(Source: ECI/ABP News/ABP Majha)
Punjab News: ਪੁਲਿਸ ਮੁਲਾਜ਼ਮਾਂ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ, 20 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਕੀਤੀ ਮੰਗ
Punjab News: ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਵੀਡੀਓ ਵੀ ਬਣਾਈ। ਇਸ ਵਿੱਚ ਉਸ ਨੇ ਪੁਲਿਸ ਮੁਲਾਜ਼ਮਾਂ ਸੁਰਜੀਤ ਸਿੰਘ ਅਤੇ ਹੁਸਨਪ੍ਰੀਤ ਸਿੰਘ ਦੇ ਨਾਂ ਲੈਂਦਿਆਂ ਉਨ੍ਹਾਂ ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਾਏ ਹਨ।
Chandigarh News: ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੀ ਛੱਜੂਮਾਜਰਾ ਕਲੋਨੀ ਦੇ ਨੌਜਵਾਨ ਤੇਗ ਬਹਾਦਰ ਸਿੰਘ (19) ਦੇ ਖੁਦਕੁਸ਼ੀ ਮਾਮਲੇ ਵਿੱਚ ਪੁਲਿਸ ਨੇ ਸੰਨੀ ਐਨਕਲੇਵ ਪੁਲਿਸ ਚੌਕੀ ਵਿੱਚ ਤਾਇਨਾਤ ਏਐਸਆਈ ਸੁਰਜੀਤ ਸਿੰਘ ਅਤੇ ਕਾਂਸਟੇਬਲ ਹੁਸਨਪ੍ਰੀਤ ਸਿੰਘ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ਼ ਕੀਤਾ ਹੈ। ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਮ੍ਰਿਤਕ ਤੇਗ ਬਹਾਦਰ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਨੇ ਦੋ ਦਿਨਾਂ ਦੇ ਅੰਦਰ ਦੋਵੇਂ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਹਾਈਵੇਅ ’ਤੇ ਧਰਨਾ ਦੇਣਗੇ। ਇਸੇ ਦੌਰਾਨ ਸ਼ਨੀਵਾਰ ਨੂੰ ਖਰੜ ਦੇ ਸਰਕਾਰੀ ਹਸਪਤਾਲ ਵਿੱਚ ਤੇਗ ਬਹਾਦਰ ਸਿੰਘ ਦਾ ਪੋਸਟਮਾਰਟਮ ਕੀਤਾ ਗਿਆ।
ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਅਤੇ ਕਈ ਪਰਿਵਾਰਕ ਮੈਂਬਰ ਮੁਰਦਾਘਰ ਦੇ ਬਾਹਰ ਮੌਜੂਦ ਸਨ। ਪਿਤਾ ਸਰਬਜੀਤ ਸਿੰਘ ਇਸ ਗੱਲ 'ਤੇ ਅੜੇ ਹੋਏ ਸਨ ਕਿ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਉਦੋਂ ਹੀ ਕਰਨਗੇ, ਜਦੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ’ਤੇ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਮਝਾਇਆ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਏਐਸਆਈ ਸੁਰਜੀਤ ਸਿੰਘ ਅਤੇ ਕਾਂਸਟੇਬਲ ਹੁਸਨਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਅਗਲੇ ਦੋ-ਤਿੰਨ ਦਿਨਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀਆਂ ਦੇ ਇਸ ਭਰੋਸੇ ’ਤੇ ਪਰਿਵਾਰਕ ਮੈਂਬਰਾਂ ਨੇ ਬਾਅਦ ਦੁਪਹਿਰ ਤੇਗ ਬਹਾਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ 19 ਸਾਲਾ ਤੇਗ ਬਹਾਦਰ ਸਿੰਘ ਜੋ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ, ਨੂੰ ਏਐਸਆਈ ਸੁਰਜੀਤ ਸਿੰਘ ਅਤੇ ਕਾਂਸਟੇਬਲ ਹੁਸਨਪ੍ਰੀਤ ਸਿੰਘ ਨੇ ਮੋਟਰਸਾਈਕਲ ’ਤੇ ਜਾਂਦੇ ਸਮੇਂ ਰੋਕ ਲਿਆ ਅਤੇ ਉਸ ਦੇ ਦਸਤਾਵੇਜ਼ ਦਿਖਾਉਣ ਲਈ ਕਿਹਾ। ਜਦੋਂ ਉਸ ਨੇ ਆਰਸੀ ਦਿਖਾਈ ਤਾਂ ਸੁਰਜੀਤ ਸਿੰਘ ਨੇ ਆਰਸੀ ਨੂੰ ਜਾਅਲੀ ਦੱਸਦਿਆਂ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਵਿੱਚ ਫਸਾ ਕੇ ਜੇਲ੍ਹ ਭੇਜ ਦੇਵੇਗਾ, ਨਹੀਂ ਤਾਂ ਉਹ ਉਸ ਨੂੰ 20 ਹਜ਼ਾਰ ਰੁਪਏ ਦੇ ਦੇਵੇ।
ਇਸ ਤੋਂ ਬਾਅਦ ਉਕਤ ਨੌਜਵਾਨ ਨੇ ਕਿਸੇ ਤਰ੍ਹਾਂ ਦੋ ਹਜ਼ਾਰ ਰੁਪਏ ਦਾ ਇੰਤਜ਼ਾਮ ਕਰਕੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਦੇ ਦਿੱਤਾ ਅਤੇ ਅਗਲੇ ਦਿਨ ਉਹ ਆਪਣੇ ਦੋਸਤ ਦੇ ਪਿਤਾ ਨੂੰ ਨਾਲ ਲੈ ਕੇ ਮੋਟਰਸਾਈਕਲ ਦੀ ਅਸਲੀ ਆਰਸੀ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਦਿਖਾਈ ਪਰ ਉਕਤ ਮੁਲਾਜ਼ਮ ਸਿਰਫ 20 ਹਜ਼ਾਰ ਰੁਪਏ ਲੈਣ 'ਤੇ ਅੜੇ ਰਹੇ। ਉਹ ਇੰਨੀ ਵੱਡੀ ਰਕਮ ਅਦਾ ਕਰਨ ਦਾ ਪ੍ਰਬੰਧ ਨਹੀਂ ਕਰ ਸਕਿਆ ਅਤੇ ਤਣਾਅ ਵਿੱਚ ਆ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: Viral Video: ਫੋਨ 'ਤੇ ਗੱਲ ਕਰ ਰਹੀ ਔਰਤ ਦੀ ਸਕਰਟ ਨੂੰ ਵਿਅਕਤੀ ਨੇ ਸ਼ਰੇਆਮ ਲਾਈ ਅੱਗ, ਹੋਸ਼ ਉੱਡਾ ਦੇਵੇਗੀ ਇਹ ਵੀਡੀਓ
ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਵੀਡੀਓ ਵੀ ਬਣਾਈ। ਇਸ ਵਿੱਚ ਉਸ ਨੇ ਪੁਲਿਸ ਮੁਲਾਜ਼ਮਾਂ ਸੁਰਜੀਤ ਸਿੰਘ ਅਤੇ ਹੁਸਨਪ੍ਰੀਤ ਸਿੰਘ ਦੇ ਨਾਂ ਲੈਂਦਿਆਂ ਉਨ੍ਹਾਂ ’ਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਲਾਏ ਹਨ। ਖੁਦਕੁਸ਼ੀ ਕਰਨ ਤੋਂ ਪਹਿਲਾਂ ਮ੍ਰਿਤਕ ਨੇ ਪੰਜਾਬੀ ਵਿੱਚ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ ਜੋ ਉਸਦੇ ਕਮਰੇ ਵਿੱਚ ਰੱਖੀ ਇੱਕ ਕਾਪੀ ਵਿੱਚੋਂ ਮਿਲਿਆ ਸੀ। ਮ੍ਰਿਤਕ ਤੇਗ ਬਹਾਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਇਹ ਵੀ ਪੜ੍ਹੋ: Viral Video: ਸ਼ਰੇਆਮ 'ਜਾਨਵਰਾਂ ਦੀ ਬਲੀ' ਦਿੰਦੇ ਨਜ਼ਰ ਆਇਆ ਆਦਮੀ, ਔਰਤ ਨੇ ਰੋਕਿਆ ਤਾਂ ਉਸ ਨੂੰ ਹੀ ਦਿੱਤੀ ਧਮਕੀ, ਸਾਹਮਣੇ ਆਈ ਵੀਡੀਓ