨੇ ਗੰਨੇ ਦਾ ਭਾਅ 450 ਰੁਪਏ ਕਰਨ ਅਤੇ ਇੱਕ ਨਵੰਬਰ ਤੱਕ ਖੰਡ ਮਿੱਲਾਂ ਚਾਲੂ ਕਰਨ ਦੀ ਮੰਗ ਵੀ ਕੀਤੀ ਹੈ। ਐਸਕੇਐਮ ਨੇ ਹਰਿਆਣਾ, ਜੰਮੂ ਅਤੇ ਕਸ਼ਮੀਰ, ਮਹਾਰਾਸ਼ਟਰ ਅਤੇ ਝਾਰਖੰਡ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਪਰਦਾਫਾਸ਼ ਕਰਨ, ਵਿਰੋਧ ਕਰਨ ਅਤੇ ਸਜ਼ਾ ਦੇਣ ਦਾ ਸੱਦਾ ਦਿੱਤਾ। ਐਸਕੇਐਮ ਨੇ ਹਰਿਆਣਾ ਦੇ ਲੋਕਾਂ ਨੂੰ ਭਾਜਪਾ ਦੀ ਅਗਵਾਈ ਵਾਲੀ ਰਾਜ ਸਰਕਾਰ ਨੂੰ ਬਾਹਰ ਕਰਨ ਦੀ ਅਪੀਲ ਕੀਤੀ ਤਾਂ ਜੋ 3 ਖੇਤੀ ਕਾਨੂੰਨਾਂ ਵਿਰੁੱਧ ਇਤਿਹਾਸਕ ਅਤੇ ਜੇਤੂ ਸਾਲ ਭਰ ਦੇ ਕਿਸਾਨ ਸੰਘਰਸ਼ ਦੇ 736 ਸ਼ਹੀਦਾਂ ਲਈ ਇੱਕ ਢੁਕਵੀਂ ਯਾਦਗਾਰ ਦਾ ਨਿਰਮਾਣ ਯਕੀਨੀ ਬਣਾਇਆ ਜਾ ਸਕੇ।
ਸੰਯੁਕਤ ਕਿਸਾਨ ਮੋਰਚਾ 23 ਸਤੰਬਰ 2024 ਨੂੰ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਨੂੰ 4 ਲੇਬਰ ਕੋਡਾਂ ਨੂੰ ਲਾਗੂ ਕਰਨ, ਜਨਤਕ ਖੇਤਰ ਦੇ ਨਿੱਜੀਕਰਨ, ਰੁਜ਼ਗਾਰ ਦੇ ਠੇਕਾਕਰਨ ਅਤੇ ਭਰਤੀ ਨੀਤੀ 'ਤੇ ਪਾਬੰਦੀ ਦੇ ਖਿਲਾਫ ਕਾਲਾ ਦਿਵਸ ਮਨਾਉਣ ਦਾ ਸਮਰਥਨ ਕਰੇਗਾ। ਸੰਯੁਕਤ ਕਿਸਾਨ ਮੋਰਚਾ 28 ਸਤੰਬਰ 2024 ਮੌਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਦੇਸ਼ ਭਰ ਵਿੱਚ ਕਾਰਪੋਰੇਟ ਵਿਰੋਧੀ ਦਿਵਸ ਵਜੋਂ ਮਨਾਏਗਾ।
3 ਅਕਤੂਬਰ 2024, ਕਿਸਾਨ ਦਿਵਸ ਲਖੀਮਪੁਰ ਖੇੜੀ ਕਤਲੇਆਮ ਨੂੰ ਦੇਸ਼ ਭਰ ਵਿੱਚ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਵੇਗਾ। ਕਿਸਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਐਸਕੇਐਮ ਦੀ ਮੀਟਿੰਗ ਨੇ ਸਰਕਾਰ ਦੀ ਆਲੋਚਨਾ ਕਰਨ ਵਾਲ਼ੇ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਅਤੇ ਉਸ ਦੀ ਰਿਹਾਈ ਦੀ ਮੰਗ ਕੀਤੀ। ਐਸ ਕੇ ਐਮ ਨੇ ਬੀਤੇ ਕੱਲ੍ਹ ਹਾਦਸੇ ਦਾ ਸ਼ਿਕਾਰ ਹੋਏ ਮਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੇਂਡੂ ਮਜ਼ਦੂਰ ਜੱਥੇਬੰਦੀਆਂ ਵੱਲੋਂ ਪੀੜਤਾਂ ਦੇ ਹੱਕ ਵਿੱਚ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕੀਤਾ ਹੈ।
ਇਸ ਦੌਰਾਨ ਇਹ ਮੀਟਿੰਗ ਜੋਗਿੰਦਰ ਸਿੰਘ ਉਗਰਾਹਾਂ, ਪੁਰਸ਼ੋਤਮ ਸ਼ਰਮਾ, ਸਤਿਆਵਾਨ, ਰਮਿੰਦਰ ਸਿੰਘ ਪਟਿਆਲਾ ਅਤੇ ਸੁਨੀਲਮ ਦੀ ਪ੍ਰਧਾਨਗੀ ਹੇਠ ਹੋਈ। 34 ਮੈਂਬਰਾਂ ਨੇ ਭਾਗ ਲਿਆ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
