Chandigarh News: ਯੂਥ ਅਕਾਲੀ ਦਲ ਦਾ ਚੰਡੀਗੜ੍ਹ 'ਚ ਜ਼ਬਰਦਸਤ ਪ੍ਰਦਰਸ਼ਨ, ਪਰ ਮੰਗਾਂ ਸੁਣਨ ਨਹੀਂ ਪੁੱਜਿਆ ਕੋਈ ਸਰਕਾਰੀ ਨੁਮਾਇੰਦਾ, ਆਖ਼ਰ ਪੁਲਿਸ ਨੂੰ ਹੀ ਸੌਂਪਿਆ ਮੰਗ ਪੱਤਰ
ਅਕਾਲੀ ਆਗੂ ਅਤੇ ਵਰਕਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧੇ ਤਾਂ ਪੁਲਿਸ ਮੁਲਾਜ਼ਮਾਂ ਨਾਲ ਮਾਮੂਲੀ ਝੜਪ ਵੀ ਹੋਈ। ਪੁਲਿਸ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਪਰ ਇਸ ਦੌਰਾਨ ਅਕਾਲੀ ਦਲ ਦਲ ਦੇ ਆਗੂ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਰਹੇ
Chandigarh News: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ। ਅਕਾਲੀ ਦਲ ਦੇ ਯੂਥ ਆਗੂਆਂ ਤੇ ਵਰਕਰਾਂ ਨੇ ਇਕੱਠੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ। ਅਕਾਲੀ ਦਲ ਵੱਲੋਂ ਇਹ ਪ੍ਰਦਰਸ਼ਨ ਦੁਪਹਿਰ ਤੱਕ ਜਾਰੀ ਰੱਖਿਆ ਗਿਆ ਪਰ ਇਸ ਮੌਕੇ ਕੋਈ ਵੀ ਸਰਕਾਰੀ ਨੁਮਾਇੰਦਾ ਮੌਕੇ ’ਤੇ ਨਹੀਂ ਪੁੱਜਿਆ।
ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਨੌਜਵਾਨ ਆਗੂਆਂ ਤੋਂ ਮੰਗ ਪੱਤਰ ਲਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੱਕ ਪਹੁੰਚਾਉਣ ਦਾ ਭਰੋਸਾ ਦੇ ਕੇ ਵਾਪਸ ਕਰ ਦਿੱਤਾ। ਉਧਰ, ਅਕਾਲੀ ਦਲ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਪੁਲੀਸ ਨੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਮੰਗ ਪੱਤਰ ਨਾ ਸੌਂਪਿਆ ਤਾਂ ਵੱਡੇ ਪੱਧਰ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਨਵੀਂ ਬਣੀ ਹੈ, ਪਰ ਪੰਜਾਬ ਕਾਂਗਰਸ ਪੁਰਾਣੀ ਪਾਰਟੀ ਹੈ, ਇਸ ਲਈ ਉਨ੍ਹਾਂ ਨੂੰ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਜ਼ੋਰਦਾਰ ਅਪੀਲ ਕਰਨੀ ਚਾਹੀਦੀ ਹੈ। ਜਦੋਂ ਅਕਾਲੀ ਆਗੂ ਅਤੇ ਵਰਕਰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧੇ ਤਾਂ ਪੁਲਿਸ ਮੁਲਾਜ਼ਮਾਂ ਨਾਲ ਮਾਮੂਲੀ ਝੜਪ ਵੀ ਹੋਈ। ਪੁਲਿਸ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਪਰ ਇਸ ਦੌਰਾਨ ਅਕਾਲੀ ਦਲ ਦਲ ਦੇ ਆਗੂ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦੇ ਰਹੇ।
ਇਸ ਮੌਕੇ ਯੂਥ ਆਗੂ ਸਰਬਜੀਤ ਸਿੰਘ ਤੇ ਹੋਰਨਾਂ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ, ਪਸ਼ੂਆਂ ਦੀ ਮੌਤ ਲਈ ਇੱਕ ਲੱਖ ਰੁਪਏ, ਮਕਾਨ ਡਿੱਗਣ ਲਈ 5 ਲੱਖ ਰੁਪਏ ਅਤੇ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਦਿੱਤੇ ਜਾਣ। ਅਕਾਲੀ ਯੂਥ ਆਗੂ ਸਰਬਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦੇ ਗਠਜੋੜ ਤੋਂ ਬਾਅਦ ਅਕਾਲੀ ਦਲ ਦੇ ਯੂਥ ਨੇ ਉਨ੍ਹਾਂ ਨੂੰ ਲੱਡੂ ਭੇਜੇ ਹਨ। ਉਨ੍ਹਾਂ ਨੇ ਚੰਡੀਗੜ੍ਹ ਪੁਲਿਸ-ਪ੍ਰਸ਼ਾਸ਼ਨ ਨੂੰ ਲੱਡੂ ਦੇਣ ਲਈ ਕਿਹਾ ਹੈ, ਜੇਕਰ ਲੋੜ ਪਈ ਤਾਂ ਹੋਰ ਲੱਡੂ ਭੇਜੇ ਜਾਣਗੇ।