ਸੁਖਨਾ ਝੀਲ ‘ਚ ਵਧਿਆ ਪਾਣੀ ਦਾ ਪੱਧਰ, ਫਲੱਡ ਗੇਟ ਖੋਲ੍ਹੇ, ਘੱਗਰ ਨਦੀ ਵਿੱਚ ਛੱਡਿਆ ਜਾ ਰਿਹਾ ਹੈ ਪਾਣੀ, ਚੰਡੀਗੜ੍ਹ ਵਿੱਚ ਮੀਂਹ ਦੀ ਚੇਤਾਵਨੀ ਜਾਰੀ
ਅਧਿਕਾਰੀਆਂ ਨੇ ਕਿਹਾ ਕਿ ਜਿਵੇਂ ਹੀ ਪਾਣੀ ਦਾ ਪੱਧਰ 1162 ਫੁੱਟ ਤੱਕ ਘੱਟ ਜਾਵੇਗਾ, ਹੜ੍ਹ ਗੇਟ ਬੰਦ ਕਰ ਦਿੱਤੇ ਜਾਣਗੇ। ਝੀਲ ਦੇ ਰੈਗੂਲੇਟਰ 'ਤੇ ਅਧਿਕਾਰੀਆਂ ਨੂੰ 24 ਘੰਟੇ ਡਿਊਟੀ 'ਤੇ ਲਗਾਇਆ ਗਿਆ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।

ਚੰਡੀਗੜ੍ਹ ਵਿੱਚ ਲਗਾਤਾਰ ਅਤੇ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਸੁਖਨਾ ਝੀਲ ਦਾ ਪਾਣੀ ਦਾ ਪੱਧਰ ਇੱਕ ਫੁੱਟ ਵੱਧ ਕੇ 1163 ਫੁੱਟ ਹੋ ਗਿਆ। ਪਾਣੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ, ਪ੍ਰਸ਼ਾਸਨ ਨੇ ਅੱਜ ਫਲੱਡ ਗੇਟ ਖੋਲ੍ਹ ਦਿੱਤੇ। ਸੁਖਨਾ ਚੋਅ ਰਾਹੀਂ ਘੱਗਰ ਨਦੀ ਵਿੱਚ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਜਿਵੇਂ ਹੀ ਪਾਣੀ ਦਾ ਪੱਧਰ 1162 ਫੁੱਟ ਤੱਕ ਘੱਟ ਜਾਵੇਗਾ, ਹੜ੍ਹ ਗੇਟ ਬੰਦ ਕਰ ਦਿੱਤੇ ਜਾਣਗੇ। ਝੀਲ ਦੇ ਰੈਗੂਲੇਟਰ 'ਤੇ ਅਧਿਕਾਰੀਆਂ ਨੂੰ 24 ਘੰਟੇ ਡਿਊਟੀ 'ਤੇ ਲਗਾਇਆ ਗਿਆ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਲਈ ਇੱਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ।
ਪਹਿਲਾਂ 4 ਵਾਰ ਖੋਲ੍ਹੇ ਗਏ ਸਨ ਗੇਟ
ਸੁਖਨਾ ਝੀਲ ਦਾ ਪਾਣੀ ਦਾ ਪੱਧਰ ਇਸ ਤੋਂ ਪਹਿਲਾਂ 3 ਵਾਰ ਖੁੱਲ੍ਹ ਚੁੱਕਾ ਹੈ, ਰੋਜ਼ਾਨਾ ਮੀਂਹ ਪੈਣ ਕਾਰਨ ਪਾਣੀ ਦਾ ਪੱਧਰ ਵੱਧ ਰਿਹਾ ਹੈ, ਜਿਸ ਕਾਰਨ ਹੜ੍ਹ ਵਾਲੇ ਗੇਟ ਖੋਲ੍ਹਣੇ ਪੈਂਦੇ ਹਨ ਅਤੇ ਪੁਲਿਸ ਵੀ ਇਸ ਜਗ੍ਹਾ 'ਤੇ ਨਜ਼ਰ ਰੱਖਦੀ ਹੈ।
ਅਗਲੇ 2 ਦਿਨਾਂ ਲਈ ਮੌਸਮ
18 ਅਗਸਤ - ਮੀਂਹ ਪੈਣ ਦੀ ਸੰਭਾਵਨਾ ਹੈ।
19 ਅਗਸਤ - ਰੁਕ-ਰੁਕ ਕੇ ਹਲਕੀ ਬਾਰਿਸ਼ ਹੋ ਸਕਦੀ ਹੈ।
ਪੰਜਾਬ ਵਿੱਚ ਵੀ ਵਧਿਆ ਹੜ੍ਹਾਂ ਦਾ ਖ਼ਤਰਾ
ਅੱਜ (17 ਅਗਸਤ) ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪਠਾਨਕੋਟ, ਹੁਸ਼ਿਆਰਪੁਰ ਤੇ ਰੂਪਨਗਰ ਜ਼ਿਲ੍ਹਿਆਂ ਲਈ ਪੀਲਾ ਅਲਰਟ ਜਾਰੀ ਕੀਤਾ ਹੈ, ਜਿੱਥੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ਵਿੱਚ ਭਾਰੀ ਮੀਂਹ ਕਾਰਨ ਰਾਵੀ ਵਿੱਚ 1 ਲੱਖ 50 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਕਾਰਨ ਰਾਵੀ ਹੜ੍ਹਾਂ ਦੀ ਲਪੇਟ ਵਿੱਚ ਹੈ ਤੇ ਪਠਾਨਕੋਟ ਦਾ ਭੋਆ ਖੇਤਰ ਹੜ੍ਹ ਦੀ ਲਪੇਟ ਵਿੱਚ ਆ ਗਿਆ। ਸਰਹੱਦੀ ਚੌਕੀਆਂ ਪਾਣੀ ਵਿੱਚ ਡੁੱਬ ਗਈਆਂ ਹਨ।
ਹਿਮਾਚਲ ਵਿੱਚ ਮੀਂਹ ਕਾਰਨ ਹੁਸ਼ਿਆਰਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ ਅਤੇ ਫਾਜ਼ਿਲਕਾ ਜ਼ਿਲ੍ਹੇ ਵੀ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਪ੍ਰਸ਼ਾਸਨ ਨੇ ਚੌਕਸੀ ਵਰਤੀ ਹੈ ਤੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਦੂਜੇ ਪਾਸੇ, ਹਰੀਕੇ ਬਿਆਸ ਤੇ ਸਤਲੁਜ ਦਾ ਸੰਗਮ ਹੈ। ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਪੱਟੀ ਖੇਤਰ ਦੇ ਰਾਮ ਸਿੰਘ ਵਾਲਾ ਪਿੰਡ ਨੇੜੇ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟ ਗਿਆ। ਪ੍ਰਸ਼ਾਸਨ ਇਸਨੂੰ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ।






















